19 ਸਾਲਾ ਭਾਰਤੀ ਵਿਦਿਆਰਥੀ ਪੈਰ ਤਿਲਕਣ ਕਾਰਨ ਨਿਆਗਰਾ ਨਦੀ ‘ਚ ਡਿੱਗਿਆ

TeamGlobalPunjab
2 Min Read

ਟੋਰਾਂਟੋ: ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਪੜ੍ਹ ਰਿਹਾ 19 ਸਾਲਾ ਭਾਰਤੀ ਵਿਦਿਆਰਥੀ ਸਮੀਰ ਪਟੇਲ ਨਿਆਗਰਾ ਨਦੀ ਵਿਚ ਡੁੱਬ ਗਿਆ। ਮਿਲੀ ਜਾਣਕਾਰੀ ਮੁਤਾਬਕ ਬਰੌਕ ਯੂਨੀਵਰਸਿਟੀ ਦਾ ਵਿਦਿਆਰਥੀ ਸਮੀਰ ਪਟੇਲ ਆਪਣੇ ਸਾਥੀਆਂ ਨਾਲ ਨਿਆਗਰਾ ਨਦੀ ਨੇੜੇ ਤਸਵੀਰਾਂ ਖਿੱਚ ਰਿਹਾ ਸੀ ਤਾਂ ਉਦੋਂ ਅਚਾਨਕ ਪੈਰ ਤਿਲਕਣ ਕਾਰਨ ਉਹ ਨਦੀ ਵਿਚ ਡਿੱਗ ਗਿਆ।

ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਘਟਨਾ ਬੀਤੇ ਸੋਮਵਾਰ ਨੂੰ ਸ਼ਾਮ 7 ਵਜੇ ਦੇ ਲਗਭਗ ਵਾਪਰੀ। ਸਮੀਰ ਅਤੇ ਉਸ ਦੇ ਤਿੰਨ ਦੋਸਤ ਇਕ ਪੱਥਰ ਤੇ ਖੜ੍ਹ ਕੇ ਤਸਵੀਰਾਂ ਖਿੱਚ ਰਹੇ ਸਨ ਅਤੇ ਦੌਰਾਨ ਸਮੀਰ ਦਾ ਉੱਥੋਂ ਪੈਰ ਤਿਲਕ ਗਿਆ ਤੇ ਉਹ ਨਦੀ ‘ਚ ਜਾ ਡਿੱਗਿਆ।

ਨਿਆਗਰਾ ਰੀਜਨਲ ਪੁਲਿਸ ਦੇ ਮੈਰੀਨ ਯੂਨਿਟ, ਨਿਆਗਰਾ ਪਾਰਕਸ ਪੁਲਿਸ, ਨਿਆਗਰਾ ਫਾਲਜ਼ ਫ਼ਾਇਰ ਵਿਭਾਗ, ਕੈਨੇਡੀਅਨ ਕੋਸਟ ਗਾਰਡਜ਼ ਅਤੇ ਅਮਰੀਕੀ ਕੋਸਟ ਗਾਰਡਜ਼ ਵੱਲੋਂ ਸਮੀਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਹਾਲੇ ਸਮੀਰ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ ਪਰ ਉਸਦੇ ਸਾਥੀਆਂ ਨੇ ਫੇਸਬੁਕ ਪੋਸਟ ਰਾਹੀਂ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ।

ਦਸਣਯੋਗ ਹੈ ਕਿ ਸਮੀਰ ਦੇ ਨਦੀ ਵਿਚ ਡਿੱਗਣ ਤੋਂ ਤਿੰਨ ਦਿਨ ਪਹਿਲਾਂ ਵੀ ਇਕ ਵਿਅਕਤੀ ਹਾਈਕਿੰਗ ਦੌਰਾਨ ਨਦੀ ਵਿਚ ਡਿੱਗ ਗਿਆ ਸੀ ਪਰ ਪੁਲਿਸ ਬੋਟ ਨੇ ਉਸ ਨੂੰ ਬਚਾਅ ਲਿਆ। ਸਮੀਰ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ 9056884111 ਐਕਸਟੈਨਸ਼ਨ 2200 ਤੇ ਸੰਪਰਕ ਕਰੇ।

Share this Article
Leave a comment