ਬਰੈਂਪਟਨ : ਗੁਰਦਾਸਪੁਰ ਦੇ ਸੂਰਜਦੀਪ ਸਿੰਘ ਦਾ ਬਰੈਂਪਟਨ ‘ਚ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ 16 ਸਾਲ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨਾਬਾਲਗ ਹੋਣ ਕਾਰਨ ਸ਼ੱਕੀ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ। ਸ਼ੱਕ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਨਾਬਾਲਗ ਬਰੈਂਪਟਨ ਦਾ ਹੀ ਰਹਿਣ ਵਾਲਾ ਹੈ। ਸੂਰਜਦੀਪ ਦੇ ਪਰਿਵਾਰ ਨੇ ਇਲਜ਼ਾਮ ਲਾਏ ਸਨ ਕਿ ਉਹਨਾਂ ਦੇ ਪੁੱਤਰ ਦਾ ਕਤਲ ਲੁੱਟ ਖੋਹ ਦੇ ਇਰਾਦੇ ਨਾਲ ਕੀਤਾ ਗਿਆ ਹੈ।
ਸਾਲ 2017 ਵਿੱਚ ਬਟਾਲਾ ਦਾ ਸੂਰਜਦੀਪ ਸਿੰਘ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ। 13 ਅਗਸਤ ਨੂੰ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਮਗਰੋਂ ਘਰ ਜਾ ਰਿਹਾ ਸੀ। ਰਾਹ ਵਿੱਚ ਕੁਈਨ ਮੈਰੀ ਇਲਾਕੇ ਵਿੱਚ ਉਸ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਸੀ। ਪੁਲਿਸ ਮੁਤਾਬਕ ਸੂਰਜਦੀਪ ਸਿੰਘ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਗੁਰਦਾਸਪੁਰ ਦੇ ਬਟਾਲਾ ਵਿੱਚ ਸੂਰਜਦੀਪ ਸਿੰਘ ਦਾ ਪਰਿਵਾਰ ਪੁੱਤਰ ਦੇ ਕਤਲ ਦਾ ਇਨਸਾਫ ਮੰਗ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸੁਨਹਿਰੀ ਭਵਿੱਖ ਦੇ ਲਈ ਕੈਨੇਡਾ ਆਇਆ ਸੀ। ਪਰ ਕੈਨੇਡਾ ਵਿੱਚ ਉਸ ਨੂੰ ਮੌਤ ਨਸੀਬ ਹੋਈ।
Arrest Made in Homicide Investigation – https://t.co/NtvFKXfCG6
— Peel Regional Police (@PeelPolice) August 14, 2020
ਇਸ ਹੱਤਿਆਕਾਂਡ ਤੋਂ ਬਾਅਦ ਪੀਲ ਰੀਜਨਲ ਪੁਲਸ ਨੇ 16 ਸਾਲ ਦੇ ਨਾਬਾਲਗ ਵਿਰੁੱਧ ਦੂਜੇ ਦਰਜੇ ਦੇ ਹੱਤਿਆ ਦੇ ਦੋਸ਼ ਆਇਦ ਕੀਤੇ ਹਨ। ਇਸ ਮਾਮਲੇ ‘ਚ ਹੋਰ ਕੌਣ ਕੌਣ ਜੁੜਿਆ ਇਸ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।