ਜਲੰਧਰ : ਪੰਜਾਬ ਸਰਕਾਰ ਵੱਲੋਂ ਸੂਬੇ ’ਚ ਚਲਾਈ ਗਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ 1 ਮਾਰਚ ਤੋਂ ਲੈ ਕੇ ਹੁਣ ਤੱਕ 15,495 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਮੁਹਿੰਮ ਦੇ ਪਹਿਲੇ ਤਿੰਨ ਮਹੀਨਿਆਂ ’ਚ ਮਿਲੀ ਸ਼ਾਨਦਾਰ ਸਫਲਤਾ ਤੋਂ ਬਾਅਦ ਪੰਜਾਬ ਪੁਲਿਸ ਨੇ ਸੂਬੇ ’ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਰੋਡਮੈਪ ਤਿਆਰ ਕੀਤਾ ਹੈ। ਇਹ ਪ੍ਰਗਟਾਵਾ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਪੀਏਪੀ ਕੰਪਲੈਕਸ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀਆ ਨਾਲ ਕੀਤੀ ਗਈ ਸਮੀਖਿਆ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡੀਜੀਪੀ ਯਾਦਵ ਨੇ ਕਿਹਾ ਕਿ ਇਸ ਉਦੇਸ਼ ਦੀ ਪ੍ਰਾਪਤੀ ਲਈ ਨਸ਼ਿਆਂ ਦੇ ਨੈੱਟਵਰਕ ਨੂੰ ਨਸ਼ਟ ਕਰਨ ਲਈ ਦੋ-ਪੱਖੀ ਰਣਨੀਤੀ ਅਪਣਾਈ ਜਾ ਰਹੀ ਹੈ। ਇਸ ਵਿਚ ਵੱਡੇ ਨਸ਼ਾ ਸਪਲਾਇਰਾਂ/ਤਸਕਰਾਂ ਨੂੰ ਨਸ਼ਾ ਪੀੜਤਾਂ ਤੋਂ ਵੱਖ ਕੀਤਾ ਜਾ ਰਿਹਾ ਹੈ ਜਿਸ ਤਹਿਤ ਤਸਕਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜਦੋਂਕਿ ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਾਡਾ ਉਦੇਸ਼ ਨਸ਼ੀਲੇ ਪਦਾਰਥਾਂ ਦੇ ਅਸਲ ਡੀਲਰਾਂ ਨੂੰ ਅਲੱਗ ਕਰਕੇ ਅਤੇ ਸਖ਼ਤ ਸਜ਼ਾ ਦੇ ਕੇ ਸਪਲਾਈ ਲੜੀ ਨੂੰ ਤੋੜਨਾ ਹੈ, ਜਦੋਂਕਿ ਨਸ਼ਾ ਪੀੜਤਾਂ ਦੀ ਰਿਕਵਰੀ ਲਈ ਹਮਦਰਦੀ ਭਰਿਆ ਰਵੱਈਆ ਅਪਣਾਉਣਾ ਹੈ।
ਡੀਜੀਪੀ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਸੂਚੀ-ਅਧਾਰਤ ਲਾਗੂ ਕਰਨ ਤੋਂ ਆਪਣਾ ਧਿਆਨ ਸੂਚਨਾ-ਅਧਾਰਤ ਲਾਗੂ ਕਰਨ ਵੱਲ ਕੇਂਦਰਿਤ ਕੀਤਾ ਹੈ ਤਾਂ ਜੋ ਸੇਫ਼ ਪੰਜਾਬ ਚੈਟਬੋਟ ‘ਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ‘ਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਧਿਆਨ ਸੇਫ਼ ਪੰਜਾਬ ਚੈਟਬੋਟ ਨੂੰ ਹੋਰ ਉਤਸ਼ਾਹਿਤ ਕਰਨਾ ਹੈ ਤਾਂ ਜੋ ਜਨਤਾ ਤੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਕਰਕੇ ਨਸ਼ਿਆਂ ਦੀ ਵਿਕਰੀ ਦੇ ਪੱਧਰ ‘ਤੇ ਕਾਰਵਾਈ ਕੀਤੀ ਜਾ ਸਕੇ।
ਨਸ਼ੀਲੇ ਪਦਾਰਥਾਂ ਦੀ ਥੋੜ੍ਹੀ ਮਾਤਰਾ ਨਾਲ ਫੜੇ ਗਏ 1,121 ਨਸ਼ਾ ਪੀੜਤਾਂ ਨਾਲ ਅਪਰਾਧੀਆਂ ਵਾਂਗ ਵਿਵਹਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਐਨਡੀਪੀਐਸ ਐਕਟ ਦੀ ਧਾਰਾ 64-ਏ ਤਹਿਤ ਮੁੜ ਵਸੇਬੇ ਲਈ ਭੇਜਿਆ ਗਿਆ ਹੈ। ਇਸ ਤੋਂ ਇਲਾਵਾ, ਪੁਲਿਸ ਨੇ 5,786 ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਲਈ ਭੇਜਿਆ ਗਿਆ ਹੈ ਅਤੇ ਹੋਰ 6,483 ਨਸ਼ਾ ਪੀੜਤਾਂ ਨੂੰ ਓਓਏਟੀ ਕਲੀਨਿਕਾਂ ਵਿਚ ਇਲਾਜ ਪ੍ਰਾਪਤ ਕਰਨ ਲਈ ਪ੍ਰੇਰਿਆ ਹੈ। ਇਸ ਦੌਰਾਨ ਏਡੀਜੀਪੀ ਏਐੱਨਟੀਐਫ ਨੀਲਾਭ ਕਿਸ਼ੋਰ ਨੇ ਪ੍ਰੈਜੈਂਟੇਸ਼ਨ ਵੀ ਦਿੱਤੀ ਦਿੱਤੀ, ਜਿਸ ਉਪਰੰਤ ਮੀਟਿੰਗ ਦੌਰਾਨ ਸਬੰਧਤ ਸੀਪੀਜ਼/ਐਸਐਸਪੀਜ਼ ਵੱਲੋਂ ਜ਼ਿਲ੍ਹਾ ਪੱਧਰੀ ਅਪਡੇਟਸ ਸਾਂਝੇ ਕੀਤੇ ਗਏ। ਇਸ ਮੌਕੇ ਡੀਜੀਪੀ ਦੇ ਨਾਲ ਸਪੈਸ਼ਲ ਡੀਜੀਪੀ ਅੰਦਰੂਨੀ ਸੁਰੱਖਿਆ ਆਰਐਨ ਢੋਕੇ, ਸਪੈਸ਼ਲ ਡੀਜੀਪੀ ਐਂਟੀ-ਨਾਰਕੋਟਿਕਸ ਫੋਰਸ (ਏਐਨਟੀਐਫ) ਕੁਲਦੀਪ ਸਿੰਘ, ਸਪੈਸ਼ਲ ਡੀਜੀਪੀ ਕਾਨੂੰਨ ਵਿਵਸਥਾ ਅਰਪਿਤ ਸ਼ੁਕਲਾ, ਏਡੀਜੀਪੀ ਏਐਨਟੀਐਫ ਨੀਲਾਭ ਕਿਸ਼ੋਰ ਅਤੇ ਆਈਜੀਪੀ ਹੈੱਡਕੁਆਟਰ ਡਾ. ਸੁਖਚੈਨ ਸਿੰਘ ਗਿੱਲ ਮੌਜੂਦ ਸਨ। ਇਸ ਦੇ ਨਾਲ ਹੀ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐੱਸਐੱਸਪੀਜ਼), ਕਮਿਸ਼ਨਰ ਆਫ ਪੁਲਿਸ (ਸੀਪੀਜ਼), ਅਤੇ ਰੇਂਜ ਆਈਜੀਜ਼/ਡੀਆਈਜੀਜ਼ ਵੀ ਮੌਜੂਦ ਸਨ।