ਕੋਵਿਡ-19: ਪੰਜਾਬ ਦੇ 15000 ਡਰਾਈਵਰਾਂ ਤੇ ਕੰਡਕਟਰਾਂ ਦੀ ਨੌਕਰੀ ਖੁੱਸੀ

TeamGlobalPunjab
3 Min Read

-ਅਵਤਾਰ ਸਿੰਘ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 82 ਲੱਖ ਤੋਂ ਵੱਧ ਕੇਸ ਤੇ 4.45 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ। ਪੰਜਾਬ ਵਿੱਚ 3497 ਕੇਸ ਸਾਹਮਣੇ ਆਏ, 881 ਐਕਟਿਵ ਹਨ। ਬੀਜਿੰਗ ਵਿੱਚ ਨਵੇਂ ਕੇਸ ਮਿਲਣ ਤੋਂ ਬਾਅਦ ਆਵਾਜਾਈ ਬੰਦ ਹੋ ਗਈ ਹੈ। ਪੰਜਾਬ ਵਿੱਚ ਵੀ ਪ੍ਰਾਈਵੇਟ ਟਰਾਂਸਪੋਰਟ ਬੰਦ ਹੋਣ ਨਾਲ ਇਸ ਨਾਲ ਜੁੜਿਆ ਸਟਾਫ ਆਰਥਿਕ ਪੱਖੋਂ ਬੁਰੀ ਤਰ੍ਹਾਂ ਨਪੀੜਿਆ ਜਾ ਰਿਹਾ ਹੈ। ਕੋਰੋਨਾਵਾਇਰਸ ਦੇ ਪ੍ਰਕੋਪ ਕਾਰਨ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਲੋਕਾਂ ਦੇ ਰੁਜ਼ਗਾਰ ਖੁਸ ਰਹੇ ਹਨ।

ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਪ੍ਰਾਈਵੇਟ ਟਰਾਂਸਪੋਰਟ ਦਾ ਚੱਕਾ ਜਾਮ ਹੋਣ ਤੋਂ ਬਾਅਦ ਮੁੜ ਲੀਹ ‘ਤੇ ਆਉਂਦਾ ਨਜ਼ਰ ਨਹੀਂ ਆ ਰਿਹਾ ਹੈ, ਇਸ ਦੌਰਾਨ 15000 ਡ੍ਰਾਈਵਰ ਤੇ ਕੰਡਕਟਰ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਬੈਠੇ ਹਨ। ਉਹ ਪਰਿਵਾਰਾਂ ਨੂੰ ਪਾਲਣ ਲਈ ਆਤੁਰ ਹੋ ਰਹੇ ਹਨ। ਉਨ੍ਹਾਂ ਨੂੰ ਰੋਜ਼ੀ ਰੋਟੀ ਦਾ ਫਿਕਰ ਸਤਾ ਰਿਹਾ ਹੈ। ਪਰ ਕੋਈ ਬਾਂਹ ਫੜਨ ਵਾਲਾ ਨਜ਼ਰ ਨਹੀਂ ਆ ਰਿਹਾ।

ਪ੍ਰਾਈਵੇਟ ਟਰਾਂਸਪੋਰਟਰ ਜਿਨ੍ਹਾਂ ਕੋਲ 7,000 ਤੋਂ ਵੱਧ ਬੱਸਾਂ ਹਨ, ਨੂੰ ਸਰਕਾਰ ਵਲੋਂ ਉਨ੍ਹਾਂ ਨੂੰ ਅਧੀਆਂ ਭਰ ਕੇ ਚਲਾਉਣ ਦੀ ਮਨਜੂਰੀ ਮਿਲ ਰਹੀ ਜਿਹੜਾ ਕਿ ਘਾਟੇ ਵਾਲਾ ਸੌਦਾ ਹੈ। ਬੱਸ ਮਾਲਕਾਂ ਦਾ ਕਹਿਣਾ ਹੈ ਕਿ ਸੋਸ਼ਲ ਡਿਸਟੈਂਸ ਦੀ ਸ਼ਰਤ ਨੂੰ ਧਿਆਨ ਵਿੱਚ ਰੱਖਦਿਆਂ 50 ਫ਼ੀਸਦ ਸੀਟਾਂ ਖਾਲੀ ਰੱਖ ਕੇ ਬੱਸਾਂ ਚਲਾਉਣੀਆਂ ਬਹੁਤ ਨੁਕਸਾਨ ਵਾਲਾ ਕੰਮ ਹੈ। ਬੱਸਾਂ ਦੀ ਰਿਪੇਅਰ, ਡੀਜ਼ਲ, ਡਰਾਈਵਰ ਕੰਡਕਟਰਾਂ ਦੀਆਂ ਤਨਖਾਹਾਂ ਆਦਿ ਖਰਚੇ ਪੂਰੇ ਨਹੀਂ ਹੋ ਸਕਦੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਹ ਬਿਜ਼ਨਸ ਇਕ ਤਰ੍ਹਾਂ ਨਾਲ ਖਤਮ ਹੋਣ ਕਿਨਾਰੇ ਪੁੱਜ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਹ ਵਿੱਚ ਸਵਾਰੀ ਚੁੱਕਣ ਦੀ ਮਨਾਹੀ ਹੈ।

ਰਿਪੋਰਟਾਂ ਮੁਤਾਬਿਕ ਪੰਜਾਬ ਦੇ ਕਾਂਗਰਸ ਨਾਲ ਸੰਬੰਧਤ ਸਾਬਕਾ ਮੰਤਰੀ ਅਤੇ ਪੰਜਾਬ ਪ੍ਰਾਈਵੇਟ ਬੱਸ ਅਪਰੇਟਰਜ਼ ਦੇ ਪ੍ਰਧਾਨ ਅਵਤਾਰ ਹੈਨਰੀ ਦਾ ਕਹਿਣਾ ਹੈ ਕਿ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ 60 ਸਵਾਰੀਆਂ ਵਾਲੀ ਬੱਸ ਵਿੱਚ ਕੇਵਲ ਅਧੀਆਂ ਸਵਾਰੀਆਂ ਯਾਨੀ 30 ਬਿਠਾਉਣ ਦੀ ਇਜਾਜ਼ਤ ਹੈ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਰਾਹ ਵਿੱਚੋਂ ਸਵਾਰੀ ਨਹੀਂ ਬਿਠਾਈ ਜਾ ਸਕਦੀ।

ਇਸੇ ਤਰ੍ਹਾਂ ਇਕ ਬੱਸ ਡਰਾਈਵਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਲਕ ਨੇ ਇਕ ਤਿਹਾਈ ਬੱਸਾਂ ਚਲਾਉਣੀਆਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਵਿਚ ਸਾਰੇ ਡਰਾਈਵਰਾਂ ਨੂੰ ਵਾਰੀ ਵਾਰੀ ਬੁਲਾਇਆ ਜਾਂਦਾ ਹੈ। ਤਿੰਨ ਦਿਨ ਜਾਣ ਤੋਂ ਬਾਅਦ ਉਸ ਨੂੰ 400 ਪ੍ਰਤੀ ਦਿਨ ਦੇ ਹਿਸਾਬ ਨਾਲ ਪੈਸੇ ਮਿਲਦੇ ਹਨ। ਉਹ ਨੌਕਰੀ ਤੋਂ ਬਾਅਦ ਦਿਹਾੜੀ ‘ਤੇ ਆ ਗਏ ਹਨ।

ਪੰਜਾਬ ਸਰਕਾਰ ਦੀ ਟਰਾਂਸਪੋਰਟ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਪਨਬੱਸ ਦਾ ਪਹੀਆ ਥੋੜ੍ਹਾ ਥੋੜ੍ਹਾ ਲੀਹ ‘ਤੇ ਲਿਆਂਦਾ ਗਿਆ ਹੈ ਅਤੇ ਸਟਾਫ ਦੀਆਂ ਲੌਕਡਾਊਨ ਸਮੇਂ ਦੀਆਂ ਰੁਕੀਆਂ ਤਨਖਾਹਾਂ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਦੇ ਹੋਰ ਪ੍ਰਾਈਵੇਟ ਅਦਾਰਿਆਂ ਦੇ ਮੁਲਾਜ਼ਮਾਂ ਦਾ ਹਾਲ ਵੀ ਆਰਥਿਕ ਪੱਖੋਂ ਖਸਤਾ ਹੋ ਚੁੱਕਾ ਹੈ।

Share This Article
Leave a Comment