Home / ਪੰਜਾਬ / ਕੋਵਿਡ-19 ਦੀ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਲਈ 15 ਹੋਰ ਟਰੂਨਾਟ ਮਸ਼ੀਨਾਂ ਦੀ ਖਰੀਦ ਕੀਤੀ: ਬਲਬੀਰ ਸਿੱਧੂ

ਕੋਵਿਡ-19 ਦੀ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਲਈ 15 ਹੋਰ ਟਰੂਨਾਟ ਮਸ਼ੀਨਾਂ ਦੀ ਖਰੀਦ ਕੀਤੀ: ਬਲਬੀਰ ਸਿੱਧੂ

ਚੰਡੀਗੜ੍ਹ: ਕੋਵਿਡ -19 ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੰਜਾਬ ਨੇ ਕਰੋਨਾਵਾਇਰਸ ਦੇ ਲੱਛਣਾਂ ਦਾ ਜਲਦੀ ਪਤਾ ਲਗਾਉਣ ਅਤੇ ਟੈਸਟਿੰਗ ਲਈ ਨਵੀਨ ਢੰਗ-ਤਰੀਕਿਆਂ ਦੀ ਵਰਤੋਂ ਦੀ ਪਹਿਲ ਕੀਤੀ ਹੈ।ਸੂਬਾ ਸਰਕਾਰ ਨੇ ਟੈਸਟਿੰਗ ਲਈ 15 ਹੋਰ ਟਰੂਨਾਟ ਮਸ਼ੀਨਾਂ ਖਰੀਦੀਆਂ ਹਨ ਤਾਂ ਜੋ ਮਰੀਜ਼ਾਂ ਦਾ ਜਲਦ ਪਤਾ ਲਗਾ ਕੇ, ਟੈਸਟਿੰਗ ਕਰਕੇ ਅਤੇ ਉਨ੍ਹਾਂ ਨੂੰ ਕੁਆਰੰਨਟਾਈਨ ਕਰਕੇ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਹੁਣ ਸਰਕਾਰੀ ਹਸਪਤਾਲਾਂ ਵਿੱਚ ਕੁੱਲ 30 ਮਸ਼ੀਨਾਂ ਕਾਰਜਸ਼ੀਲ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੰਘ ਸਿੱਧੂ ਨੇ ਦੱਸਿਆ ਕਿ ਟਰੂਨਾਟ ਮਸ਼ੀਨਾਂ ਜ਼ਰੀਏ ਟੈਸਟਿੰਗ ਲਈ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ। ਕਰੋਨਾ ਜੰਗ ਦੇ ਯੋਧਿਆਂ ਵਿੱਚ ਸ਼ੱਕੀ ਮਰੀਜ਼ਾਂ ਜਿਵੇਂ ਸਿਹਤ ਸੰਭਾਲ ਕਰਮਚਾਰੀਆਂ / ਡਾਕਟਰਾਂ / ਪੁਲਿਸ / ਪਸ਼ਾਸਨਿਕ ਅਧਿਕਾਰੀਆਂ, ਗਰਭਵਤੀ ਮਹਿਲਾਵਾਂ, ਐਸ.ਏ.ਆਰ.ਆਈ. ਮਰੀਜ਼ਾਂ ਅਤੇ ਐਮਰਜੈਂਸੀ ਸਰਜਰੀ ਦੇ ਮਰੀਜ਼ਾਂ ਨੂੰ ਸੂਬੇ ਵਿਚ ਟਰੂਨਾਟ ਟੈਸਟਿੰਗ ਲਈ ਤਰਜੀਹ ਦਿੱਤੀ ਜਾਏਗੀ।

ਮੰਤਰੀ ਨੇ ਦੱਸਿਆ ਕਿ ਸੂਬੇ ਕੋਲ 15, ਦੋ ਚੈਨਲ ਵਾਲੀਆਂ ਅਤੇ 15, ਚਾਰ ਚੈਨਲ ਵਾਲੀਆਂ ਮਸ਼ੀਨਾਂ ਹਨ।ਇਹ ਮਸ਼ੀਨਾਂ ਸਰਕਾਰੀ ਹਸਪਤਾਲਾਂ ਵਿੱਚ ਕਾਰਜਸ਼ੀਲ ਹਨ ਅਤੇ ਰੋਜ਼ਾਨਾ ਟੈਸਟ ਕੀਤੇ ਜਾ ਰਹੇ ਹਨ।ਇਨ੍ਹਾਂ ਮਸ਼ੀਨਾਂ ਜ਼ਰੀਏ ਟੈਸਟਿੰਗ ਦੇ ਨਤੀਜੇ ਆਉਣ ਵਿੱਚ ਘੱਟ ਸਮਾਂ ਲੱਗਦਾ ਹੈ।ਉਦਾਹਰਣ ਵਜੋਂ 4 ਚੈਨਲ ਵਾਲੀਆਂ ਮਸ਼ੀਨਾਂ ਵਿੱਚ, ਇੱਕ ਸਮੇਂ 4 ਟੈਸਟ ਕੀਤੇ ਜਾ ਸਕਦੇ ਹਨ ਅਤੇ ਡੇਢ ਘੰਟੇ ਦੇ ਸਮੇਂ ਅੰਦਰ 4 ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਐਸ.ਏ.ਐਸ.ਨਗਰ ਅਤੇ ਜਲੰਧਰ ਜ਼ਿਲ੍ਹੇ ਨੂੰ ਸਰਕਾਰੀ ਹਸਪਤਾਲ ਵਿੱਚ 2-2 ਮਸ਼ੀਨਾਂ, ਲੁਧਿਆਣਾ ਜ਼ਿਲ੍ਹੇ ਨੂੰ 3 ਅਤੇ ਬਾਕੀ ਜ਼ਿਲ੍ਹਿਆਂ ਨੂੰ ਇੱਕ-ਇੱਕ ਮਸ਼ੀਨ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਨੂੰ ਵੀ ਇੱਕ-ਇੱਕ ਮਸ਼ੀਨ ਦਿੱਤੀ ਗਈ ਹੈ।

ਸ. ਸਿੱਧੂ ਨੇ ਦੱਸਿਆ ਕਿ 28 ਜੁਲਾਈ 2020 ਤੱਕ ਸੂਬੇ ਵਿੱਚ ਟਰੂਨਾਟ ਮਸ਼ੀਨਾਂ ਨਾਲ ਤਕਰੀਬਨ 4167 ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 264 ਦੀ ਰਿਪੋਰਟ ਪਾਜ਼ੇਟਿਵ ਆਈ ਹੈ।ਉਨ੍ਹਾਂ ਕਿਹਾ ਕਿ ਪ੍ਰਾਈਵੇਟ ਨਰਸਿੰਗ ਹੋਮ / ਹਸਪਤਾਲ ਵਿੱਚ ਦਾਖਲ ਮਰੀਜ਼, ਜਿਨ੍ਹਾਂ ਨੂੰ ਤੁਰੰਤ ਟੈਸਟ ਦੀ ਲੋੜ ਹੁੰਦੀ ਹੈ, ਨੂੰ ਵੀ ਟਰੂਨਾਟ ਟੈਸਟਿੰਗ ਲਈ ਸਰਕਾਰੀ ਹਸਪਤਾਲਾਂ ਵਿੱਚ ਭੇਜਿਆ ਜਾ ਸਕਦਾ ਹੈ ਜਿੱਥੇ ਇਹ ਟੈਸਟ 1500 ਰੁਪਏ ਪ੍ਰਤੀ ਟੈਸਟ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਹੁਣ ਤੱਕ, ਨਿੱਜੀ ਸਿਹਤ ਸੰਸਥਾਵਾਂ ਵੱਲੋਂ ਭੇਜੇ ਗਏ 119 ਨਮੂਨਿਆਂ ਦੀ ਜਾਂਚ ਟਰੂਨਾਟ ਮਸ਼ੀਨਾਂ ਦੀ ਵਰਤੋਂ ਨਾਲ ਕੀਤੀ ਗਈ ਹੈ।

Check Also

ਵੱਡੇ ਕਾਫਲੇ ਨਾਲ ਚੰਡੀਗੜ੍ਹ ਪਹੁੰਚੇ ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ: ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਵੱਡੇ ਕਾਫ਼ਲੇ ਨਾਲ ਚੰਡੀਗੜ੍ਹ ਬਾਰਡਰ ‘ਤੇ …

Leave a Reply

Your email address will not be published. Required fields are marked *