ਨਕਲੀ ਸ਼ਰਾਬ ਫੈਕਟਰੀ ਮਾਮਲਾ: ਕੈਪਟਨ-ਬਾਦਲ ਰਲ ਕੇ ਦੋਸ਼ੀਆਂ ਨੂੰ ਬਚਾਉਣ ਲਈ ਕਰ ਰਹੇ ਹਨ ਯਤਨ- ਕੁਲਤਾਰ ਸੰਧਵਾਂ

TeamGlobalPunjab
3 Min Read

ਚੰਡੀਗੜ੍ਹ : ਬਾਦਲ ਪਿੰਡ ਵਿੱਚੋਂ ਫੜੀ ਨਕਲੀ ਸ਼ਰਾਬ ਫੈਕਟਰੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਆਮ ਆਦਮੀ ਪਾਰਟੀ ਵੱਲੋਂ ਲੰਬੀ ਥਾਣੇ ਸਾਹਮਣੇ ਦਿੱਤੇ ਧਰਨੇ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਕਮੇਟੀ (ਐਸਆਈਟੀ) ਕੇਵਲ ਸੂਬੇ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹੈ। ਇਹ ਪ੍ਰਗਟਾਵਾ ਕਰਦਿਆਂ ਆਪ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੰਗ ਹੈ ਕਿ ਇਸ ਕੇਸ ਦੀ ਜਾਂਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ ਤਾਂ ਜੋ ਮਾਮਲੇ ਦੀ ਤਹਿ ਤੱਕ ਪਹੁੰਚ ਕੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੈਪਟਨ ਸਰਕਾਰ ਨੇ ਨਸ਼ੇ ਦੇ ਮਾਮਲੇ ਵਿਚ ਅਨੇਕਾਂ ਕਮੇਟੀਆਂ ਦਾ ਗਠਨ ਕੀਤਾ ਹੈ, ਪ੍ਰੰਤੂ ਇਨਾਂ ਦਾ ਨਤੀਜਾ ਹਮੇਸ਼ਾਂ ਸਿਫ਼ਰ ਹੀ ਨਿਕਲਿਆ ਹੈ।

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਵਿਚ ਨਕਲੀ ਸ਼ਰਾਬ ਦਾ ਮਸਲਾ ਬਹੁਤ ਗੰਭੀਰ ਮੁੱਦਾ ਹੈ ਅਤੇ ਇਹ ਸਿਆਸੀ ਸ਼ਹਿ ਤੋਂ ਬਿਨਾਂ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ‘ਤੇ ਪੰਜਾਬ ਵਿਚ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ ,ਪ੍ਰੰਤੂ ਸਰਕਾਰ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਇਨ੍ਹਾਂ ਮਾਮਲਿਆਂ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ।

ਸੰਧਵਾਂ ਨੇ ਕਿਹਾ ਕਿ ਨਕਲੀ ਸ਼ਰਾਬ ਪੀਣ ਨਾਲ ਮਾਝਾ ਖੇਤਰ ਵਿੱਚ ਕਰੀਬ 120 ਲੋਕਾਂ ਦੀ ਮੌਤ ਹੋ ਗਈ ਸੀ, ਪ੍ਰੰਤੂ ਅੱਜ ਵੀ ਉਸ ਮਾਮਲੇ ਵਿੱਚ ਕਿਸੇ ਕਥਿਤ ਦੋਸੀ ਦੀ ਨਾ ਤਾਂ ਗ੍ਰਿਫਤਾਰੀ ਹੋਈ ਹੈ ਅਤੇ ਨਾ ਹੀ ਇਨ੍ਹਾਂ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਵਾਲੇ ਕਿਸੇ ਵੀ ਸਿਆਸੀ ਆਗੂ ਖਲਿਾਫ ਕੋਈ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜੱਦੀ ਜ਼ਿਲੇ ਪਟਿਆਲਾ ਵਿਚ ਵੀ ਰਾਜਪੁਰਾ ਅਤੇ ਘਨੌਰ ਖੇਤਰ ਵਿਚ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ। ਲੇਕਿਨ ਆਮ ਲੋਕਾਂ ਅਤੇ ਆਮ ਆਦਮੀ ਪਾਰਟੀ ਵੱਲੋਂ ਆਵਾਜ਼ ਚੁੱਕਣ ਦੇ ਬਾਵਜੂਦ ਵੀ ਸਰਕਾਰ ਇਨਾਂ ਕੇਸਾਂ ਵਿੱਚ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ।

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮੰਗ ਕੀਤੀ ਕਿ ਇਸ ਕੇਸ ਵਿੱਚ ਸ਼ਾਮਲ ਵੱਡੇ ਨਾਮਾਂ ਜਿਨ੍ਹਾਂ ਦੇ ਬਾਦਲਾਂ ਨਾਲ ਸਿੱਧੇ ਸਬੰਧ ਹਨ ਨੂੰ ਵੀ ਕੇਸ ਦੀ ਕਾਰਵਾਈ ‘ਚ ਸ਼ਾਮਲ ਕੀਤਾ ਜਾਵੇ ਤਾਂ ਜੋ ਅਸਲ ਮਾਅਨਿਆਂ ਵਿੱਚ ਇਨਸਾਫ਼ ਹੋ ਸਕੇ। ਉਨ੍ਹਾਂ ਕਿਹਾ ਕਿ ਸਾਰੇ ਲੋਕ ਜਾਣਦੇ ਹਨ ਕਿ ਇਸ ਸ਼ਰਾਬ ਫੈਕਟਰੀ ਵਾਲੀ ਜ਼ਮੀਨ ਦੇ ਮਾਲਕ ਬਾਦਲ ਪਰਿਵਾਰ ਦੇ ਕਰੀਬੀ ਹਨ, ਪ੍ਰੰਤੂ ਅਜੇ ਤੱਕ ਪੁਲੀਸ ਨੇ ਨਾ ਤਾਂ ਉਨ੍ਹਾਂ ਦਾ ਨਾਮ ਐਫ.ਆਈ.ਆਰ ਵਿੱਚ ਦਰਜ ਕੀਤਾ ਹੈ ਤੇ ਨਾ ਹੀ ਉਸ ਜ਼ਮੀਨ ਦੀ ਫ਼ਰਦ ਕੱਢ ਕੇ ਕੇਸ ਦੇ ਨਾਲ ਨੱਥੀ ਕੀਤੀ ਹੈ। ਸੰਧਵਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਬਾਦਲਾਂ ਦੇ ਮਾਮਲਿਆਂ ਵਾਂਗ ਇਸ ਮਾਮਲੇ ਵਿਚ ਵੀ ਨਕਲੀ ਐੱਸ.ਆਈ.ਟੀ ਬਣਾ ਕੇ ਮਾਮਲੇ ਨੂੰ ਰਫਾ ਦਫਾ ਕਰਨ ਦਾ ਯਤਨ ਨਾ ਕਰੇ। ਜੇਕਰ ਸਰਕਾਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਦੀ ਤਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਉੱਤੇ ਸਰਕਾਰ ਦਾ ਘਿਰਾਓ ਕਰੇਗੀ।

- Advertisement -

Share this Article
Leave a comment