ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧ ਕੇ 58 ਤਕ ਪੁੱਜ ਗਈ ਹੈ ਤੇ ਹੁਣ ਤੱਕ 5 ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ 10 ਹੋਰ ਕੇਸ ਸਾਹਮਣੇ ਆਏ ਹਨ।
ਹਾਲਾਂਕਿ ਸਰਕਾਰ ਵੱਲੋਂ ਸ਼ਾਮ ਪੰਜ ਵਜੇ ਜਾਰੀ ਬੁਲੇਟਿਨ ‘ਚ ਨਵੇਂ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ ਪੰਜ ਹੀ ਸੀ। ਇਨ੍ਹਾਂ ‘ਚ ਦੋ ਅੰਮ੍ਰਿਤਸਰ, ਦੋ ਮੋਹਾਲੀ ਤੇ ਇਕ ਲੁਧਿਆਣਾ ‘ਚ ਰਿਪੋਰਟ ਕੀਤਾ ਗਿਆ ਹੈ। ਮੋਹਾਲੀ ‘ਚ ਸਾਹਮਣੇ ਆਏ ਦੋਵੇਂ ਵਿਅਕਤੀ ਦਿੱਲੀ ਦੇ ਨਿਜ਼ਾਮੁੱਦੀਨ ‘ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਪਰਤੇ ਹਨ।
ਉੱਥੇ, ਸ਼ਾਮ ਪੰਜ ਵਜੇ ਤੋਂ ਬਾਅਦ ਤਿੰਨ ਹੋਰ ਜ਼ਿਲ੍ਹਿਆਂ ਤੋਂ ਸਿਵਲ ਸਰਜਨਾਂ ਨੇ ਪੰਜ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ। ਇਨ੍ਹਾਂ ‘ਚ ਤਿੰਨ ਮਾਮਲੇ ਮਾਨਸਾ, ਇਕ ਰੂਪਨਗਰ ਤੇ ਇਕ ਅੰਮ੍ਰਿਤਸਰ ‘ਚ ਰਿਪੋਰਟ ਕੀਤਾ ਗਿਆ। ਮਾਨਸਾ ਦੇ ਤਿੰਨੋਂ ਪੌਜ਼ਿਟਿਵ ਜਮਾਤੀ ਹਨ।
ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੌਜ਼ਿਟਿਵ ਆਈ ਹੈ। ਉਹ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ‘ਚ ਪਹਿਲਾਂ ਤੋਂ ਹੀ ਦਾਖਲ ਸੀ। ਸਿਹਤ ਵਿਭਾਗ ਨੇ ਪਿੰਡ ਸੀਲ ਕਰ ਕੇ ਮਰੀਜ਼ ਦੇ ਪਰਿਵਾਰਕ ਮੈਬਰਾਂ ਅਤੇ ਨੇੜਲੇ ਸਬੰਧੀਆਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਹੈ।