ਅਮਰੀਕਾ:- ‘ਹੋਮਲੈਸ ਡਿਨਰ’ ਨਾਮਕ ਸੰਸਥਾ ਉਹਨਾਂ ਲੋਕਾਂ ਲਈ ਆਸਰਾ ਬਣ ਚੁੱਕੀ ਹੈ ਜਿੰਨਾਂ ਕੋਲ ਸਿਰ ਢੱਕਣ ਲਈ ਛੱਤ ਵੀ ਨਹੀਂ ਹੈ। ਅਜਿਹੇ ਲੋਕਾਂ ਨੂੰ ਇਹ ਸੰਸਥਾ ਖਾਣਾ ਮੁਹੱਈਆ ਕਰਵਾਉਂਦੀ ਹੈ। ਸੰਸਥਾ ਦੇ ਵੱਲੋਂ ਮਾਨਵਤਾ ਦੀ ਭਲਾਈ ਲਈ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਉਣ ਵਾਲੀ 10 ਮਈ ਦਿਨ ਐਤਵਾਰ ਨੂੰ ਵੀ ਸੰਸਥਾ ਵੱਲੋਂ ਇਹਨਾਂ ਬੇਘਰ ਲੋਕਾਂ ਦੇ ਲਈ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਪਰ ਮੌਜੂਦਾ ਸਮੇਂ ਦੀ ਨਿਜ਼ਾਕਤ ਨੂੰ ਵੇਖਦਿਆਂ ਯਾਨੀਕੇ ਲਾਕਡਊਨ ਦੇ ਚਲਦਿਆਂ ਥੋੜੀ ਬਹੁਤੀ ਦਿਕਤ ਆ ਸਕਦੀ ਹੈ।ਇਸਲਈ ਸੰਸਥਾ ਨੇ ਆਪਣੇ ਵਲੰਟੀਅਰਾਂ ਨੂੰ ਵੀ ਆਗਾਹ ਕਰ ਦਿਤਾ ਹੈ। ਇਸ ਮੌਕੇ ਸੰਸਥਾ ਨੇ ਵਲੰਟੀਅਰਾਂ ਸਮੇਤ ਉਹਨਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ ਆਪਣਾ ਦਸਵੰਧ ਸਮੇਂ-ਸਮੇਂ ਤੇ ਭੇਜਦੇ ਰਹਿੰਦੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਰਾ ਹੀ ਕਾਰਜ ਸੰਗਤ ਦੀ ਸੇਵਾ ਅਤੇ ਵਲੰਟੀਅਰਾਂ ਦੀ ਮਦਦ ਦੇ ਨਾਲ ਬਹੁਤ ਹੀ ਵਧੀਆ ਚੱਲ ਰਿਹਾ ਹੈ। ਕਾਬਿਲੇਗੌਰ ਹੈ ਕਿ ਸੰਸਥਾ ਵੱਲੋਂ ਸੂਪ, ਸਲਾਦ, ਸੈਂਡਵਿਚ ਅਤੇ ਫਰੂਟ ਆਦਿ ਇਹਨਾਂ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ।