ਹੁਣ ਕੈਪਟਨ ਅਮਰਿੰਦਰ ਸਿੰਘ ਦੇ ਕਰੋ ਖੁੱਲ੍ਹੇ ਦਰਸ਼ਨ !

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਣ ਤੁਸੀਂ ਖੁੱਲ੍ਹੇ ਦਰਸ਼ਨ ਕਰ ਸਕਦੇ ਹੋ। ਮੁਹਾਲੀ ਵਾਸੀ ਸਟੈਚੂ ਕਲਾਕਾਰ ਪਰਵਿੰਦਰ ਸਿੰਘ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਸ਼ਾਨਦਾਰ ਬੁੱਤ ਬਣਾ ਦਿੱਤਾ ਹੈ। ਫਾਈਬਰ ਦੇ ਬਣਾਏ ਇਸ ਬੁੱਤ ਵਿੱਚ ਕੇਵਲ ਰੂਹ ਦੀ ਕਮੀ ਹੈ, ਬਾਕੀ ਸਭ ਕੈਪਟਨ ਅਮਰਿੰਦਰ ਸਿੰਘ ਇੰਨ- ਬਿੰਨ ਨਜ਼ਰ ਆਉਂਦੇ ਹਨ।

ਕਲਾਕਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੱਗ, ਦਾੜ੍ਹੀ ਕੋਟ -ਪਤਲੂਨ ਗੁਰਗਾਬੀ ਅਤੇ ਘੜੀ ਅਸਲੀ ਹਨ। ਬਾਕੀ ਸਾਰਾ ਕੰਮ ਫਾਈਬਰ ਨਾਲ ਉਨ੍ਹਾਂ ਕਲਾਕਾਰੀ ਜ਼ਰੀਏ ਬਣਾਇਆ ਹੈ। ਇਸ ਕਲਾਕਾਰੀ ਉੱਤੇ ਉਸ ਦੇ ਤਕਰੀਬਨ ਦੋ ਸਾਲ ਲੱਗੇ ਹਨ।

ਪਰਮਿੰਦਰ ਸਿੰਘ ਇਸ ਸਟੈਚੂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਭੇਟ ਕਰਨਾ ਚਾਹੁੰਦੇ ਹਨ। ਪਰਵਿੰਦਰ ਸਿੰਘ ਨੇ ਦੱਸਿਆ ਕਿ ਸਟੈਚੂ ਬਣਾਉਣ ਨਾਲੋਂ ਇਸ ਦੀ ਸੰਭਾਲ ਕਰਨੀ ਬਹੁਤ ਔਖੀ ਹੈ ਜਿਸ ਕਾਰਨ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਸਵਾਂ ਫ਼ਾਰਮ ਵਿਚ ਵਧੀਆ ਢੰਗ ਨਾਲ ਸਜਾ ਸਕਦੇ ਹਨ ।

- Advertisement -

ਅਸਲ ਵਿੱਚ ਪਰਵਿੰਦਰ ਸਿੰਘ ਨੇ ਮੁਹਾਲੀ ਦੇ ਬਲੌਂਗੀ ਵਿੱਚ ਸ਼ਮਸ਼ਾਨਘਾਟ ਨੇੜੇ ਇਕ ਸਿੱਖ ਅਜਾਇਬਘਰ ਵੀ ਸਥਾਪਿਤ ਕੀਤਾ ਹੋਇਆ ਹੈ। ਜਿਸ ਵਿੱਚ ਸਿੱਖ ਇਤਿਹਾਸ ਦੀਆਂ ਯਾਦਾਂ ਸੰਭਾਲ ਕੇ ਰੱਖੀਆਂ ਹਨ ਅਤੇ ਮੁਗਲ ਹਕੂਮਤ ਵੱਲੋਂ ਸਿੱਖਾਂ ‘ਤੇ ਕੀਤੇ ਜ਼ੁਲਮ ਸਬੰਧੀ ਵੱਖ ਵੱਖ ਸਟੈਚੂ ਬਣਾਏ ਹੋਏ ਹਨ । ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਇੰਨੀ ਮਿਹਨਤ ਕਰਦਾ ਹੈ ਕਿ ਕੁਝ ਕਿਰਤਾਂ ਵੇਚ ਕੇ ਉਨ੍ਹਾਂ ਤੋਂ ਮਿਲਦਾ ਸਾਰਾ ਪੈਸਾ ਸਿੱਖ ਅਜਾਇਬ ਘਰ ‘ਤੇ ਲਗਾ ਦਿੰਦਾ ਹੈ। ਪਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਸ ਨੂੰ ਮੁਹਾਲੀ ਵਿੱਚ ਕੋਈ ਥਾਂ ਅਲਾਟ ਕਰ ਦਿੱਤੀ ਜਾਵੇ ਅਤੇ ਸਰਕਾਰ ਵਿੱਤੀ ਸਹਾਇਤਾ ਵੀ ਦੇ ਦੇਵੇ ਤਾਂ ਉਹ ਇੱਕ ਵਧੀਆ ਅਜਾਇਬਘਰ ਸਥਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨੇਕ ਚੰਦ ਦੀ ਰਾਕ ਗਾਰਡਨ ਬਣਾਉਣ ਵਿੱਚ ਯੂ.ਟੀ. ਪ੍ਰਸ਼ਾਸਨ ਨੇ ਮੱਦਦ ਕੀਤੀ ਸੀ ਉਸੇ ਤਰ੍ਹਾਂ ਐੱਸਜੀਪੀਸੀ ਜਾ ਫਿਰ ਪੰਜਾਬ ਸਰਕਾਰ ਉਸ ਦੀ ਮੱਦਦ ਕਰੇ।

Share this Article
Leave a comment