ਹਾਕਮੋ ਭਾਸ਼ਣ ਨਹੀਂ, ਰਾਸ਼ਨ ਦਿਓ – ਰਾਣਾ ਕਰਨ

TeamGlobalPunjab
2 Min Read

ਬਲਾਚੌਰ (ਅਵਤਾਰ ਸਿੰਘ ) : ਸਮੂਹ ਜਨਤਕ ਜਥੇਬੰਦੀਆਂ ਦੇ ਸੱਦੇ ‘ਤੇ ਸੀਟੁ ਅਤੇ ਕੰਢੀ ਸੰਘਰਸ਼ ਕਮੇਟੀ ਵਲੋਂ ਅੱਜ ਦਰਜਨ ਤੋਂ ਵੱਧ ਪਿੰਡਾਂ ਵਿਚ ਲੋਕਾਂ ਨੇ ਮਕਾਨਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਪੀਪੇ ਖੜਕਾ ਕੇ ਰੋਸ ਦਿਵਸ ਮਨਾਇਆ ਗਿਆ। ਕੰਢੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਰਾਣਾ ਕਰਨ ਸਿੰਘ ਨੇ ਪਿੰਡ ਫਤਹਿਪੁਰ ਵਿਚ ਕਿਹਾ ਕਿ ਸਮੁੱਚੀ ਮਾਨਵਤਾ ਕੋਵਿਡ -19 ਖਿਲਾਫ ਇਕਮੁੱਠਤਾ ਦਾ ਪ੍ਰਗਟਾਵਾ ਕਰਕੇ ਇਸ ਵਿਰੁੱਧ ਭਾਰਤ ਸਰਕਾਰ ਦਾ ਸਾਥ ਦੇ ਕੇ ਜੰਗ ਲੜ ਰਹੀ ਹੈ। ਦੁਨੀਆ ਦੇ ਕਈ ਦੇਸ਼ਾਂ ਨੇ ਆਪਣੇ ਲੋਕਾਂ ਨੂੰ ਆਰਥਿਕ ਪੈਕੇਜ ਦੇਣ ਤੋਂ ਬਾਅਦ ਲੌਕਡਾਊਨ ਦਾ ਐਲਾਨ ਕੀਤਾ ਹੈ। ਭਾਰਤ ਦੇ ਲੋਕਾਂ ਨੇ ਸਰਕਾਰ ਦਾ ਹੁਕਮ ਮੰਨ ਕੇ ਏਕਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਾਸ਼ਣ ਨਹੀਂ ਰਾਸ਼ਨ ਚਾਹੀਦਾ ਹੈ। ਪਿੰਡਾਂ ਦੀਆਂ ਔਰਤਾਂ ਤੇ ਬੱਚਿਆਂ ਨੇ ਮਕਾਨਾਂ ਦੀਆਂ ਛੱਤਾਂ ‘ਤੇ ਪੀਪੇ ਤੇ ਪ੍ਰਾਤਾਂ ਖੜਕਾ ਕੇ ਹਾਕਮਾਂ ਖਿਲਾਫ ਮੁਜਾਹਰਾ ਕੀਤਾ।

ਸ਼੍ਰੀ ਰਾਣਾ ਨੇ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਆ ਕੇ 12 ਘੰਟੇ ਦਿਹਾੜੀ ਕਰਨ ਦੀ ਤਜਵੀਜ਼ ਲੈ ਕੇ ਆ ਰਹੀ ਹੈ ਜੋ ਕਿ ਸਰਾਸਰ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ। ਸਰਕਾਰ ਇਸ ਤਜਵੀਜ਼ ਨੂੰ ਵਾਪਿਸ ਲਵੇ। ਇਸ ਨਾਲ ਬੇਰੁਜ਼ਗਾਰੀ ਵਿਚ ਹੋਰ ਵਾਧਾ ਹੋਵੇਗਾ। ਇਸ ਸੰਕਟ ਦੀ ਘੜੀ ਵਿਚ ਸਰਕਾਰ ਹਰ ਲੋੜਵੰਦ ਦੇ ਘਰ ਤਿੰਨ ਮਹੀਨੇ ਦਾ ਰਾਸ਼ਨ ਪੁੱਜਦਾ ਕਰੇ ਤਾਂ ਕਿ ਇਹ ਪਰਿਵਾਰ ਭੁੱਖਮਰੀ ਤੋਂ ਬਚ ਸਕਣ। ਆਮਦਨ ਕਰ ਸੀਮਾ ਹੇਠ ਨਾ ਆਉਣ ਵਾਲੇ ਪਰਿਵਾਰਾਂ ਨੂੰ 7500 ਰੁਪਏ ਛੇ ਮਹੀਨੇ ਤਕ ਦਿੱਤੇ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਲੌਕਡਾਊਨ ਦੇ ਸਮੇਂ ਕਿਰਤੀਆਂ ਦੀ ਉਜਰਤ ਨਾ ਦੇਣ ਅਤੇ ਗੈਰਕਾਨੂੰਨੀ ਗੇਟਬੰਦੀ ਕਰਨ ਵਾਲੇ ਫੈਕਟਰੀ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਰਾਣਾ ਕਰਨ ਸਿੰਘ ਨੇ ਅੱਗੇ ਕਿਹਾ ਕਿ ਆਪਣੀ ਜਾਨ ਜ਼ੋਖਿਮ ਵਿਚ ਪਾ ਕੇ ਕੋਵਿਡ -19 ਖਿਲਾਫ ਲੜਨ ਵਾਲੇ ਮੈਡੀਕਲ, ਸੁਰੱਖਿਆ ਅਮਲੇ ਅਤੇ ਹੋਰਨਾਂ ਨੂੰ ਆਪਣੀ ਹਿਫਾਜ਼ਤ ਲਈ ਲੋੜੀਂਦਾ ਸਾਮਾਨ ਮੁਹਈਆ ਕਰਵਾਇਆ ਜਾਵੇ। ਇਸ ਮੌਕੇ ਸਵਰਨ ਸਿੰਘ ਨੰਗਲ, ਕਰਨੈਲ ਸਿੰਘ ਭੱਲਾ, ਸੁਖਜਿੰਦਰ ਸਿੰਘ ਰਾਏਪੁਰ, ਦੇਵਰਾਜ, ਸੀਟੁ ਆਗੂ ਜਗਦੀਸ਼ ਰਾਮ ਭੂਰਾ, ਸਤਪਾਲ ਬਨ੍ਹਾ ਅਤੇ ਪਰਮਜੀਤ ਸਿੰਘ ਨੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ।

Share This Article
Leave a Comment