ਸੀ.ਡੀ.ਪੀ.ਓ. ਸੇਵਾਦਾਰ ਸਮੇਤ ਰਿਸ਼ਵਤ ਲੈਂਦੀ ਗ੍ਰਿਫਤਾਰ

TeamGlobalPunjab
4 Min Read

ਪੁਲਿਸ ਵਾਲਾ ਬਣਕੇ ਰਿਸ਼ਵਤ ਲੈਂਦਾ ਕਾਬੂ, ਦੋ ਸਾਥੀ ਭੱਜ ਨਿੱਕਲੇ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਝੂਨੀਰ ਜਿਲਾ ਮਾਨਸਾ ਵਿਖੇ ਤਾਇਨਾਤ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ (ਸੀ.ਡੀ.ਪੀ.ਓ) ਕਿਰਨ ਰਾਣੀ ਅਤੇ ਉਸਦੇ ਸੇਵਾਦਾਰ ਬਲਵਿੰਦਰ ਸਿੰਘ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਕ ਹੋਰ ਕੇਸ ਵਿੱਚ ਪ੍ਰਾਈਵੇਟ ਵਿਅਕਤੀ ਨੂੰ ਇੱਕ ਟ੍ਰੈਵਲ ਏਜੈਂਟ ਕੋਲੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਜੋ ਕਿ ਆਪਣੇ ਆਪ ਨੂੰ ਡੀਐੱਸਪੀ ਲੁਧਿਆਣਾ ਦਾ ਰੀਡਰ (ਏਐੱਸਆਈ) ਦੱਸ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੀ.ਡੀ.ਪੀ.ਓ ਅਤੇ ਸੇਵਾਦਾਰ ਨੂੰ ਸ਼ਿਕਾਇਤਕਰਤਾ ਮਹਿੰਦਰ ਕੌਰ, ਆਂਗਨਵਾੜੀ ਹੈਲਪਰ ਦੀ ਸ਼ਿਕਾਇਤ ‘ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਤਰੱਕੀ ਬਤੌਰ ਆਂਗਨਵਾੜੀ ਹੈਲਪਰ ਵਜੋ ਹੋਈ ਹੈ ਅਤੇ ਉਸ ਨੂੰ ਦਫਤਰ ਵਿਖੇ ਜੁਆਈਨ ਕਰਾਉਣ ਵਿਚ ਮਦਦ ਕਰਨ ਬਦਲੇ ਉਕਤ ਸੀ.ਡੀ.ਪੀ.ਓ ਵਲੋ 30,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 25,000 ਵਿਚ ਤੈਅ ਹੋਇਆ ਹੈ।

ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਸੀ.ਡੀ.ਪੀ.ਓ ਅਤੇ ਸੇਵਾਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ।

- Advertisement -

ਬੁਲਾਰੇ ਨੇ ਦੱਸਿਆ ਕਿ ਰਿਸ਼ਵਤਖੋਰੀ ਦੇ ਇੱਕ ਹੋਰ ਕੇਸ ਵਿੱਚ ਅੱਜ ਜਲੰਧਰ ਤੋਂ ਅਮਨਦੀਪ ਨਾਮੀ ਵਿਅਕਤੀ ਨੂੰ ਸ਼ਿਕਾਇਤਕਰਤਾ ਟ੍ਰੈਵਲ ਏਜੈਂਟ ਕੋਲੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਜੋ ਕਿ ਆਪਣੇ ਆਪ ਨੂੰ ਡੀਐੱਸਪੀ ਲੁਧਿਆਣਾ ਦਾ ਰੀਡਰ (ਏਐੱਸਆਈ) ਦੱਸ ਰਿਹਾ ਸੀ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵੰਤ ਸਿੰਘ ਪਿੰਡ ਗੋਪੀਪੁਰ ਜ਼ਿਲ੍ਹਾ ਕਪੂਰਥਲਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਲੁਧਿਆਣਾ ਵਾਸੀ ਅਮਨਦੀਪ ਉਸ ਤੋਂ ਧਮਕੀਆਂ ਦੇ ਕੇ ਇੱਕ ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਪਰ ਸੌਦਾ 30,000 ਰੁਪਏ ਵਿੱਚ ਤੈਅ ਹੋਇਆ ਹੈ। ਇਸ ਤੋਂ ਪਹਿਲਾਂ ਉਹ 10,000 ਰੁਪਏ ਪਹਿਲੀ ਕਿਸ਼ਤ ਵਜੋਂ ਰਿਸ਼ਵਤ ਦੋਸ਼ੀ ਨੂੰ ਦੇ ਚੁੱਕਾ ਹੈ।

ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਦੋਸ਼ੀ ਅਮਨਦੀਪ ਸਮੇਤ ਦੋ ਹੋਰ ਵਿਅਕਤੀ ਭੁਪਿੰਦਰ ਭਿੰਦਾ ਅਤੇ ਵਿੱਕੀ, ਜੋ ਕਿ ਆਪਣੇ ਆਪ ਨੂੰ ਇਹ ਐੱਸਆਈ ਦੱਸਦੇ ਹਨ ਅਤੇ ਇੱਕ ਮੁਹੱਲਾ ਮੁਖੀ ਬਬਲੂ ਦਿਸ਼ਾਵਰ, ਨੇ ਉਸ ਨੂੰ ਲੁਧਿਆਣਾ ਵਿਖੇ ਬੁਲਾਇਆ ਅਤੇ ਕੁਲਵਿੰਦਰ ਕੌਰ ਵਾਸੀ ਆਲਮਗੀਰ ਲੁਧਿਆਣਾ ਨਾਲ ਇੱਕ ਸਮਝੌਤਾ ਕਰਨ ਲਈ ਜ਼ੋਰ ਪਾਇਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਲਵਿੰਦਰ ਕੌਰ ਨੇ ਉਸ ਨੂੰ ਇੱਕ ਲੱਖ ਰੁਪਏ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਦਿੱਤੇ ਸਨ ਜਿਸ ਦੇ ਬਦਲੇ ਉਸ ਨੇ ਸਮਝੌਤੇ ਵਿੱਚ 25-25 ਹਜ਼ਾਰ ਦੇ ਚਾਰ ਚੈੱਕ ਕੱਟ ਕੇ ਮੌਕੇ ਉਪਰ ਹੀ ਦੇ ਦਿੱਤੇ। ਇਸ ਸਮਝੌਤੇ ਦੇ ਇਵਜ਼ ਵਿੱਚ ਉਕਤ ਜਾਅਲੀ ਪੁਲਸ ਮੁਲਾਜ਼ਮ ਉਸ ਤੋਂ 30,000 ਰੁਪਏ ਦੀ ਰਿਸ਼ਵਤ ਧੱਕੇ ਨਾਲ ਮੰਗ ਰਹੇ ਸਨ। ਉਸ ਦੇ ਘਰ ਵੀ ਉਨਾਂ ਰੇਡ ਮਾਰੀ ਸੀ।

ਵਿਜੀਲੈਂਸ ਬਿਊਰੋ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਟੀਮ ਦਾ ਗਠਨ ਕੀਤਾ ਅਤੇ ਰਾਮਾ ਮੰਡੀ ਜਲੰਧਰ ਵਿਖੇ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 20,000 ਰੁਪਏ ਲੈਣ ਪਹੁੰਚੇ ਦੋਸ਼ੀ ਅਮਨਦੀਪ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਮੌਕੇ ਤੇ ਹੀ ਕਾਬੂ ਕਰ ਲਿਆ ਜਦ ਕਿ ਉਸ ਦੇ ਦੋ ਸਾਥੀ ਖਿਸਕਣ ਵਿਚ ਕਾਮਯਾਬ ਹੋ ਗਏ ਕਿਉਂਕਿ ਉਹ ਦੂਰ ਖੜ੍ਹੇ ਦੋਸ਼ੀ ਦੀ ਉਡੀਕ ਕਰ ਰਹੇ ਸਨ।

ਉਨਾਂ ਦੱਸਿਆ ਕਿ ਇਨ੍ਹਾਂ ਉਕਤ ਦੋਹਾਂ ਕੇਸਾਂ ਵਿੱਚ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਹੇਠ ਵਿਜੀਲੈਂਸ ਦੇ ਪੁਲਸ ਥਾਣਾ ਬਠਿੰਡਾ ਅਤੇ ਜਲੰਧਰ ਵਿਖੇ ਮੁਕੱਦਮੇ ਦਰਜ ਕਰ ਲਏ ਹਨ। ਦੋਹਾਂ ਕੇਸਾਂ ਵਿੱਚ ਹੋਰ ਤਫ਼ਤੀਸ਼ ਜਾਰੀ ਹੈ।

- Advertisement -
Share this Article
Leave a comment