ਡੇਰਾਬੱਸੀ ‘ਚ ਮੀਟ ਪਲਾਂਟ ’ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਚਾਰ ਮਜ਼ਦੂਰਾਂ ਦੀ ਹੋਈ ਮੌਤ

Rajneet Kaur
4 Min Read

ਡੇਰਾਬੱਸੀ :  ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਵਿੱਚ ਫੈਕਟਰੀ ਵਿੱਚ ਟੈਂਕ ਦੀ ਸਫਾਈ ਕਰਦੇ ਸਮੇਂ ਚਾਰ ਵਰਕਰਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।  ਪਿੰਡ ਬੇਹੜਾ ‘ਚ ਸਥਿਤ ਫ਼ੈਡਰਲ ਐਗਰੋ ਇੰਡਸਟਰੀਜ਼ ਨਾਮਕ ਮੀਟ ਪਲਾਂਟ ‘ਚ ਪਸ਼ੂਆਂ ਦੀ ਰਹਿੰਦ-ਖੂੰਹਦ ਨਾਲ ਭਰੇ ਟੈਂਕ ਦੀ ਸਫ਼ਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਕਾਰਖ਼ਾਨੇ ਦੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦੋਂਕਿ ਦੋ ਹੋਰ ਮਜ਼ਦੂਰ ਵੀ ਟੈਂਕ ‘ਚ ਉਤਰ ਗਏ ਸਨ ਪਰ ਉਨ੍ਹਾਂ ਨੂੰ ਬਚਾ ਲਿਆ ਗਿਆ। ਮਰਨ ਵਾਲਿਆਂ ਵਿਚ ਤਿੰਨ ਸਹਾਇਕ ਅਤੇ ਇਕ ਪਲੰਬਰ ਸ਼ਾਮਲ ਹੈ ਜੋ ਉਨ੍ਹਾਂ ਨੂੰ ਬਚਾਉਣ ਲਈ ਆਇਆ ਸੀ। ਜਾਨਵਰਾਂ ਦੀ ਖੱਲ ਤੋਂ ਇਲਾਵਾ ਚਰਬੀ ਨੂੰ ਟੈਂਕ ਵਿਚ ਜਮ੍ਹਾਂ ਕੀਤਾ ਜਾਂਦਾ ਸੀ। ਹਾਲਾਂਕਿ ਫ਼ੈਕਟਰੀ ਪ੍ਰਬੰਧਕਾਂ ਨੇ ਫੈਟ ਸਟੋਰਾਂ ਦੀ ਹੋਂਦ ਤੋਂ ਇਨਕਾਰ ਕੀਤਾ ਹੈ।

ਇਸ ਹਾਦਸੇ ਦੌਰਾਨ ਮਾਰੇ ਗਏ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕਾ ਵਿੱਚ 1 ਬਿਹਾਰ ਅਤੇ 2 ਨੇਪਾਲ ਦੇ ਮਜ਼ਦੂਰ ਹਨ। ਮ੍ਰਿਤਕਾਂ ਦੀ ਪਹਿਚਾਣ ਮਾਣਕ ਪਿੰਡ ਬੇਹੜਾ, ਸ੍ਰੀਧਰ ਪਾਂਡੇ ਵਾਸੀ ਨੇਪਾਲ, ਜਨਕ ਵਾਸੀ ਨੇਪਾਲ ਅਤੇ ਕੁਰਬਾਨ ਵਾਸੀ ਬਿਹਾਰ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਸਿਲ ਜਾਣਕਾਰੀ ਅਨੁਸਾਰ ਬੀਤੇ ਦਿਨ ਇਹ ਹਾਦਸਾ ਸ਼ਾਮ ਕਰੀਬ 4:30 ਵਜੇ ਵਾਪਰਿਆ। ਫ਼ੈਕਟਰੀ ਵਿਚ 12 ਫੁੱਟ ਡੂੰਘਾ, 1 ਮੀਟਰ ਚੌੜਾ ਅਤੇ 2 ਮੀਟਰ ਲੰਬਾ ਜ਼ਮੀਨਦੋਜ਼ ਟੈਂਕ ਹੈ, ਜਿਸ ਵਿਚ ਪ੍ਰਬੰਧਕਾਂ ਅਨੁਸਾਰ ਪਾਣੀ ਅਤੇ ਨਮਕ ਮਿਲਾ ਕੇ ਮਰੇ ਹੋਏ ਪਸ਼ੂਆਂ ਦੀਆਂ ਖਾਲਾਂ ਨੂੰ ਸਟੋਰ ਕੀਤਾ ਜਾਂਦਾ ਹੈ। ਇਸ ਦੀ ਸਫ਼ਾਈ ਦਾ ਠੇਕਾ ਯਮੂ ਉਰਫ਼ ਗਿਆਨ ਬਹਾਦਰ ਨੂੰ ਦਿੱਤਾ ਗਿਆ ਸੀ। ਗਿਆਨ ਬਹਾਦੁਰ ਅਨੁਸਾਰ ਇਸ ਟੈਂਕੀ ਨੂੰ ਕਰੀਬ 6 ਮਹੀਨਿਆਂ ਬਾਅਦ ਪਹਿਲੀ ਵਾਰ ਸਫ਼ਾਈ ਲਈ ਖੋਲ੍ਹਿਆ ਗਿਆ ਹੈ। ਇਸ ਵਿਚ 35 ਸਾਲਾ ਕੁਰਬਾਨ ਪਹਿਲਾਂ ਉਤਰਿਆ ਅਤੇ ਕੱਝ ਹੀ ਸਮੇਂ ਵਿਚ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ 32 ਸਾਲਾ ਜਨਕ ਥਾਪਾ ਵੀ ਬੇਹੋਸ਼ ਹੋ ਗਿਆ। ਦੋਵਾਂ ਨੂੰ ਬੇਹੋਸ਼ ਦੇਖ ਕੇ 27 ਸਾਲਾ ਸ਼੍ਰੀਧਰ ਪਾਂਡੇ ਪੁੱਤਰ ਤੇਗ ਬਹਾਦੁਰ ਪਾਂਡੇ ਵਾਸੀ ਨੇਪਾਲ ਵੀ ਉਤਰਿਆ ਪਰ ਉਹ ਵੀ ਬੇਹੋਸ਼ ਹੋ ਗਿਆ। ਅੰਦਰੋਂ ‘ਬਚਾਉ, ਬਚਾਉ’ ਦੇ ਸ਼ੋਰ ਦੌਰਾਨ ਇਕ ਪਲੰਬਰ 28 ਸਾਲਾ ਮਾਣਕ ਪੁੱਤਰ ਨਾਨਕ ਸਿੰਘ ਵਾਸੀ ਬੇਹੜਾ ਵੀ ਟੈਂਕ ਵਿਚ ਉਤਰਿਆ ਪਰ ਦਮ ਘੁੱਟਣ ਕਾਰਨ ਉਹ ਵੀ ਬੇਹੋਸ਼ ਹੋ ਗਿਆ।

ਇਸ ਦੌਰਾਨ ਠੇਕੇਦਾਰ ਗਿਆਨ ਬਹਾਦਰ ਅਤੇ ਇਲੈਕਟਰੀਸ਼ਨ ਕੁਲਦੀਪ ਨੇ ਵੀ ਮਜ਼ਦੂਰਾਂ ਦੀ ਜਾਨ ਬਚਾਉਣ ਲਈ ਟੈਂਕੀ ਵਿਚ ਉਤਰਨਾ ਸ਼ੁਰੂ ਕਰ ਦਿਤਾ ਪਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਹੋਰ ਲੋਕਾਂ ਨੇ ਸੇਫ਼ਟੀ ਬੈਲਟ ਦੀ ਵਰਤੋਂ ਕਰ ਕੇ ਖਿੱਚ ਲਿਆ। ਜਦੋਂ ਤਕ ਬਾਕੀ ਚਾਰਾਂ ਨੂੰ ਬਾਹਰ ਕਢਿਆ ਗਿਆ, ਚਾਰਾਂ ਦੀ ਮੌਤ ਹੋ ਚੁਕੀ ਸੀ। ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਠੇਕੇਦਾਰ ਅਨੁਸਾਰ ਟੈਂਕੀ ਵਿੱਚ ਪਸ਼ੂਆਂ ਦੀ ਰਹਿੰਦ ਖੂੰਹਦ ਦੇ ਰੂਪ ਵਿਚ ਪਸ਼ੂਆਂ ਦੀ ਚਰਬੀ ਅਤੇ ਖੱਲਾਂ ਮੌਜੂਦ ਸੀ ਅਤੇ 6 ਮਹੀਨਿਆਂ ਮਗਰੋਂ ਪਹਿਲੀ ਵਾਰ ਉਨ੍ਹਾਂ ਟੈਂਕੀ ਨੂੰ ਖੋਲ੍ਹ ਕੇ ਸਫ਼ਾਈ ਕਰਨ ਦਾ ਕੰਮ ਸ਼ੁਰੂ ਕੀਤਾ ਸੀ।

- Advertisement -

ਡੇਰਾਬੱਸੀ ਥਾਣਾ ਇੰਚਾਰਜ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਡੇਰਾਬੱਸੀ ਸਿਵਲ ਹਸਪਤਾਲ ਪਹੁੰਚੇ। ਕੁੱਝ ਲੋਕਾਂ ਦੇ ਬਿਆਨ ਲੈਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ’ਤੇ ਜਾ ਕੇ ਫ਼ੈਕਟਰੀ ਦਾ ਦੌਰਾ ਕੀਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment