ਸਿੱਧੂ ਦੇ ਸਲਾਹਕਾਰਾਂ ‘ਤੇ ਪਰਚਾ ਹੋਵੇ ਦਰਜ: ਮਜੀਠੀਆ

TeamGlobalPunjab
2 Min Read

ਚੰਡੀਗੜ੍ਹ :(ਦਰਸ਼ਨ ਸਿੰਘ ਖੋਖਰ ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ । ਮਜੀਠੀਆ ਨੇ ਸਿੱਧੂ ਦੇ ਸਲਾਹਕਾਰਾਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ।

ਮਜੀਠੀਆ ਨੇ ਚੰਡੀਗਡ਼੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਜੰਮੂ ਕਸ਼ਮੀਰ ਨੂੰ ਵੱਖਰਾ ਦੇਸ਼ ਹੋਣ ਸਬੰਧੀ ਬਿਆਨ ਦੇ ਕੇ ਭਾਰਤ ਵਿਰੋਧੀ ਕਾਰਵਾਈ ਕੀਤੀ ਹੈ। ਜਿਸ ਕਾਰਨ ਉਸ ਉਤੇ ਦੇਸ਼ ਧ੍ਰੋਹ ਦਾ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ‘ਤੇ ਚੁੱਪ ਧਾਰ ਰੱਖੀ ਹੈ ਜਿਸ ਕਾਰਨ ਮਾਲਵਿੰਦਰ ਸਿੰਘ ਮਾਲੀ ਕੌਮਾਂਤਰੀ ਪੱਧਰ ਦੇ ਬਿਆਨ ਵੀ ਦੇਣ ਲੱਗ ਪਏ ਹਨ।

ਮਜੀਠੀਆ ਨੇ ਕਿਹਾ ਕਿ ਮਾਲੀ ਨੇ ਤਾਲਿਬਾਨ ਦੀ ਬਗ਼ਾਵਤ ਨੂੰ ਵੀ ਸਹੀ ਠਹਿਰਾ ਦਿੱਤਾ ਹੈ ਅਤੇ ਕਿਹਾ ਹੈ ਕਿ ਤਾਲਿਬਾਨ ਦੇ ਯੁੱਧ ਤੋਂ ਬਾਅਦ ਏਸ਼ੀਆ ਵਿਚ ਅਮਨ ਸ਼ਾਂਤੀ ਦਾ ਮਾਹੌਲ ਬਣ ਜਾਵੇਗਾ । ਜਦ ਕਿ ਇਹ ਸਭ ਨੂੰ ਪਤਾ ਹੈ ਕਿ ਤਾਲਿਬਾਨ ਭਾਰਤ ਵਿਰੋਧੀ ਤਾਕਤਾਂ ਦੀ ਹਮਾਇਤ ਕਰ ਰਿਹਾ ਹੈ । ਤਾਲਿਬਾਨ ਦੀਆਂ ਜ਼ਿਆਦਤੀਆਂ ਬਾਰੇ ਭਾਰਤ ਪਹੁੰਚੇ ਲੋਕਾਂ ਨੇ ਵੀ ਆਪਣਾ ਇਜ਼ਹਾਰ ਪਰਗਟ ਕੀਤਾ ਹੈ।ਮਜੀਠੀਆ ਨੇ ਕਿਹਾ ਕਿ ਪਾਕਿਸਤਾਨ ਦੇ ਜਨਰਲ ਬਾਜਵਾ ਵਾਲੀ ਬੋਲੀ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਬੋਲਣ ਲੱਗ ਪਏ ਹਨ ਜਿਸ ਤੋਂ ਸਾਫ ਹੈ ਕਿ ਇਹ ਕੰਮ ‘ਠੋਕੋ ਤਾਲੀ’ ਵਾਲਾ ਹੀ ਕਰਵਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਪਾਕਿਸਤਾਨ ਦੇ ਪੱਖ ਵਿੱਚ ਵੀ ਬੋਲ ਰਹੇ ਹਨ ਜੋ ਭਾਰਤ ਵਿਰੋਧੀ ਕਾਰਵਾਈ ਹੈ।

Share this Article
Leave a comment