ਸਿੱਖਿਆ ਮੰਤਰੀ ਸਿੰਗਲਾ ਵੱਲੋਂ ਚਾਰ ਸਰਕਾਰੀ ਸਕੂਲਾਂ ਦਾ ਨਾਮ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਂ ‘ਤੇ ਰੱਖਣ ਦੀ ਪ੍ਰਵਾਨਗੀ

TeamGlobalPunjab
1 Min Read

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਵਿੱਦਿਅਕ ਅਦਾਰਿਆਂ ਦਾ ਨਾਂ ਅਹਿਮ ਸ਼ਖ਼ਸੀਅਤਾਂ ਦੇ ਨਾਮ ‘ਤੇ ਰੱਖਣ ਦੀ ਨੀਤੀ ਤਹਿਤ ਸੂਬੇ ਦੇ ਚਾਰ ਸਕੂਲਾਂ ਨੂੰ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦਾ ਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਇਸ ਕਾਰਜ ਨੂੰ ਅਮਲ ਵਿੱਚ ਲਿਆਉਣ ਲਈ ਪ੍ਰਵਾਨਗੀ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿੰਗਲਾ ਨੇ ਦੱਸਿਆ ਕਿ ਸੂਬੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਕੀਤੇ ਗਏ ਵਿਲੱਖਣ ਕਾਰਜਾਂ, ਉਨ੍ਹਾਂ ਦੀ ਦੇਣ ਨੂੰ ਬਰਕਰਾਰ ਰੱਖਣ ਅਤੇ ਸਮਾਜ ਵਿੱਚ ਬਣਦਾ ਸਤਿਕਾਰ ਦਿਵਾਉਣਾ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਇਹ ਉੱਦਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਸੱਦਾ ਸਿੰਘ ਵਾਲਾ (ਮੋਗਾ) ਦਾ ਨਾਮ ਬਦਲ ਕੇ ਗ਼ਦਰੀ ਬਾਬਾ ਬਿਸ਼ਨ ਸਿੰਘ ਹਿੰਦੀ ਸਰਕਾਰੀ ਹਾਈ ਸਕੂਲ ਸੱਦਾ ਸਿੰਘ ਵਾਲਾ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ, ਅਮਲੋਹ ਰੋਡ ਖੰਨਾ (ਲੁਧਿਆਣਾ) ਦਾ ਨਾਮ ਰਘਬੀਰ ਸਿੰਘ ਫ਼ਰੀਡਮ ਫ਼ਾਈਟਰ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਰੌਲੀ (ਰੂਪਨਗਰ) ਦਾ ਨਾਮ ਸ਼ਹੀਦ ਕੁਲਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਰੌਲੀ ਰੱਖਿਆ ਗਿਆ ਹੈ ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਸੋਢੀਆਂ (ਸੰਗਰੂਰ) ਦਾ ਨਾਮ ਹੌਲਦਾਰ ਬਲਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਸੋਢੀਆਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਟੀਫ਼ਿਕੇਸ਼ਨ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ।

Share this Article
Leave a comment