ਖੇਤੀ ‘ਵਰਸਟੀ ਵਿੱਚ ਕਿਸਾਨ ਮੇਲਿਆਂ ਬਾਰੇ ਦਿੱਤੀ ਜਾਣਕਾਰੀ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਖੇਤੀ ਯੂਨੀਵਰਸਟੀ ਵਲੋਂ ਹਰ ਛਿਮਾਹੀ ਕਰਾਏ ਜਾਂਦੇ ਕਿਸਾਨ ਮੇਲੇ ਕੋਵਿਡ ਮਹਾਂਮਾਰੀ ਕਾਰਨ ਪਿਛਲੇ ਸਾਲ ਤੋਂ ਵਰਚੁਅਲ ਕਰਾਏ ਜਾ ਰਹੇ ਹਨ। ਇਸਦਾ ਉਦੇਸ਼ ਸੰਕਟ ਕਾਲ ਦੌਰਾਨ ਵੀ ਕਿਸਾਨਾਂ ਨੂੰ ਖੇਤੀ ਦੀ ਨਵੀਨਤਮ ਜਾਣਕਾਰੀ ਨਾਲ ਭਰਪੂਰ ਕਰਨਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਨੇ ਕੀਤਾ। ਡਾ ਮਾਹਲ ਅੱਜ ਦੇ ਲਾਈਵ ਵਿਚ ਕਿਸਾਨ ਮੇਲਿਆਂ ਬਾਰੇ ਜਾਣਕਾਰੀ ਲਈ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਨ। ਉਨ੍ਹਾਂ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਵੀ ਮੇਲੇ ਆਨਲਾਈਨ ਕਰਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਕੈਂਪਸ ਦਾ ਦੋ ਰੋਜ਼ਾ ਮੇਲਾ 17 ਅਤੇ 18 ਸਤੰਬਰ ਨੂੰ ਹੋਵੇਗਾ। ਇਸ ਤੋਂ ਇਲਾਵਾ ਖੇਤਰੀ ਕੇਂਦਰਾਂ ਨਾਗ ਕਲਾਂ ਅੰਮ੍ਰਿਤਸਰ, ਬੱਲੋਵਾਲ ਸੌਂਖੜੀ, ਰੌਣੀ ਪਟਿਆਲਾ, ਗੁਰਦਾਸਪੁਰ, ਬਠਿੰਡਾ ਅਤੇ ਫਰੀਦਕੋਟ ਦੇ ਖੇਤਰੀ ਮੇਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਡਾ ਮਾਹਲ ਨੇ ਇਨ੍ਹਾਂ ਮੇਲਿਆਂ ਵਿਚ ਸ਼ਾਮਿਲ ਹੋਣ ਦੀ ਪ੍ਰਕਿਰਿਆ ਤੋਂ ਲੈ ਕੇ ਮੁੱਖ ਆਕਰਸ਼ਣਾਂ ਤਕ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਮਾਹਿਰਾਂ ਨਾਲ ਸੰਪਰਕ ਤੋਂ ਇਲਾਵਾ ਖੇਤੀ ਮਸ਼ੀਨਰੀ ਅਤੇ ਖੇਤੀ ਸਾਹਿਤ ਦੀਆਂ ਪ੍ਰਦਰਸ਼ਨੀਆਂ ਵੀ ਵੇਖੀਆਂ ਜਾ ਸਕਣਗੀਆਂ। ਉਨ੍ਹਾਂ ਪੰਜਾਬ ਤੇ ਆਸ ਪਾਸ ਦੇ ਕਿਸਾਨਾਂ ਨੂੰ ਇਸ ਮੇਲੇ ਨਾਲ ਹੁੰਮ ਹੁੰਮਾ ਕੇ ਜੁੜਨ ਦਾ ਸੱਦਾ ਦਿੱਤਾ।

ਸਹਿਯੋਗੀ ਨਿਰਦੇਸ਼ਕ ਬੀਜ ਡਾ ਰਜਿੰਦਰ ਸਿੰਘ ਨੇ ਕਿਸਾਨ ਮੇਲੇ ਦੌਰਾਨ ਬੀਜਾਂ ਦੀ ਵਿਕਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਹਾੜ੍ਹੀ ਦੀਆਂ ਮੁੱਖ ਫਸਲਾਂ, ਚਾਰਿਆਂ ਅਤੇ ਸਬਜ਼ੀਆਂ ਦੇ ਬੀਜ ਖਰੀਦ ਸਕਣਗੇ। ਆਉਂਦੇ ਹਫਤੇ ਦੇ ਖੇਤੀ ਰੁਝੇਵਿਆਂ ਬਾਰੇ ਸ਼੍ਰੀ ਰਵਿੰਦਰ ਭਲੂਰੀਆ ਅਤੇ ਡਾ ਕੇ ਕੇ ਗਿੱਲ ਨੇ ਜਾਣਕਰੀ ਦਿੱਤੀ।

Share this Article
Leave a comment