ਸਿੰਘੂ ਬਾਰਡਰ ‘ਤੇ ਹੋਏ ਕਤਲ ਨੇ ਲਿਆ ਨਵਾਂ ਮੋੜ, ਨਿਹੰਗ ਆਗੂ ਨੇ ਕਬੂਲੀ ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਦੀ ਗੱਲ

TeamGlobalPunjab
4 Min Read

ਚੰਡੀਗੜ੍ਹ: ਸਿੰਘੂ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੀ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ  ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਹੋਰਾਂ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਇਸ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਸੰਯੁਕਤ ਕਿਸਾਨ ਮੋਰਚੇ ਸਮੇਤ ਦੂਜੇ ਸਿਆਸੀ ਆਗੂਆਂ ਵਲੋਂ ਵੀ ਇਸ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਭਾਜਪਾ ਮੋਰਚੇ ਨੂੰ ਖ਼ਤਮ ਕਰਨ ਲਈ ਹਰ ਤਰ੍ਹਾਂ ਦਾ ਪੈਂਤੜਾ ਅਪਣਾ ਸਕਦੀ ਹੈ। ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਬੇਹੱਦ ਜ਼ਰੂਰੀ ਹੋ ਗਈ ਹੈ।

ਉਨ੍ਹਾਂ ਨੇ  ਇਹ ਦਾਅਵਾ ਵੀ ਕੀਤਾ ਹੈ ਕਿ ਭਾਜਪਾ ਆਗੂ ਨੇ ਉਨ੍ਹਾਂ ਨੂੰ ਦਸ ਲੱਖ ਰੁਪਏ ਤੇ ਘੋੜਿਆਂ ਦੀ ਪੇਸ਼ਕਸ਼ ਕਰ ਕੇ ਸਿੰਘੂ ਬਾਰਡਰ ਧਰਨੇ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਨਿਹੰਗ ਆਗੂ ਬਾਬਾ ਅਮਨ ਨੇ ਇਕ ਇੰਟਰਵਿਊ ਵਿਚ ਕਿਹਾ ‘ਉਨ੍ਹਾਂ ਨੇ ਪੈਸੇ ਨਹੀਂ ਲਏ। ਹਾਲਾਂਕਿ ਪੇਸ਼ਕਸ਼ ਕੀਤੀ ਗਈ ਸੀ। ਉਹ ਆਪਣੀਆਂ ਮੰਗਾਂ ਉਤੇ ਅੜੇ ਰਹੇ ਕਿ ਉਦੋਂ ਹੀ ਧਰਨਾ ਚੁੱਕਾਂਗੇ ਜਦ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣਗੇ, ਐਮਐੱਸਪੀ ਜਾਰੀ ਰੱਖੀ ਜਾਵੇਗੀ, ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਮਿਲੇਗਾ ਤੇ ਸਾਡੇ ਖ਼ਿਲਾਫ਼ ਕੇਸ ਵਾਪਸ ਲਏ ਜਾਣਗੇ।

- Advertisement -

ਦੱਸਣਯੋਗ ਹੈ ਕਿ ਨਿਹੰਗ ਆਗੂ ਤੇ ਭਾਜਪਾ ਦੇ ਮੰਤਰੀਆਂ ਦਰਮਿਆਨ ਹੋਈਆਂ ਮੀਟਿੰਗਾਂ ਬਾਰੇ ਰਿਪੋਰਟ ਛਪਣ ਤੋਂ ਬਾਅਦ ਸਵਾਲਾਂ ਦੀ ਝੜੀ ਲੱਗ ਗਈ ਹੈ, ਸਵਾਲ ਕੀਤਾ ਜਾ ਰਿਹਾ ਹੈ ਕਿ ਇਹ ਮੀਟਿੰਗਾਂ ਕਿਉਂ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸਿੰਘੂ ’ਤੇ ਹੋਏ ਕਤਲ ਤੋਂ ਬਾਅਦ ਚਾਰ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਨਿਹੰਗ ਆਗੂ ਬਾਬਾ ਅਮਨ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਸੀਨੀਅਰ 27 ਅਕਤੂਬਰ ਨੂੰ ਦਿੱਲੀ ਵਿਚ ਬੈਠਕ ਕਰ ਕੇ ਇਹ ਤੈਅ ਕਰਨਗੇ ਕਿ ਕੀ ਉਹ ਧਰਨੇ ਵਾਲੀ ਥਾਂ ਉਤੇ ਟਿਕੇ ਰਹਿਣਗੇ ਜਾਂ ਉੱਥੋਂ ਚਲੇ ਜਾਣਗੇ। ਉਸ ਨੇ ਕਿਹਾ ‘ਜੇ ਸੰਗਤ ਚਾਹੇਗੀ ਤਾਂ ਅਸੀਂ ਚਲੇ ਜਾਵਾਂਗੇ।’ ਬਾਬਾ ਅਮਨ ਨੇ ਕਿਹਾ ਕਿ ਉਹ ਬੇਅਦਬੀ ਕੇਸਾਂ ਵਿਚ ਨਿਆਂ ਲੈਣ ਲਈ ਇਕ ਧਾਰਮਿਕ ਜੰਗ ਲੜ ਰਹੇ ਹਨ ਤੇ ਧਰਨੇ ਉਤੇ ਕਿਸਾਨਾਂ ਲਈ ਨਹੀਂ ਬੈਠੇ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਵਿਚ ਬਾਬਾ ਅਮਨ ਸਿੰਘ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚ ਤਸਵੀਰਾਂ ਵਿਚ ਬਰਖਾਸਤ ਪੁਲਿਸ ਕਰਮਚਾਰੀ ਅਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਜੋ ਕਿ ਕਤਲ ਦਾ ਵੀ ਮੁਲਜ਼ਮ ਹੈ ਵੀ ਇਸ ਮੌਕੇ ਨਜ਼ਰ ਆ ਰਿਹਾ ਹੈ। ਸੂਤਰਾਂ ਮੁਤਾਬਕ ਬਾਬਾ ਅਮਨ ਕੇਂਦਰ ਸਰਕਾਰ ਨਾਲ ਕਿਸਾਨਾਂ ਦੇ ਚੱਲ ਰਹੇ ਟਕਰਾਅ ਨੂੰ ਹੱਲ ਕਰਨ ਲਈ ‘ਪਰਦੇ ਪਿੱਛਿਓਂ ਭੂਮਿਕਾ ਨਿਭਾਉਣ ਵਾਲਿਆਂ’ ਵਿਚ ਸ਼ਾਮਲ ਸੀ।

ਸੋਸ਼ਲ ਮੀਡੀਆ ‘ਤੇ ਕੁੱਲ ਤਿੰਨ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚੋਂ ਇਕ ‘ਚ ਕੇਂਦਰੀ ਮੰਤਰੀ ਨਰੇਂਦਰ ਤੋਮਰ ਨਿਹੰਗ ਬਾਬਾ ਅਮਨ ਸਿੰਘ ਦੇ ‘ਸਿਰੋਪਾ’ ਪਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮੀਟਿੰਗ ਜੁਲਾਈ ਦੇ ਅਖ਼ੀਰ ਵਿਚ ਹੋਈ ਸੀ। ਇਕ ਹੋਰ ਤਸਵੀਰ ਵਿਚ ਬਾਬਾ ਅਮਨ ਸਿੰਘ ਤੇ ਪਿੰਕੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਨਾਲ ਬੈਠ ਕੇ ਲੰਚ ਕਰਦੇ ਨਜ਼ਰ ਆ ਰਹੇ ਹਨ। ਇਸ ਮੌਕੇ ਸੁਨੀਲ ਕੁਮਾਰ ਸਿੰਘ (ਝਾਰਖੰਡ ਤੋਂ ਸੰਸਦ ਮੈਂਬਰ), ਰਾਜਸਥਾਨ ਤੋਂ ਸੌਰਭ ਸਰਸਵਤ (ਕੌਮੀ ਜਨਰਲ ਸਕੱਤਰ, ਭਾਰਤ-ਤਿੱਬਤ ਸੰਘ), ਸੁਖਮਿੰਦਰਪਾਲ ਸਿੰਘ ਗਰੇਵਾਲ (ਕੌਮੀ ਕਿਸਾਨ ਆਗੂ ਭਾਜਪਾ ਤੇ ਸਾਬਕਾ ਕੌਮੀ ਸਕੱਤਰ-ਭਾਜਪਾ ਕਿਸਾਨ ਮੋਰਚਾ) ਵੀ ਹਾਜ਼ਰ ਸਨ। ਗਰੇਵਾਲ ਜੰਮੂ ਤੇ ਕਸ਼ਮੀਰ, ਭਾਰਤ-ਤਿੱਬਤ ਸੰਘ ਦੀਆਂ ਇਕਾਈਆਂ ਨਾਲ ਵੀ ਜੁੜੇ ਹੋਏ ਹਨ।

Share this Article
Leave a comment