-ਦਰਸ਼ਨ ਸਿੰਘ ਖੋਖਰ
ਪੰਜਾਬ ਵਿੱਚ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮ ਸਮਾਪਤ ਹੋਏ ਹਨ। ਇਨ੍ਹਾਂ ਵਿਚ ਸ਼ਮੂਲੀਅਤ ਕਰਨ ਅਤੇ ਸਮਾਗਮ ਕਰਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਨੇ ਆਪਣੀ ਪੂਰੀ ਵਾਹ ਲਗਾਈ ਹੈ।
ਇਸ ਦੇ ਕਾਰਨ ਇਹ ਹਨ ਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਮੰਨ ਕੇ ਚੱਲਦਾ ਹੈ ਪਰ ਬੇਅਦਬੀ ਮਾਮਲਿਆਂ ਕਾਰਨ ਜਦੋਂ ਅਕਾਲੀ ਦਲ ਹਾਦਸੇ ‘ਤੇ ਧੱਕਿਆ ਗਿਆ ਸੀ। ਉਸ ਤੋਂ ਬਾਅਦ ਅਕਾਲੀ ਦਲ ਦਾ ਵਜੂਦ ਖ਼ਤਰੇ ਵਿੱਚ ਪੈ ਗਿਆ ਸੀ। ਇਸ ਖ਼ਤਰੇ ਵਿੱਚੋਂ ਨਿਕਲਣ ਵਾਸਤੇ ਅਕਾਲੀ ਦਲ ਨੂੰ ਧਰਮ ਦਾ ਹੀ ਆਸਰਾ ਸੀ ਜਿਸ ਕਾਰਨ ਇਸ ਆਸਰੇ ਦੀ ਅਕਾਲੀ ਦਲ ਨੇ ਪੂਰੀ ਵਰਤੋਂ ਕਰਨੀ ਚਾਹੀ। ਦੂਜੇ ਪਾਸੇ ਬੇਅਦਬੀ ਮਾਮਲਿਆਂ ਕਾਰਨ ਲੋਕਾਂ ਨੇ ਅਕਾਲੀ ਦਲ ਨੂੰ ਨਕਾਰ ਕੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਸੀ। ਕਾਂਗਰਸ ਨੂੰ ਇਹ ਰਾਜਨੀਤੀ ਬਹੁਤ ਹੀ ਫਿੱਟ ਬੈਠ ਗਈ ਕਿਉਂਕਿ ਇਸ ਰਾਜਨੀਤੀ ਕਾਰਨ ਲੋਕਾਂ ਦੇ ਮਸਲਿਆਂ ਤੋਂ ਧਿਆਨ ਵੀ ਹਟ ਜਾਂਦਾ ਹੈ ਅਤੇ ਵੋਟਾਂ ਵੀ ਪੱਕੀਆਂ ਹੋ ਜਾਂਦੀਆਂ ਹਨ।
ਇਸੇ ਕਾਰਨ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮਾਗਮਾਂ ਨੂੰ ਮਨਾਉਣ ਵਾਸਤੇ ਪੂਰੀ ਕਮਾਨ ਆਪਣੇ ਹੱਥ ਵਿਚ ਰੱਖਣ ਦੀ ਕੋਸ਼ਿਸ਼ ਕੀਤੀ। ਇਹੋ ਕਾਰਨ ਹੈ ਕਿ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਟੇਜਾਂ ਅਲੱਗ ਅਲੱਗ ਲੱਗੀਆਂ। ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ‘ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ‘ ਨੂੰ ਅਕਾਲੀ ਦਲ ਨੇ ਤਾਂ ਪਹਿਲਾਂ ਹੀ ਭੁਲਾਇਆ ਹੋਇਆ ਸੀ ਅਤੇ ਕਾਂਗਰਸ ਨੇ ਵੀ ਭੁਲਾ ਦਿੱਤਾ। ਜਿਸ ਕਾਰਨ ਪੰਜਾਬ ਕਾਂਗਰਸ ਨੇ ਵੀ ਲੋਕਾਂ ਦੀ ਭਲਾਈ ਲਈ ਧਰਮ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ । ਭਾਵੇਂ ਇਹ ਦੋਨੋਂ ਪਾਰਟੀਆਂ ਇਹ ਪ੍ਰਤੱਖ ਨਹੀਂ ਕਰਦੀਆਂ ਕਿ ਉਹ ਧਰਮ ਦਾ ਲਾਹਾ ਲੈਣ ਦੀ ਆੜ ਵਿੱਚ ਹਨ ਪਰ ਰਾਜਨੀਤੀ ‘ਤੇ ਤੇਜ਼ ਤਰਾਰ ਨਿਗ੍ਹਾ ਰੱਖਣ ਵਾਲੇ ਇਹ ਸਮਝਦੇ ਹਨ ਕਿ ਕੈਪਟਨ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਧਰਮ ਦੇ ਮਾਮਲਿਆਂ ਪ੍ਰਤੀ ਵਧੇਰੇ ਹੀ ਉਲਾਰੂ ਹੋ ਗਈ ਹੈ ।
ਸਰਕਾਰਾਂ ਦਾ ਮੁੱਖ ਕੰਮ ਤਾਂ ਇਹ ਹੁੰਦਾ ਹੈ ਕਿ ਚੰਗਾ ਦੇਣਾ, ਬੇਰੁਜ਼ਗਾਰੀ ਖ਼ਤਮ ਕਰਨੀ, ਕਿਸਾਨਾਂ ਮਜ਼ਦੂਰਾਂ ਅਤੇ ਹੋਰ ਵਰਗਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ। ਹੁਣ ਪੰਜਾਬ ਦੀਆਂ ਅਨੇਕਾਂ ਸਮੱਸਿਆਵਾਂ ਦੇ ਬਾਵਜੂਦ ਪੰਜਾਬ ਸਰਕਾਰ ਸਮੱਸਿਆਂ ਦੇ ਹੱਲ ਵਾਸਤੇ ਗੰਭੀਰ ਨਹੀਂ । ਪੰਜਾਬ ਸਰਕਾਰ ਨੇ ਕੀਤੇ ਵਾਅਦੇ ਮੁਤਾਬਿਕ ਨਾ ਹੀ ਬੇਰੁਜ਼ਗਾਰੀ ਦਾ ਖਾਤਮਾ ਕੀਤਾ ਹੈ ਤੇ ਨਾ ਹੀ ਠੇਕਾ ਆਧਾਰਤ ਕਰਮਚਾਰੀਆਂ ਨੂੰ ਪੱਕਾ ਕੀਤਾ ਹੈ। ਜਿਨ੍ਹਾਂ ਨੂੰ ਪੱਕਾ ਵੀ ਕਰ ਦਿੱਤਾ ਗਿਆ ਹੈ ਉਨ੍ਹਾਂ ਨੂੰ ਦੋ ਸਾਲ ਅਜੇ ਹੋਰ ਨਿਗੁਣੀਆਂ ਤਨਖ਼ਾਹਾਂ ‘ਤੇ ਕੰਮ ਕਰਨਾ ਪਵੇਗਾ। ਪੰਜਾਬ ‘ਚ ਨਾ ਹੀ ਨਸ਼ਿਆਂ ਦਾ ਖਾਤਮਾ ਹੋਇਆ ਹੈ ਅਤੇ ਨਾ ਹੀ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਿਆ ਹੈ। ਸਵਾਲ ਇਹ ਹੈ ਕਿ ਅਜਿਹੀਆਂ ਸਮੱਸਿਆਵਾਂ ਦੇ ਬਾਵਜੂਦ ਕੀ ਧਰਮ ਦਾ ਪੱਤਾ ਖੇਡਣਾ ਜ਼ਰੂਰੀ ਹੈ ?