ਸਾਹਿਤ ਵਿਗਿਆਨ ਕੇਂਦਰ ਨੇ ਮਨਾਇਆ ਸਾਲਾਨਾ ਸਮਾਗਮ

TeamGlobalPunjab
2 Min Read

ਮੁਹਾਲੀ: ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ ਦਾ ਸਾਲਾਨਾ ਸਮਾਗਮ ਫੇਜ਼-3 ਸਥਿਤ ਖਾਲਸਾ ਕਾਲਜ ਵਿੱਚ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸਾਹਿਤਕਾਰਾਂ, ਕਲਾ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲੈ ਕੇ ਸਮਾਗਮ ਦੀ ਸ਼ਾਨ ਵਿੱਚ ਵਾਧਾ ਕੀਤਾ। ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਸਾਹਿਤ ਦੀਆਂ ਮਹਾਨ ਹਸਤੀਆਂ ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਨੂੰ ਮੌਨ ਧਾਰ ਕੇ ਸਰਧਾਂਜਲੀ ਭੇਟ ਕੀਤੀ ਗਈ।

 

ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਨੇ ਕੇਂਦਰ ਵਲੋਂ ਕਰਵਾਏ ਸਾਹਿਤਕ ਪ੍ਰੋਗਰਾਮਾਂ ਤੇ ਭਵਿੱਖੀ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਦਰਸ਼ਨ ਤਿਊਣਾ ਨੇ ਧਾਰਮਿਕ ਗੀਤ ਪੇਸ਼ ਕਰਕੇ ਪ੍ਰੋਗਰਾਮ ਸ਼ੁਰੂ ਕੀਤਾ ਕੀਤਾ। ਮਲਕੀਤ ਬਸਰਾ, ਸ਼ਗਨ ਬਖ਼ਸ਼ੀ ਤੇ ਕਲਪਨਾ ਗੁਪਤਾ ਨੇ ਲੋਕ ਗੀਤ ਪੇਸ਼ ਕੀਤਾ।

ਇਸ ਤੋਂ ਬਾਅਦ ਸਨਮਾਨ ਸਮਾਰੋਹ ਵਿੱਚ ਗੁਰਚਰਨ ਸਿੰਘ ਬੋਪਾਰਾਏ, ਸਵਰਨ ਸਿੰਘ, ਕਸ਼ਮੀਰ ਕੌਰ ਸੰਧੂ, ਹਰਮਿੰਦਰ ਸਿੰਘ ਕਾਲੜਾ, ਅਜੀਤ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਮਲਕੀਤ ਕੌਰ ਬਸਰਾ, ਸਤਬੀਰ ਕੌਰ, ਦਵਿੰਦਰ ਕੌਰ ਢਿਲੋਂ ਨੂੰ ਸਾਹਿਤਕ ਸਰਗਰਮੀਆਂ ਲਈ ਯਾਦਗਾਰੀ ਚਿੰਨ੍ਹ ਅਤੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਦੂਜੇ ਸੈਸ਼ਨ ਵਿੱਚ ਦਵਿੰਦਰ ਕੌਰ ਨੇ ਗੀਤ ਘੜਾ ਵੱਜਦਾ ਘੜੋਲੀ ਵੱਜਦੀ, ਗਗਨਦੀਪ ਨੇ ਮਿਰਜ਼ਾ, ਮਨਜੀਤ ਕੌਰ ਮੁਹਾਲੀ, ਬੋਪਾਰਾਏ ਜੋੜੀ, ਬਲਵਿੰਦਰ ਕੌਰ ਢਿੱਲੋਂ, ਨਾਗਰਾ, ਕਰਮਜੀਤ ਬੱਗਾ ਤੇ ਦਰਸ਼ਨ ਤਿਊਣਾ ਨੇ ਦੁੱਲੇ-ਭੱਟੀ ਦੀ ਵਾਰ ਪੇਸ਼ ਕੀਤੀ। ਮਲਕੀਤ ਨਾਗਰਾ ਤੇ ਬਲਵਿੰਦਰ ਢਿਲੋਂ ਨੇ ਕਵੀਸ਼ਰੀ ਦੀ ਸ਼ਾਨਦਾਰ ਵੰਨਗੀ ਪੇਸ਼ ਕੀਤੀ। ਗਗਨਦੀਪ ਗੋਗੀ ਨੇ ਜੱਗਾ, ਦਵਿੰਦਰ ਕੌਰ ਢਿਲੋਂ ਨੇ ਰਾਣੀ ਸੁੰਦਰਾਂ ਦਾ ਪ੍ਰਸੰਗ ਪੇਸ਼ ਕੀਤਾ। ਕਰਮਜੀਤ ਬੱਗਾ ਨੇ ਅਲਗੋਜ਼ਿਆਂ ਨਾਲ ਸਾਥ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਕੇਂਦਰ ਦੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ ਨੇ ਨਿਭਾਈ। ਅਖੀਰ ਵਿੱਚ ਕੇਂਦਰ ਦੇ ਸਰਪ੍ਰਸਤ ਡਾ.ਅਵਤਾਰ ਸਿੰਘ ਪਤੰਗ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸਾਹਿਤਕਾਰਾਂ ਦੀ ਸ਼ਲਾਘਾ ਕੀਤੀ ਤੇ ਸਮਾਗਮ ਵਿੱਚ ਪਹੁੰਚਣ ਲਈ ਸਭ ਦਾ ਧੰਨਵਾਦ ਕੀਤਾ।

Share This Article
Leave a Comment