ਸਰਕਾਰੀ ਗ੍ਰਾਂਟ ਜਾਰੀ ਨਾ ਹੋਣ ਕਾਰਨ ਸਕੂਲਾਂ ਵਿੱਚ ਮਿਡ ਡੇ ਮੀਲ ਪਹੁੰਚਿਆ ਬੰਦ ਹੋਣ ਕਿਨਾਰੇ

TeamGlobalPunjab
3 Min Read

ਚੰਡੀਗੜ੍ਹ :  ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਲੋਕਾਂ ਪ੍ਰਤੀ ਦਿਖਾਏ ਜਾ ਰਹੇ ਹੇਜ ਨੂੰ ਕੇਵਲ ਝੂਠ ਦੀ ਪੰਡ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਤਹਿਤ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਉਣ ਲਈ ਆਉਂਦੀ ਕੁਕਿੰਗ ਕਾਸਟ ਪਿਛਲੇ ਤਿੰਨ ਮਹੀਨਿਆਂ ਤੋਂ ਨਹੀਂ ਆਈ ਹੈ ਅਤੇ ਚੌਥੇ ਮਹੀਨੇ ਵਿੱਚ ਵੀ ਹਾਲੇ ਤਕ ਬਣਦੀ ਰਾਸ਼ੀ ਨਹੀਂ ਪਹੁੰਚੀ ਹੈ ਅਤੇ ਨਾ ਹੀ ਅਨਾਜ ਪਹੁੰਚ ਰਿਹਾ ਹੈ। ਜਿਸ ਕਾਰਨ ਅਧਿਆਪਕ ਆਪਣੇ ਕੋਲੋਂ ਮੁੱਲ ਲੈ ਕੇ ਜਾਂ ਫਿਰ ਉਧਾਰ ਲੈ ਕੇ ਮਿਡ ਡੇ ਮੀਲ ਚਲਾਉਣ ਲਈ ਮਜਬੂਰ ਹੋ ਰਹੇ ਹਨ। ਦੂਜੇ ਪਾਸੇ ਹੁਣ ਦੁਕਾਨਦਾਰ ਵੀ ਸਾਮਾਨ ਉਧਾਰ ਦੇਣ ਤੋਂ ਜਵਾਬ ਦੇਣ ਲੱਗੇ ਹਨ। ਇਸੇ ਤਰ੍ਹਾਂ ਮਿਡ ਡੇਅ ਮੀਲ ਤਹਿਤ ਕੰਮ ਕਰਦੇ ਹਜ਼ਾਰਾਂ ਵਰਕਰਾਂ ਨੂੰ ਵੀ ਪਿਛਲੇ ਤਿੰਨ ਮਹੀਨੇ ਤੋਂ ਮਿਹਨਤਾਨਾ ਨਹੀਂ ਪ੍ਰਾਪਤ ਹੋਇਆ ਹੈ।

ਆਗੂਆਂ ਨੇ ਕਿਹਾ ਕਿ ਜੇਕਰ ਜਲਦ ਹੀ ਕੁਕਿੰਗ ਕੌਸਟ ਅਤੇ ਲੋੜੀਂਦੀ ਮਾਤਰਾ ਵਿੱਚ ਅਨਾਜ ਸਕੂਲਾਂ ‘ਚ ਨਹੀਂ ਪਹੁੰਚਦਾ ਤਾਂ ਅਧਿਆਪਕ ਮਿਡ ਡੇ ਮੀਲ ਬੰਦ ਕਰਨ ਲਈ ਮਜਬੂਰ ਹੋਣਗੇ ਅਤੇ ਜਿਸ ਲਈ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਲਈ ਪੰਜਾਬ ਸਰਕਾਰ ਨੂੰ ਬਿਨਾਂ ਦੇਰੀ ਕੁਕਿੰਗ ਕਾਸਟ ਅਤੇ ਅਨਾਜ ਸਕੂਲਾਂ ਤੱਕ ਪੁੱਜਦਾ ਕਰਨਾ ਚਾਹੀਦਾ ਹੈ।

ਦੂਜੇ ਪਾਸੇ ਮਿਡ ਡੇ ਮੀਲ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਲਖਵਿੰਦਰ ਕੌਰ ਫ਼ਰੀਦਕੋਟ ਅਤੇ ਸੂਬਾਈ ਆਗੂ ਮਮਤਾ ਸ਼ਰਮਾ ਨੇ ਕਿਹਾ ਕਿ ਸਕੂਲਾਂ ਵਿੱਚ ਕੰਮ ਕਰਦੀਆਂ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਸਾਲ ਵਿੱਚ ਬਾਰਾਂ ਦੀ ਥਾਂ ਦਸ ਮਹੀਨੇ ਸਿਰਫ਼ 2200 ਰੁਪਏ ਮਿਹਨਤਾਨਾ ਮਿਲਦਾ ਹੈ ਅਤੇ ਉਹ ਵੀ ਸਰਕਾਰ ਸਮੇਂ ਸਿਰ ਨਹੀਂ ਦਿੰਦੀ। ਤਿਉਹਾਰਾਂ ਦੇ ਦਿਨਾਂ ਵਿੱਚ ਵੀ ਸਮੇਂ ਸਿਰ ਉਨ੍ਹਾਂ ਨੂੰ ਮਾਣ ਭੱਤਾ ਨਹੀਂ ਦਿੱਤਾ ਗਿਆ। ਸਿੱਖਿਆ ਮੰਤਰੀ ਨਾਲ ਹੋਈ ਪਿਛਲੀ ਮੀਟਿੰਗ ਵਿੱਚ ਮਾਣ ਭੱਤੇ ਵਿੱਚ ਵਾਧੇ ਦਾ ਵਾਅਦਾ ਹਾਲੇ ਤੱਕ ਵਫਾ ਨਹੀਂ ਹੋਇਆ। ਆਗੂਆਂ ਨੇ ਕਿਹਾ ਕਿ ਜੇਕਰ ਜਲਦ ਵਰਕਰਾਂ ਦਾ ਬਕਾਇਆ ਅਤੇ ਵਾਧੇ ਸਹਿਤ ਮਿਹਨਤਾਨਾ ਨਹੀਂ ਜਾਰੀ ਕੀਤਾ ਗਿਆ ਤਾਂ ਉਹ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਣਗੇ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਮੀਤ ਪ੍ਰਧਾਨ ਰਾਜੀਵ ਕੁਮਾਰ ਬਰਨਾਲਾ, ਮੀਤ ਪ੍ਰਧਾਨ ਜਗਪਾਲ ਬੰਗੀ, ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਮੀਤ ਪ੍ਰਧਾਨ ਜਸਵਿੰਦਰ ਅੌਜਲਾ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੰਯੁਕਤ ਸਕੱਤਰ ਦਲਜੀਤ ਸਫੀਪੁਰ, ਕੁਲਵਿੰਦਰ ਸਿੰਘ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ, ਜੱਥੇਬੰਦਕ ਸਕੱਤਰ ਰੁਪਿੰਦਰ ਪਾਲ ਗਿੱਲ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਵੀ ਹਾਜ਼ਰ ਸਨ।

- Advertisement -

Share this Article
Leave a comment