ਸਮਾਜਵਾਦੀ ਵਿਚਾਰਧਾਰਾ ਦਾ ਹੋਕਾ ਦੇਣ ਵਾਲਾ ਕਵੀ – ਪ੍ਰੋ ਮੋਹਨ ਸਿੰਘ

TeamGlobalPunjab
4 Min Read

-ਅਵਤਾਰ ਸਿੰਘ;

ਪ੍ਰੋਫੈਸਰ ਕਵੀ ਮੋਹਣ ਸਿੰਘ ਦਾ ਜਨਮ ਜੋਧ ਸਿੰਘ ਦੇ ਘਰ ਪੋਠੋਹਾਰੀ ਪਿੰਡ ਧਮਿਆਲ, ਰਾਵਲਪਿੰਡੀ ਵਿੱਚ ਹੋਇਆ। ਪਿੰਡ ਵਿੱਚੋਂ ਪੰਜਵੀ ਤੇ 1920 ‘ਚ ਦਸਵੀਂ ਰਾਵਲਪਿੰਡੀ ਤੋਂ ਪਾਸ ਕੀਤੀ।

ਪੋਠੋਹਾਰ ਦੀ ਸੁਹਾਵਣੀ ਕੁਦਰਤੀ ਸੁੰਦਰਤਾ ਤੇ ਲੋਕਾਂ ਦੇ ਖੁੱਲੇ ਸੁਭਾਅ ਨੇ ਬਚਪਨ ਵਿੱਚ ਹੀ ਉਸਦੀ ਕਵੀ ਬਿਰਤੀ ਨੂੰ ਜਗਾਇਆ। 1921 ਵਿੱਚ ਪਹਿਲੀ ਪਤਨੀ ਬਸੰਤ ਕੌਰ ਦੀ ਮੌਤ ਨੇ ਉਨ੍ਹਾਂ ਦੇ ਮਨ ‘ਤੇ ਡੂੰਘਾ ਅਸਰ ਕੀਤਾ। ਉਸਨੇ ਆਪ ਨੂੰ ਇੰਜ ਕਿਹਾ, ਮੋਹਣ, ਕਿੰਜ ਬਣਦਾ ਸ਼ਾਇਰ ਜੇ ਮੈਂ ਨਾ ਮਰਦੀ।

1933 ਵਿੱਚ ਫ਼ਾਰਸੀ ਦੀ ਐਮ ਏ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਫ਼ਾਰਸੀ ਦੇ ਲੈਕਚਰਾਰ ਲੱਗ ਗਏ। ਸ਼ਿਮਲੇ ਵਿੱਚ ਹੋਈ ਪੰਜਾਬੀ ਕਾਨਫਰੰਸ ਸਮੇਂ ਉਸ ਵੱਲੋਂ ਪੜੀਆਂ ਕਵਿਤਾਵਾਂ ਨਾਲ ਉਸਦੀ ਪ੍ਰਸਿੱਧੀ ਫੈਲ ਗਈ।

1937 ਵਿੱਚ ਪਹਿਲਾ ਕਾਵਿ ਸੰਗ੍ਰਿਹ ‘ਸਾਵੇ ਪਤਰੇ’ ਸੀ ਜਿਸਨੇ ਉਸਦਾ ਨਾਂ ਹੋਰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ। ਖਾਲਸਾ ਕਾਲਜ ਤੋਂ ਨੌਕਰੀ ਛੱਡ ਕੇ ਲਾਹੌਰ ਆ ਕੇ ‘ਪੰਜ ਦਰਿਆ’ ਸਾਹਿਤਕ ਪੱਤਰ ਸ਼ੁਰੂ ਕੀਤਾ।

1951 ਵਿੱਚ ਖਾਲਸਾ ਕਾਲਜ ਜਲੰਧਰ ਤੇ 1968-70 ਪਟਿਆਲੇ ਵਿੱਚ ਪੜਾਇਆ।1965 ਵਿੱਚ ਭਾਸ਼ਾ ਵਿਭਾਗ ਵੱਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕੁਸੰਭੜਾ, ਅੱਧਵਾਟੇ, ਕੱਚ – ਸੱਚ, ਆਵਾਜਾਂ, ਵੱਡਾ ਵੇਲਾ, ਪੰਜ ਪਾਣੀ ਆਦਿ ਕਾਵਿ ਸੰਗ੍ਰਿਹ ਤੇ ਮਹਾਂ ਕਾਵਿ ਨਨਕਾਇਣ ਲਿਖਿਆ।

1949 ਦੇ ਚੀਨੀ ਇਨਕਲਾਬ ਤੋਂ ਪ੍ਰਭਾਵਿਤ ਹੋ ਕੇ ‘ਸੰਘਰਸ਼’ ਕਾਵਿ ਸੰਗ੍ਰਹਿ ਲਿਖਿਆ। ‘ਆਵਾਜਾਂ’ ਸੰਗ੍ਰਹਿ ਵਿੱਚ ਕਵੀ ਪੂਰਨ ਰੂਪ ਵਿੱਚ ਸਮਾਜਵਾਦੀ ਵਿਚਾਰਧਾਰਾ ਦਾ ਹੋਕਾ ਦਿੰਦਾ ਹੈ।

3 ਮਈ 1977 ਨੂੰ ਉਹ ਸਦਾ ਲਈ ਚਲਾ ਗਿਆ। ਉਸਦੀ ਯਾਦ ਵਿੱਚ ਪ੍ਰਸਿੱਧ ਲੇਖਕ ਜਗਦੇਵ ਸਿੰਘ ਜਸੋਵਾਲ ਵੱਲੋਂ ਸ਼ੁਰੂ ਕੀਤਾ ਮੇਲਾ ਹਰ ਸਾਲ ਲੁਧਿਆਣੇ 20 ਅਕਤੂਬਰ ਨੂੰ ਲਾਇਆ ਜਾਂਦਾ ਹੈ। ਪੇਸ਼ ਹਨ ਪ੍ਰੋ ਮੋਹਨ ਸਿੰਘ ਦੀਆਂ ਕੁਝ ਕਵਿਤਾਵਾਂ :

ਛੱਤੋ ਦੀ ਬੇਰੀ

ਉਹ ਕਿੱਧਰ ਗਏ ਦਿਹਾੜੇ ?
ਜਦ ਛੱਤੋ ਦੇ ਪਿਛਵਾੜੇ,
ਸਾਂ ਬੇਰ ਛੱਤੋ ਦੇ ਢਾਂਹਦੇ,
ਹੱਸ-ਹੱਸ ਕੇ ਗਾਲ੍ਹਾਂ ਖਾਂਦੇ ।

ਕਰ ਲਾਗੇ-ਲਾਗੇ ਸਿਰੀਆਂ,
ਉਹ ਬੇਰੀ ਥੱਲੇ ਬਹਿਣਾ ।
ਥੋੜ੍ਹੀ ਜਿਹੀ ਘੁਰ-ਘੁਰ ਮਗਰੋਂ,
ਫਿਰ ਜਾ ਛੱਤੋ ਨੂੰ ਕਹਿਣਾ :
‘ਛੇਤੀ ਕਰ ਬੇਬੇ ਛੱਤੋ !
ਤੈਨੂੰ ਸੱਦਦੀ ਭੂਆ ਸੱਤੋ ।’
ਉਸ ਜਾਣਾ ਹੌਲੀ ਹੌਲੀ,
ਅਸਾਂ ਕਰ ਕੇ ਫੁਰਤੀ ਛੁਹਲੀ,
ਗਾਲ੍ਹੜ ਵਾਂਗੂੰ ਚੜ੍ਹ ਜਾਣਾ,
ਬੇਰਾਂ ਦਾ ਮੀਂਹ ਵਰ੍ਹਾਣਾ ।
ਆਪੀਂ ਤਾਂ ਚੁਣ-ਚੁਣ ਖਾਣੇ,
ਛੁਹਰਾਂ ਨੂੰ ਦੱਬਕੇ ਲਾਣੇ :
ਬੱਚੂ ਹਰਨਾਮਿਆਂ ਖਾ ਲੈ !
ਸੰਤੂ ਡੱਬਾਂ ਵਿਚ ਪਾ ਲੈ !
ਖਾ ਖੂ ਕੇ ਥੱਲੇ ਲਹਿਣਾ,
ਫਿਰ ਬਣ ਵਰਤਾਵੇ ਬਹਿਣਾ,
ਕੁਝ ਵੰਡ ਕਰਾਈ ਲੈਣੀ,
ਕੁਝ ਕੰਡੇ-ਚੁਭਾਈ ਲੈਣੀ ।
ਫਿਰ ਚੀਕ ਚਿਹਾੜਾ ਪਾਣਾ,
ਉੱਤੋਂ ਛੱਤੋ ਆ ਜਾਣਾ ।
ਉਸ ਝੂਠੀ ਮੂਠੀ ਕੁਟਣਾ,
ਅਸੀਂ ਝੂਠੀ ਮੂਠੀ ਰੋਣਾ ।
ਉਸ ਧੌਣ ਅਸਾਡੀ ਛੱਡਣੀ,
ਅਸਾਂ ਟੱਪ ਕੇ ਪਰ੍ਹੇ ਖਲੋਣਾ ।
ਉਸ ਗਾਲ੍ਹਾਂ ਦੇਣੀਆਂ ਖੱਲ੍ਹ ਕੇ,
ਅਸਾਂ ਗਾਉਣਾ ਅੱਗੋਂ ਰਲ ਕੇ :
ਛੱਤੋ ਮਾਈ ਦੀਆਂ ਗਾਲ੍ਹਾਂ,
ਹਨ ਦੁੱਧ ਤੇ ਘਿਓ ਦੀਆਂ ਨਾਲਾਂ ।

ਅੱਜ ਓਏ ਜੇ ਕੋਈ ਆਖੇ,
ਅਸੀਂ ਹੋਈਏ ਲੋਹੇ ਲਾਖੇ ।
ਅੱਜ ਸਾਨੂੰ ਕੋਈ ਜੇ ਘੂਰੇ,
ਅਸੀਂ ਚੁਕ ਚੁਕ ਪਈਏ ਹੂਰੇ ।
ਗਾਲ੍ਹਾਂ ਰਹੀਆਂ ਇਕ ਪਾਸੇ,
ਅਸੀਂ ਝਲ ਨਾ ਸਕੀਏ ਹਾਸੇ ।
ਗੱਲ ਗੱਲ ‘ਤੇ ਭੱਜੀਏ ਥਾਣੇ,
ਅਸੀਂ ਭੁੱਲ ਬੈਠੇ ‘ਉਹ ਜਾਣੇ ।’
ਉਹ ਕਿੱਧਰ ਗਏ ਦਿਹਾੜੇ ?
ਜਦ ਛੱਤੋ ਦੇ ਪਿਛਵਾੜੇ,
ਸਾਂ ਬੇਰ ਛੱਤੋ ਦੇ ਢਾਂਹਦੇ,
ਹੱਸ-ਹੱਸ ਕੇ ਗਾਲ੍ਹਾਂ ਖਾਂਦੇ ।

***
ਮਾਂ

ਮਾਂ ਵਰਗਾ ਘਣ ਛਾਵਾਂ ਬੂਟਾ,
ਮੈਨੂੰ ਨਜ਼ਰ ਨਾ ਆਏ ।
ਲੈ ਕੇ ਜਿਸ ਤੋਂ ਛਾਂ ਉਧਾਰੀ,
ਰੱਬ ਨੇ ਸੁਰਗ ਬਣਾਏ ।
ਬਾਕੀ ਕੁਲ ਦੁਨੀਆਂ ਦੇ ਬੂਟੇ,
ਜੜ੍ਹ ਸੁਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ,
ਇਹ ਬੂਟਾ ਸੁਕ ਜਾਏ ।

Share This Article
Leave a Comment