ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਧਰਮ ਦੀ ਦੁਨੀਆਂ ਵਿੱਚ ਲਿਆਂਦਾ ਵੱਡਾ ਬਦਲਾਅ

TeamGlobalPunjab
7 Min Read

ਤੇਰਾ ਕੀਆ ਮੀਠਾ ਲਾਗੈ, ਹਰਿ ਨਾਮੁ ਪਦਾਰਥੁ ਨਾਨਕ ਮਾਗੈ॥ 

“ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ, ਮੌਤ ਭੀ ਹਯਾਤ ਹੈ”

        ਸਿੱਖ ਧਰਮ ਵਿੱਚ ਸ਼ਹਾਦਤਾਂ ਦਾ ਮੁੱਢ ਬੰਨਣ ਵਾਲੇ, ਸ਼ਹੀਦਾਂ ਦੇ ਸਿਰਤਾਜ, ਧੀਰਜ ਅਤੇ ਨਿਮਰਤਾ ਦੀ ਮੂਰਤ, ਸ੍ਰੀ ਦਰਬਾਰ ਸਾਹਿਬ ਦੇ ਰਚਨਾਕਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੀ ਸੰਪਾਦਨਾ ਦਾ ਮਹਾਨ ਕਾਰਜ ਕਰਨ ਵਾਲੇ, ਪੰਜਵੇਂ ਨਾਨਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਪਾਵਨ ਮਹਾਨ ਸ਼ਹੀਦੀ ਦਿਹਾੜਾ ਹੈ। ਪੰਜਵੇਂ ਪਾਤਸ਼ਾਹ ਨੇ ਸਿੱਖ ਧਰਮ ਵਿੱਚ ਸ਼ਹਾਦਤ ਦਾ ਅਜਿਹਾ ਮੁੱਢ ਬੰਨਿਆ ਕਿ ਅੱਜ ਸੰਸਾਰ ਅੰਦਰ ਗਿਣਤੀ ਵਿੱਚ ਛੋਟੀ ਜਿਹੀ ਜਾਣੀ ਜਾਂਦੀ ਸਿੱਖ ਕੌਮ ਦੀਆਂ ਸ਼ਹਾਦਤਾਂ ਨੂੰ ਕੋਈ ਗਿਣ ਨਹੀਂ ਸਕਦਾ। ਗੁਰੂ ਜੀ ਦੀ ਸ਼ਹਾਦਤ ਤੋਂ ਸਿੱਖਾਂ ਨੇ ਅਜਿਹੀ ਪ੍ਰੇਰਣਾ ਲਈ ਕਿ ਅੱਜ ਵੀ ਸਿੱਖਾਂ ਵਿੱਚ ਸ਼ਹਾਦਤ ਦਾ ਜਜ਼ਬਾ ਉਸੇ ਤ੍ਹਰਾਂ ਬਰਕਰਾਰ ਹੈ।

- Advertisement -

        ਗੁਰੂ ਸਾਹਿਬ ਦੀ ਸ਼ਹਾਦਤ ਕਿਉਂ ਹੋਈ? ਕੋਈ ਚੰਦੂ ਨੂੰ ਤੇ ਕੋਈ ਗੁਰੂ ਜੀ ਦੇ ਵੱਡੇ ਭਰਾ ਪ੍ਰਿਥੀਚੰਦ ਨੂੰ ਇਸ ਦਾ ਕਾਰਨ ਦਸਦੇ ਹਨ। ਪਰ ਜੇ ਇਤਿਹਾਸ ਨੂੰ ਗੌਰ ਨਾਲ ਵਾਚਿਆ ਜਾਵੇ ਤਾਂ ਗੁਰੂ ਜੀ ਦੀ ਸ਼ਹਾਦਤ ਦੇ ਹੋਰ ਵੀ ਕਈ ਕਾਰਨ ਸਨ। ਵਕਤ ਦਾ ਰਾਜਾ ਜਹਾਂਗੀਰ ਕਟੜਪੰਥੀ ਸੋਚ ਗੁਰੂ ਜੀ ਦਾ ਸ਼ਹਾਦਤ ਵੱਡਾ ਕਾਰਨ ਸੀ ਉਹ ਗੁਰੂ ਜੀ ਦੇ ਕਾਰਜਾਂ ਤੋਂ ਐਨਾ ਭੈਭੀਤ ਹੋ ਗਿਆ ਸੀ ਕਿ ਉਸ ਨੇ ਤਰਸ ਰਹਿਤ ਹੋ ਕੇ ਗੁਰੂ ਜੀ ਨੂੰ ਸ਼ਹੀਦ ਕਰਨ ਦੇ ਵਹਿਸ਼ੀ ਹੁਕਮ ਜਾਰੀ ਕੀਤੇ। ਆਉ ਇਤਿਹਾਸ ਦੇ ਝਰੋਖੇ ਵਿੱਚੋਂ ਸੰਖੇਪ ਵਿੱਚ ਜਾਨਣ ਦਾ ਯਤਨ ਕਰਦੇ ਹਾਂ।

        ਇਤਿਹਾਸਕ ਹਵਾਲਿਆ ਅਨੁਸਾਰ ਇਸਲਾਮਿਕ ਕੱਟੜਪੰਥੀਆਂ ਨੇ ਜਹਾਂਗੀਰ ਦੇ ਮਨ ਵਿਚ ਇਹ ਗੱਲ ਪਾ ਦਿੱਤੀ ਸੀ ਕਿ ਅਕਬਰ ਦੇ ਸਮੇਂ ਇਸਲਾਮ ਨੂੰ ਵੱਡੀ ਢਾਹ ਲੱਗੀ ਹੈ ਜਿਸ ਨਾਲ ਹਕੂਮਤ ਕਮਜ਼ੋਰ ਹੋਈ ਹੈ। ਇਸਲਾਮ ਦੀ ਬਿਹਤਰੀ ਤੇ ਹਕੂਮਤ ਦੀ ਮਜ਼ਬੂਤੀ ਤਾਹੀਓਂ ਸੰਭਵ ਹੈ, ਜੇ ਇਸਲਾਮ ਦੇ ਕੱਟੜਪੰਥੀ ਤਬਕੇ ਦੀਆਂ ਨੀਤੀਆਂ ਨੂੰ ਲਾਗੂ ਕੀਤਾ ਜਾਵੇ। ਨਤੀਜਾ ਇਹ ਹੋਇਆ ਕਿ ਜਹਾਂਗੀਰ ਨੇ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਹਰ ਗੈਰ ਇਸਲਾਮਿਕ ਧਰਮ ਨੂੰ ਖਤਮ ਕਰਨ ਦੀ ਮੁਹਿੰਮ ਵਿਡ ਦਿੱਤੀ।

        ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੁਚੇ ਜੀਵਨ ’ਤੇ ਝਾਤ ਮਾਰੀਏ ਤਾਂ ਆਪ ਨੇ ਪਹਿਲਾ ਵੱਡਾ ਕਾਰਜ ਸ੍ਰੀ ਹਰਿਮੰਦਰ ਸਹਿਬ ਦੀ ਉਸਾਰੀ ਤੇ ਦੂਸਰਾ ਆਦਿ ਗ੍ਰੰਥ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ। ਇਸ ਨਾਲ ਨਾਲ ਆਪ ਨੇ ਤੀਸਰਾ ਨਿਵੇਕਲਾ ਤੇ ਮੌਲਿਕ ਕਾਰਜ ਆਦਿ ਗ੍ਰੰਥ ਦੇ ਪਾਵਨ ਸਰੂਪ ਦਾ ਪ੍ਰਕਾਸ਼ 1604 ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰਵਾਇਆ।ਇਨ੍ਹਾਂ ਵੱਡੇ ਕਾਰਜਾਂ ਤੋਂ ਕੇਵਲ ਦੋ ਸਾਲ ਬਾਅਦ ਸੰਨ 1606 ਈਸਵੀ ਗੁਰੂ ਸਾਹਿਬ ਦੀ ਸ਼ਹਾਦਤ ਹੋ ਜਾਣਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਹੁਕਮਰਾਨ ਨਹੀਂ ਚਾਹੁੰਦਾ ਸੀ ਕਿ ਉਸ ਦੇ ਮਜ਼ਹਬ ਬਰਾਬਰ ਕੋਈ ਹੋਰ ਧਰਮ ਖੜਾ ਹੋਵੇ।

         ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਤ ਆਦਿ ਗ੍ਰੰਥ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਹਿੰਦੂਆਂ ਦੇ ਨਾਲ ਨਾਲ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਵੀ ਕਬੂਲਣਾ ਸ਼ੁਰੂ ਕਰ ਦਿੱਤਾ ਸੀ ਜੋ ਕੱਟੜਪੰਥੀ ਜਹਾਂਗੀਰ ਲਈ ਬਰਦਾਸ਼ਤ ਤੋਂ ਬਾਹਰ ਸੀ। ਬਾਗੀ ਅਮੀਰ ਖੁਸਰੋਂ ਦਾ ਗੁਰੂ ਅਰਜਨ ਦੇਵ ਜੀ ਨਾਲ ਮਿਲਾਪ ਅਤੇ ਚੰਦੂ ਤੇ ਪ੍ਰਿਥੀਚੰਦ ਵਰਗਿਆਂ ਦੀ ਈਰਖਾਲੂ ਬਿਰਤੀ ਦੀ ਚੁੱਕ ਨੇ ਗੁਰੂ ਸਾਹਿਬ ਦੇ ਵਿਰੁਧ ਕਾਰਵਾਈ ਕਰਨ ਲਈ ਜਹਾਂਗੀਰ ਦਾ ਰਾਹ ਪੱਧਰਾ ਕਰ ਦਿੱਤਾ।

        ਇਤਿਹਾਸਕ ਸਰੋਤਾਂ ਦੀ ਮੰਨੀਏ ਤਾਂ ਜਹਾਂਗੀਰ ਦੇ ਹੁਕਮਾਂ ਤਹਿਤ ਮੁਰਤਜਾ ਖਾਨ ਦੁਆਰਾ ਸੰਨ 1606 ਈਸਵੀ ਦੇ ਮਈ ਮਹੀਨੇ ਵਿੱਚ ਗੁਰੂ ਸਾਹਿਬ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਗੁਰੂ ਜੀ ‘ਤੇ ਝੂਠੇ ਇਲਜ਼ਾਮ ਲਗਾ ਕੇ ਮੁਕੱਦਮਾ ਚਲਾਇਆ ਗਿਆ ਅਤੇ ‘ਸਿਆਸਤ ਯਾਸਾ’ ਤਹਿਤ ਗੁਰੂ ਜੀ ਨੂੰ ਤਸੀਹੇ ਦੇ ਕੇ ਸਜਾ-ਏ-ਮੌਤ ਦੇ ਹੁਕਮ ਸੁਣਾਏ ਗਏ। ਹੁਕਮ ਦੀ ਤਾਲੀਮ ਕਰਨ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਹੀ ਲਗਾਇਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ, ਉਬਲਦੀ ਦੇਗ ਵਿੱਚ ਪਾਇਆ ਗਿਆ।ਗੁਰੂ ਸਾਹਿਬ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਸਭ ਕੁਝ ਸਹਾਰਦੇ ਰਹੇ।ਅੰਤ ਕਈ ਦਿਨਾਂ ਦੇ ਕਠੋਰ ਤਸੀਹਿਆਂ ਤੋਂ ਬਾਅਦ ੩੦ ਮਈ, ੧੬੦੬ ਈਸਵੀ ਨੂੰ ਗੁਰੂ ਜੀ ਦੇ ਅੱਧ ਸੜੇ ਅਤੇ ਛਾਲਿਆਂ ਨਾਲ ਭਰੇ ਸਰੀਰ ਨੂੰ ਰਾਵੀ ਦਰਾ ਵਿੱਚ ਰੋੜ ਕਰ ਦਿੱਤਾ ਗਿਆ। ਅਤਿ ਦੇ ਤਸੀਹੇ ਝਲਦੇ ਹੋਏ ਗੁਰੂ ਜੀ ਅਕਾਲ ਜੋਤਿ ਵਿੱਚ ਲੀਨ ਹੋ ਗਏ। ਗੁਰਦੁਆਰਾ ਡੇਹਰਾ ਸਾਹਿਬ ਪਾਕਿਸਤਾਨ ਅੱਜ ਵੀ ਗੁਰੂ ਜੀ ਦੀ ਉਸ ਲਾਸਾਨੀ ਸ਼ਹਾਦਤ ਦਾ ਗਵਾਹੀ ਭਰਦਾ ਹੈ। ਗੁਰੂ ਜੀ ਦੀ ਸ਼ਹਾਦਤ ’ਤੇ ਉਮਦਹ-ਤੁ-ਤਵਾਰੀਖ ਦਾ ਲਿਖਾਰੀ ਲਿਖਦਾ ਏ:

- Advertisement -

ਕਲਮ ਤਹਿਰੀਰੈ ਆਂਖੂੰ ਫਿਸਾਂ ਵ ਦੀਦਹ ਗਿਰਿਯਾਂ

ਵ ਦਿਲ ਬਿਰਿਯਾਂ ਵ ਜਾਨ ਹੈਰਾਂ ਮੇ ਬਾਸ਼ਦ।

ਭਾਵ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲਿਖਣ ਲੱਗਿਆਂ ਮੇਰੀ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ। ਹਿੰਦੁਸਤਾਨ ਦੇ ਮੁਗਲ ਇਤਿਹਾਸ ਦੀ ਇਹ ਬੜੀ ਨਿਰਦਈ ਘਟਨਾ ਮੰਨੀ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਆਦਿ ਸਰੂਪ ਦਾ ਸੰਪਾਦਨ ਜਿਥੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਕਾਰਜ ਸਮਕਾਲੀ ਕੱਟੜਪੰਥੀਆਂ ਨੂੰ ਹਜ਼ਮ ਨਹੀਂ ਹੋਏ ਤੇ ਗੁਰੂ ਜੀ ਦੀ ਸ਼ਹਾਦਤ ਦੇ ਕਾਰਨ ਬਣੇ ਉਥੇ ਪਰਿਵਾਰਕ ਤਣਾਅ, ਚੰਦੂ ਦੀ ਈਰਖਾਲੂ ਬਿਰਤੀ, ਅਮੀਰ ਖੁਸਰੋ ਦਾ ਮਿਲਾਪ ਆਦਿ ਨੇ ਬਲਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ।

        ਸ੍ਰੀ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਸਪੁੱਤਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਸਾਰ ਨੂੰ ਸ਼ਾਂਤੀ, ਸਦਭਾਵਨਾ, ਨਿਰਮਲਤਾ, ਠੰਡਤਾ, ਪ੍ਰੇਮ, ਪਰਉਪਕਾਰਤਾ, ਸ਼ਹਾਦਤ ਦੇ ਸ਼ੁੱਭ ਗੁਣਾਂ ਦੀ ਮਹਾਨ ਸਿੱਖਿਆ ਦਿੱਤੀ। ਸਾਨੂੰ ਇਸ ਪਾਵਨ ਦਿਹਾੜੇ ਨੂੰ ਕੇਵਲ ਠੰਡੇ ਪਾਣੀ, ਸ਼ਰਬਤ ਜਾਂ ਰੂਹਅਫਜ਼ੇ ਆਦਿ ਵਾਲੀ ਛਬੀਲ ਵਾਲੇ ਗੁਰਪਰਬ ਤਕ ਹੀ ਸੀਮਤ ਨਹੀਂ ਕਰਨਾ ਚਾਹੀਦਾ ਸਗੋਂ ਸੰਸਾਰ ਦੀ ਇਸ ਮਹਾਨ ਸ਼ਹਾਦਤ ਦੀ ਮੂਲ ਭਾਵਨਾ ਤੋਂ ਸਿੱਖਦੇ ਹੋਏ ਅਕਾਲ ਪੁਰਖ ਦੇ ਭਾਣੇ ਵਿੱਚ ਚਲਦਿਆਂ ਸੱਚ ‘ਤੇ ਪਹਿਰਾ ਦੇਣ ਦੀ ਸਿੱਖਿਆ ਵੀ ਗ੍ਰਹਿਣ ਕਰਨੀ ਚਾਹੀਦੀ ਏ।  ਅਦਾਰਾ ਗਲੋਬਲ ਪੰਜਾਬ ਟੀਵੀ ਗੁਰੂ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹੈ।

ਡਾ. ਗੁਰਦੇਵ ਸਿੰਘ

Share this Article
1 Comment