ਲੁਧਿਆਣਾ ਕੋਰਟ ਬਲਾਸਟ: ਸ਼ਹਿਰ ‘ਚ ਧਾਰਾ 144 ਲਾਗੂ, ਅਮਿਤ ਸ਼ਾਹ ਨੂੰ ਦਿੱਤੀ ਗਈ ਜਾਣਕਾਰੀ

TeamGlobalPunjab
2 Min Read

ਲੁਧਿਆਣਾ :  ਵੀਰਵਾਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਇੱਕ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿੱਚ ਹਾਈ ਅਲਰਟ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੋਣ ਕਾਰਨ ਪੰਜਾਬ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਰਿਪੋਰਟਾਂ ਮੁਤਾਬਕ ਇਹ ਧਮਾਕਾ ਅਦਾਲਤ ਦੀ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਇਕ ਬਾਥਰੂਮ ਦੇ ਅੰਦਰ ਦੁਪਹਿਰ 12:22 ‘ਤੇ ਹੋਇਆ। ਧਮਾਕੇ ਨੇ ਬਾਥਰੂਮ ਦੀ ਕੰਧ ਨੂੰ ਤਬਾਹ ਕਰ ਦਿੱਤਾ, ਨਾਲ ਲੱਗਦੇ ਕਮਰਿਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਹੇਠਾਂ ਖੜ੍ਹੀਆਂ ਕੁਝ ਕਾਰਾਂ ਦੀਆਂ ਵਿੰਡਸਕਰੀਨਾਂ ਨੂੰ ਤੋੜ ਦਿੱਤਾ, ਜਿਸ ਨਾਲ ਵਿਅਸਤ ਅਦਾਲਤੀ ਕੰਪਲੈਕਸ ਵਿੱਚ ਦਹਿਸ਼ਤ ਫੈਲ ਗਈ।

ਰਿਪੋਰਟ ਅਨੁਸਾਰ, ਲੁਧਿਆਣਾ ਕੋਰਟ ਕੰਪਲੈਕਸ ਵਿੱਚ ਦਿਨ ਪਹਿਲਾਂ ਹੋਏ ਧਮਾਕੇ ਦੇ ਸਬੰਧ ਵਿੱਚ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਕੌਮੀ ਸੁਰੱਖਿਆ ਗਾਰਡ (NSG) ਦੀ ਇੱਕ ਟੀਮ ਮਾਮਲੇ ਦੀ ਜਾਂਚ ਲਈ ਲੁਧਿਆਣਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਵਿਸਫੋਟ ਵਾਲੀ ਥਾਂ ਦਾ ਦੌਰਾ ਕੀਤਾ ਹੈ। ਐਨਐਸਜੀ ਦੀ ਇੱਕ ਤੋਂ ਬਾਅਦ ਇੱਕ ਤੀਸਰੀ ਟੀਮ ਮੌਕੇ ਉਤੇ ਪਹੁੰਚੀ ਹੈ। ਹੁਣ ਐੱਨ.ਐੱਸ.ਜੀ. ਦਾ ਬੰਬ ਨਿਰੋਧਕ ਦਸਤਾ ਆ ਗਿਆ ਹੈ। ਇਸ ਤੋਂ ਪਹਿਲਾਂ ਐਨਐਸਜੀ ਦੀ ਫੋਰੈਂਸਿਕ ਟੀਮ ਵੀ ਪਹੁੰਚ ਚੁੱਕੀ ਹੈ।ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ ਕਿ ਸੂਬੇ ਦੇ ਸਾਰੇ ਭੀੜ-ਭੜੱਕੇ ਵਾਲੇ ਇਲਾਕਿਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਚੀਫ਼ ਜਸਟਿਸ ਐਨਵੀ ਰਮੰਨਾ ਨੇ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਨੂੰ ਇਸ ਮਾਮਲੇ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚੁੱਕੇ ਗਏ ਕਦਮਾਂ ਬਾਰੇ ਵੀ ਦੱਸਿਆ ਹੈ।

Share this Article
Leave a comment