ਬਿਜਲੀ ਸਮਝੌਤਿਆਂ ਬਾਰੇ ਝੂਠ ਬੋਲ ਰਹੇ ਹਨ ਮੁੱਖ ਮੰਤਰੀ ਚੰਨੀ : ਹਰਪਾਲ ਚੀਮਾ

TeamGlobalPunjab
5 Min Read

ਸਸਤੀ ਰੇਤ ਬਾਰੇ ਵੀ ਗਰਾਊਂਡ ’ਤੇ ਖ਼ੋਖਲੇ ਸਾਬਤ ਹੋ ਰਹੇ ਹਨ ਚੰਨੀ ਦੇ ਐਲਾਨ : ਆਪ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਝੂਠ ਬੋਲਣ ਦੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਗੱਪ ਮਾਰਨ ’ਚ ਚੰਨੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਪਿੱਛੇ ਛੱਡ ਗਏ ਹਨ। ਹਰਪਾਲ ਸਿੰਘ ਚੀਮਾ ਦੀ ਦਲ਼ੀਲ ਹੈ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਬਾਦਲ ਸਰਕਾਰ ਵੱਲੋਂ ਕੀਤੇ ਗਏ ਮਾਰੂ ਅਤੇ ਮਹਿੰਗੇ ਬਿਜਲੀ ਖ਼ਰੀਦ ਸਮਝੌਤੇ (ਪੀ.ਪੀ.ਏਜ਼) ਰੱਦ ਕਰ ਦਿੱਤੇ ਜਾਣ ਸੰਬੰਧੀ ਮੁੱਖ ਮੰਤਰੀ ਚੰਨੀ ਵੱਲੋਂ ਨਾ ਸਿਰਫ਼ ਕੋਰਾ ਝੂਠ ਬੋਲਿਆ ਜਾ ਰਿਹਾ ਹੈ, ਸਗੋਂ ਇਸ ਕੂੜ ਪ੍ਰਚਾਰ ਉਤੇ ਸਰਕਾਰੀ ਖ਼ਜਾਨੇ ਵਿਚੋਂ ਕਰੋੜਾਂ ਰੁਪਏ ਖਰਚ ਕਰਕੇ ਆਪਣੀ ਫ਼ੋਕੀ ਮਸ਼ਹੂਰੀ ਵੀ ਕੀਤੀ ਜਾ ਰਹੀ ਹੈ।

ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਜਨਤਾ ਨੂੰ ਬਿਜਲੀ ਸਮਝੌਤੇ ਰੱਦ ਕੀਤੇ ਜਾਣ ਸੰਬੰਧੀ ਇੱਕ ਵੀ ਦਸਤਾਵੇਜ਼ ਜਾਂ ਨੋਟੀਫ਼ਿਕੇਸ਼ਨ ਦਿਖਾ ਕੇ ਸਾਬਤ ਕਰਨ ਕਿ ਉਨ੍ਹਾਂ ਵੱਲੋਂ ਪੰਜਾਬ ਭਰ ’ਚ ਹੋਰਡਿੰਗਾਂ- ਬੋਰਡਾਂ ’ਤੇ ਬਿਜਲੀ ਸਮਝੌਤੇ ਰੱਦ ਹੋਣ ਸੰਬੰਧੀ ਦਿੱਤੇ ਇਸ਼ਤਿਹਾਰ ਸਹੀ ਹਨ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਜਲੀ ਸਮਝੌਤੇ ਰੱਦ ਕੀਤੇ ਬਗੈਰ ਹੀ ਰੱਦ ਕਰਨ ਦੇ ਦਾਅਵੇ ਕਰਨਾ ਨਾ ਕੇਵਲ ਧੋਖ਼ਾ, ਸਗੋਂ ਸਜ਼ਾ ਯਾਫ਼ਤਾ ਅਪਰਾਧ ਹੈ। ਚੀਮਾ ਨੇ ਚੰਨੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਨਤਾ ਦੇ ਪੈਸੇ ਨਾਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਝੂਠਾ ਪ੍ਰਚਾਰ ਤੁਰੰਤ ਬੰਦ ਨਾ ਕੀਤਾ ਤਾਂ ਪਾਰਟੀ ਝੂਠੀ ਚੰਨੀ ਸਰਕਾਰ ਦੇ ਝੂਠੇ ਅਤੇ ਗੁੰਮਰਾਹਕੁੰਨ ਪ੍ਰਚਾਰ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗੀ।

- Advertisement -

ਚੀਮਾ ਨੇ ਅੱਗੇ ਕਿਹਾ, ‘‘ਜ਼ਰੂਰਤ ਪਈ ਤਾਂ ਸਰਕਾਰ ਨੂੰ ਅਜਿਹੇ ਝੂਠੇ ਪ੍ਰਚਾਰ ਵਿਰੁੱਧ ਅਦਾਲਤ ਵਿੱਚ ਵੀ ਖਿੱਚਿਆ ਜਾ ਸਕਦਾ ਹੈ।’’

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਨੀ ਸਰਕਾਰ ਨੇ ਸੱਤਾ ’ਤੇ ਕਾਬਜ਼ ਹੁੰਦਿਆਂ ਹੀ ਬਿਜਲੀ ਸਮਝੌਤੇ ਰੱਦ ਕੀਤੇ ਜਾਣ ਦਾ ਐਲਾਨ ਕੀਤਾ ਸੀ ਅਤੇ ਇਸ ਲਈ ਵਿਧਾਨ ਸਭਾ ਦੇ ਇਜਲਾਸ ਸੱਦੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਸੀ। ਪ੍ਰੰਤੂ ਸਰਕਾਰ ਵਿਧਾਨ ਸਭਾ ਦਾ ਇਜਲਾਸ ਬੁਲਾਏ ਜਾਣ ਤੋਂ ਲਗਾਤਾਰ ਭੱਜਦੀ ਰਹੀ। ਅੰਤ 2 ਮਹੀਨੇ ਬਾਅਦ ਜਦ ਵਿਧਾਨ ਸਭਾ ਦਾ ਸੰਵਿਧਾਨਿਕ ਖਾਨਾਪੂਰਤੀ ਲਈ ਦੋ ਰੋਜ਼ਾ ਇਜਲਾਸ ਸੱਦਿਆ ਗਿਆ ਤਾਂ ਚੰਨੀ ਸਰਕਾਰ ਮਾਰੂ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਤੋਂ ਮੁੱਕਰ ਗਈ, ਪਰ ਚੋਣਾਂ ਦੇ ਮੱਦੇਨਜ਼ਰ ਬਿਜਲੀ ਸਮਝੌਤਿਆਂ ਦੀਆਂ ਦਰਾਂ ’ਚ ਫੇਰਬਦਲ ਕੀਤੇ ਜਾਣ ਦਾ ‘ਡਰਾਮਾ’ ਜ਼ਰੂਰ ਕੀਤਾ ਗਿਆ, ਜਿਸ ਨੂੰ ਪੀਪੀਏਜ਼ ਰੱਦ ਕੀਤੇ ਜਾਣ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਜੋ ਨੈਤਿਕ ਅਤੇ ਵਿਵਹਾਰਕ ਤੌਰ ’ਤੇ ਗਲਤ ਹੈ। ਹਰਪਾਲ ਸਿੰਘ ਚੀਮਾ ਨੇ ਸਮਝੌਤੇ ਰੱਦ ਕੀਤੇ ਜਾਣ ਸੰਬੰਧੀ ਚੰਨੀ ਸਰਕਾਰ ਦੇ ਦਾਅਵਿਆਂ ਬਾਰੇ ਸੱਤਾਧਾਰੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲੋਂ ਵੀ ਸਪੱਸ਼ਟੀਕਰਨ ਮੰਗਿਆ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿੰਨੀ ਦੇਰ ਨਿੱਜੀ ਥਰਮਲ ਪਲਾਟਾਂ ਨਾਲ ਕੀਤੇ ਮਾਰੂ, ਮਹਿੰਗੇ ਅਤੇ ਇੱਕਪਾਸੜ ਸਮਝੌਤੇ ਸਿਰੇ ਤੋਂ ਰੱਦ ਕਰਕੇ ਨਵੇਂ ਸਿਰਿਓ ਸਸਤੇ ਅਤੇ ਪੰਜਾਬ ਪੱਖੀ ਸਮਝੌਤੇ ਨਹੀਂ ਕੀਤੇ ਜਾਣਗੇ, ਉਨਾ ਚਿਰ ਪੰਜਾਬ ਦੀ ਜਨਤਾ ਅਤੇ ਖ਼ਜਾਨੇ ਨੂੰ ਬਿਜਲੀ ਮਾਫੀਆ ਕੋਲੋਂ ਰਾਹਤ ਸੰਭਵ ਨਹੀਂ।

ਉਨ੍ਹਾਂ ਕਿਹਾ ਕਿ ਬਿਜਲੀ ਮਾਫੀਆ ਵਿਰੁੱਧ ’ਆਪ’ ਦੀ ਲੰਬੀ ਜੱਦੋਜ਼ਹਿਦ ਨੇ ਪੰਜਾਬ ਦੇ ਲੋਕਾਂ ’ਚ ਵੱਡੀ ਪੱਧਰ ’ਤੇ ਜਾਗ੍ਰਿਤੀ ਲਿਆਂਦੀ, ਜਿਸ ਕਾਰਨ ਸੱਤਾਧਾਰੀ ਕਾਂਗਰਸ ਨੂੰ ਲੋਕਾਂ ਦੇ ਮਹਿੰਗੇ ਬਿਜਲੀ ਬਿਲਾਂ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਬਿਜਲੀ ਗਰੰਟੀ ਬਾਰੇ ਸਵਾਲਾਂ ਦੇ ਜਵਾਬ ਦੇਣੇ ਮੁਸ਼ਕਲ ਹੋ ਗਏ ਸਨ। ਜਿਨਾਂ ਤੋਂ ਬਚਣ ਲਈ ਚੰਨੀ ਸਰਕਾਰ ਸਾਰੇ ਦੇਸ਼ ਨਾਲੋਂ ਸਸਤੀ ਬਿਜਲੀ ਅਤੇ ਬਿਜਲੀ ਸਮਝੌਤੇ ਰੱਦ ਹੋਣ ਬਾਰੇ ਝੂਠੇ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ। ਪ੍ਰੰਤੂ ਪੰਜਾਬ ਦੇ ਲੋਕ ਇਸ ਝੂਠੇ ਪ੍ਰਚਾਰ ਬਾਰੇ ਸਚੇਤ ਹਨ, ਕਿਉਂਕਿ ਤਾਜ਼ਾ ਬਿਜਲੀ ਬਿਲਾਂ ਵਿੱਚ ਵੀ ਲੋਕਾਂ ਨੂੰ ਕੋਈ ਰਾਹਤ ਦਿਖਾਈ ਨਹੀਂ ਦਿੱਤੀ।

ਚੀਮਾ ਨੇ ਦਾਅਵਾ ਕੀਤਾ ਕਿ ਸਸਤੀ ਬਿਜਲੀ, 24 ਘੰਟੇ ਅਤੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਦੀ ਗਰੰਟੀ ਸਿਰਫ਼ ਅਰਵਿੰਦ ਕੇਜਰੀਵਾਲ ਹੀ ਦੇ ਸਕਦੇ ਹਨ, ਕਿਉਂਕਿ ਉਨ੍ਹਾਂ (ਕੇਜਰੀਵਾਲ) ਨੇ ਅਜਿਹਾ ਮਾਡਲ ਦਿੱਲੀ ਵਿੱਚ ਲਾਗੂ ਕਰਕੇ ਦਿਖਾਇਆ ਹੈ।

- Advertisement -
Share this Article
Leave a comment