ਰੇਤ ਮਾਫ਼ੀਆ ਵਿਰੁੱਧ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਸਾਹਮਣੇ ਕੀਤਾ ਜ਼ੋਰਦਾਰ ਪ੍ਰਦਰਸ਼ਨ

TeamGlobalPunjab
3 Min Read

ਚੰਡੀਗੜ੍ਹ :ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰੇਤਾ ਬਜਰੀ ਮਾਫ਼ੀਆ ਦੇ ਖ਼ਿਲਾਫ਼ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਮੌਜੂਦਾ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।

ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਵਿਚ ਕੁਦਰਤੀ ਸਰੋਤਾਂ ਦੀ ਜਮ ਕੇ ਲੁੱਟ ਹੋ ਰਹੀ ਹੈ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਇਸ ਲੁੱਟ ਵਿਚ ਸ਼ਾਮਲ ਹਨ ਅਤੇ ਸੂਬੇ ਅੰਦਰ ਰੇਤ ਮਾਫ਼ੀਆ ਆਪਣੇ ਪੈਰ ਪਸਾਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੋ ਸਿਆਸੀ ਸਰਪ੍ਰਸਤੀ ਰੇਤ ਮਾਫ਼ੀਆ ਅਤੇ ਗੁੰਡਾ ਅਨਸਰਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਮਿਲੀ ਹੋਈ ਸੀ, ਉਹ ਸਿਆਸੀ ਸਰਪ੍ਰਸਤੀ ਮੌਜੂਦਾ ਕਾਂਗਰਸ ਸਰਕਾਰ ਦੇ ਵਿਚ ਵੀ ਉਸੇ ਤਰਾਂ ਜਾਰੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਰੇਤ ਮਾਫ਼ੀਆ ਨੂੰ ਕੰਟਰੋਲ ਕਰਨ ਵਿਚ ਬੁਰੀ ਤਰਾਂ ਫ਼ੇਲ੍ਹ ਹੋਈ ਹੈ ਜਿਸ ਨਾਲ ਰੇਤ-ਬਜਰੀ ਦੀਆਂ ਕੀਮਤਾਂ ਅਸਮਾਨੀ ਚੜ ਚੁੱਕਿਆਂ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ‘ਤੇ ਵਰ੍ਹਦਿਆਂ ਕਿਹਾ ਕਿ ਇਸ ਲੁੱਟ ਦਾ ਪੈਸਾ ਪਿਛਲੀ ਸਰਕਾਰ ਸਮੇਂ ਅਕਾਲੀ ਦਲ ਦੇ ਲੀਡਰਾਂ ਕੋਲ ਜਾਂਦਾ ਸੀ ਇਸ ਕਰਕੇ ਉਹ ਹੁਣ ਇਸ ਮੁੱਦੇ ‘ਤੇ ਆਪਣਾ ਮੂੰਹ ਨਹੀਂ ਖੋਲ੍ਹ ਰਹੇ ਅਤੇ ਕੈਪਟਨ ਅਤੇ ਬਾਦਲ ਮਿਲ ਕੇ ਰੇਤ ਦੇ ਇਸ ਖੇਲ ਨੂੰ ਖੇਲ ਰਹੇ ਹਨ।

ਅਮਨ ਅਰੋੜਾ ਨੇ ਹੱਥ ਵਿਚ ਤੱਕੜੀ ਫੜ ਕੇ ਰੇਤ ਨੂੰ ਸੋਨੇ ਦੇ ਬਰਾਬਰ ਤੋਲਦਿਆਂ ਕਿਹਾ ਕਿ ਰੇਤ-ਬਜਰੀ ਦੀਆਂ ਕੀਮਤਾਂ ਅੱਤ ਸੋਨੇ ਦੇ ਭਾਅ ਹੋ ਗਈਆਂ ਹਨ। ਜਿਸ ਨਾਲ ਆਮ ਆਦਮੀ ਨੂੰ ਆਪਣਾ ਘਰ ਬਣਾਉਣ ਮੁਸ਼ਕਿਲ ਹੋ ਗਿਆ ਹੈ। ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਤੱਕੜੀ ਰੱਖ ਕੇ ਸੋਨੇ ਦਾ ਭਾਅ ਰੇਤਾ ਵੇਚਣ ਦਾ ਚਿੰਨ੍ਹਾਤਮਕ ਪ੍ਰਦਰਸ਼ਨ ਕੀਤਾ ਅਤੇ ਕੈਪਟਨ ਸਰਕਾਰ ਨੂੰ ਜਗਾਉਣ ਲਈ ਨਾਅਰੇ ਬਾਜ਼ੀ ਵੀ ਕੀਤੀ।

ਵਿਧਾਇਕ ਕੁਲਤਾਰ ਸਿੰਘ ਨੇ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਜੋ ਅਫ਼ਸਰ ਇਸ ਮਾਇਨਿੰਗ ਰੋਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਜੋ ਵੀ ਇਸ ਲੁੱਟ ਦੇ ਖੇਲ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸ ਉੱਪਰ ਕਾਂਗਰਸ ਦੇ ਕਰਿੰਦਿਆਂ ਵੱਲੋਂ ਹਮਲੇ ਕੀਤੇ ਜਾਂਦੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਮਾਈਨਿੰਗ ਵਿਭਾਗ ਦੇ ਅਫ਼ਸਰਾਂ ਨੂੰ ਰੇਤ ਮਾਫ਼ੀਆ ਅਤੇ ਗੁੰਡਾ ਅਨਸਰਾਂ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਵਰਜਿਆ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ, ਬੀਬੀ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ ਅਤੇ ਬੁਲਾਰੇ ਗੋਵਿੰਦਰ ਮਿੱਤਲ, ਦਿਨੇਸ਼ ਚੱਢਾ ਆਦਿ ਹਾਜ਼ਰ ਸਨ।

- Advertisement -

Share this Article
Leave a comment