ਰਾਜ ਕਪੂਰ ਦੀਆਂ ਚਾਰ ਫ਼ਿਲਮਾਂ ਨੂੰ ਠੁਕਰਾ ਗਈ ਸੀ : ਲੀਲਾ ਨਾਇਡੂ

TeamGlobalPunjab
3 Min Read

ਨਿਊਜ਼ ਡੈਸਕ(ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ): ਰਾਜ ਕਪੂਰ ਬਾਲੀਵੁੱਡ ਦਾ ਵੱਡਾ ਤੇ ਨਾਮਵਰ ਅਦਾਕਾਰ ਅਤੇ ਨਿਰਦੇਸ਼ਕ ਸੀ ਤੇ ਵੱਡੀਆਂ-ਵੱਡੀਆਂ ਹੀਰੋਇਨਾਂ ਉਸਦੀ ਫ਼ਿਲਮ ਵਿੱਚ ਕੰਮ ਕਰਨ ਲਈ ਪੱਬਾਂ ਭਾਰ ਰਹਿੰਦੀਆਂ ਸਨ। ਪਰ ਇਸੇ ਬਾਲੀਵੁੱਡ ਵਿੱਚ ਇੱਕ ਅਜਿਹੀ ਅਦਾਕਾਰਾ ਵੀ ਸੀ ਜਿਸਨੇ ਇੱਕ ਜਾਂ ਦੋ ਨਹੀਂ ਸਗੋਂ ਰਾਜ ਕਪੂਰ ਦੀਆਂ ਚਾਰ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹੁਸਨ ਦੀ ਇਸ ਮਲਿਕਾ ਦਾ ਨਾਂ ਸੀ ਲੀਲਾ ਨਾਇਡੂ ਜੋ ਕਿ ਵਿਸ਼ਵ ਪ੍ਰਸਿੱਧ ਪਰਿਵਾਰ ਨਾਲ ਸਬੰਧ ਰੱਖਦੀ ਸੀ ਤੇ ਜਿਸਨੇ ਸੰਨ 1954 ਵਿੱਚ ‘ਫ਼ੈਮਿਨਾ ਮਿਸ ਇੰਡੀਆ’ ਦਾ ਖ਼ਿਤਾਬ ਹਾਸਿਲ ਕਰਨ ਤੋਂ ਬਾਅਦ ਬਹੁਚਰਚਿਤ ਫ਼ੈਸ਼ਨ ਮੈਗ਼ਜ਼ੀਨ ‘ ਵੌਗ’ ਦੇ ਕਵਰ ਪੇਜ ‘ਤੇ ਸਥਾਨ ਹਾਸਿਲ ਕੀਤਾ ਸੀ ਤੇ ਦਿਲਚਸਪ ਗੱਲ ਇਹ ਵੀ ਰਹੀ ਕਿ ਦੁਨੀਆਂ ਦੀਆਂ ਦਸ ਸਭ ਤੋਂ ਖ਼ੂਬਸੂਰਤ ਔਰਤਾਂ ਵਿੱਚ ਮਹਾਂਰਾਣੀ ਗਾਇਤਰੀ ਦੇਵੀ ਸਹਿਤ ਉਸਦਾ ਨਾਂ ਵੀ ਸ਼ਾਮਿਲ ਕੀਤਾ ਗਿਆ ਸੀ।

ਅਤਿ ਦੀ ਸਾਦਗੀ ਭਰੀ ਖ਼ੂਬਸੂਰਤੀ ਦੀ ਮਾਲਕਣ ਲੀਲਾ ਨਾਇਡੂ ਨੇ ਆਪਣੇ ਸਮੁੱਚੇ ਫ਼ਿਲਮੀ ਕੈਰੀਅਰ ਵਿੱਚ ਕੇਵਲ ਸੱਤ ਹਿੰਦੀ ਤੇ ਦੋ ਅੰਗਰੇਜ਼ੀ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਪਰ ਇਨ੍ਹਾ ਫ਼ਿਲਮਾਂ ਵਿੱਚ ਉਸਨੂੰ ਅਸ਼ੋਕ ਕੁਮਾਰ,ਬਲਰਾਜ ਸਾਹਨੀ,ਸੁਨੀਲ ਦੱਤ,ਪ੍ਰਦੀਪ ਕੁਮਾਰ,ਜੌਏ ਮੁਖ਼ਰਜੀ ਜਿਹੇ ਅਦਾਕਾਰਾਂ ਅਤੇ ਰਿਸ਼ੀਕੇਸ਼ ਮੁਖਰਜੀ,ਆਰ.ਕੇ. ਨਈਅਰ ਅਤੇ ਸੱਤਿਆਜੀਤ ਰੇਅ,ਸ਼ਿਆਮ ਬੇਨੇਗਲ,ਪ੍ਰਦੀਪ ਕਿਸ਼ਨ,ਮਰਚੈਂਟ ਆਇਵਰੀ ਜਿਹੇ ਦਿੱਗਜ ਫਿਲਮਕਾਰਾਂ ਕੰਮ ਕਰਨ ਦਾ ਮੌਕਾ ਜ਼ਰੂਰ ਮਿਲਿਆ ਸੀ। ਉਸਦੀਆਂ ਫ਼ਿਲਮਾਂ ਸਨ-‘ ਅਨੁਰਾਧਾ,ਉਮੀਦ,ਯੇ ਰਾਸਤੇ ਹੈਂ ਪਿਆਰ ਕੇ,ਬਾਗ਼ੀ,ਆਬਰੂ,ਤ੍ਰਿਕਾਲ, ਦਿ ਗੁਰੂ,ਦਿ ਹਾਊਸ ਹੋਲਡਰ ਅਤੇ ਇਲੈਕਟ੍ਰਿਕ ਮੈਨ ’ਆਦਿ। ਉਸਦੀ ਪਹਿਲੀ ਹੀ ਫ਼ਿਲਮ ‘ ਅਨੁਰਾਧਾ’ ਨੂੰ ‘ ਸਰਬੋਤਮ ਫ਼ਿਲਮ ਦਾ ਰਾਸ਼ਟਰੀ ਪੁਰਸਕਾਰ’ ਹਾਸਿਲ ਹੋਇਆ ਸੀ। ਜ਼ਿਕਰਯੋਗ ਹੈ ਕਿ ਭਾਰਤੀ ਇਤਿਹਾਸ ਦੇ ਚਰਚਿਤ ਨਾਨਵਤੀ ਕੇਸ ਆਧਾਰਿਤ ਫ਼ਿਲਮ ‘ ਯੇ ਰਾਸਤੇ ਹੈਂ ਪਿਆਰ ਕੇ’ ਵਿੱਚ ਉਸਨੇ ਮੁੱਖ ਭੂਮਿਕਾ ਅਦਾ ਕੀਤੀ ਸੀ।

- Advertisement -

ਬਹੁਤ ਹੀ ਦਿਲਚਸਪ ਗੱਲ ਹੈ ਕਿ ਸੰਨ 1930 ਵਿੱਚ ਜਨਮੀ ਲੀਲਾ ਨਾਇਡੂ ਦੇ ਪਿਤਾ ਡਾ.ਪੀ.ਆਰ.ਨਾਇਡੂ ਨੇ ਨੋਬਲ ਇਨਾਮ ਜੇਤੂ ਮੈਰੀ ਕਿਊਰੀ ਦੀ ਅਗਵਾਈ ਵਿੱਚ ਆਪਣਾ ਪੀ.ਐਚ.ਡੀ. ਦਾ ਥੀਸਿਜ਼ ਲਿਖਿਆ ਸੀ ਤੇ ਉਹ ਯੂਨੈਸਕੋ ਦੇ ਵਿਗਿਆਨਕ ਸਲਾਹਕਾਰ ਸੀ। ਲੀਲਾ ਦੀ ਮਾਂ ਦਾ ਨਾਂ ਡਾ.ਐਮ.ਐਮ.ਨਾਇਡੂ ਸੀ ਤੇ ਉਹ ਇੱਕ ਪੱਤਰਕਾਰ ਵੀ ਸੀ। ਲੀਲਾ ਨੇ ਯਰੂਪ ਅਤੇ ਸਵਿਟਜ਼ਰਲੈਂਡ ਵਿਖੇ ਪੜ੍ਹਾਈ-ਲਿਖਾਈ ਕੀਤੀ ਸੀ। ਮੁੰਬਈ ਦੇ ਪ੍ਰਸਿੱਧ ‘ ਓਬਰਾਏ ਹੋਟਲਾਂ’ ਦੇ ਮਾਲਕ ਤਿਲਕ ਰਾਜ ਓਬਰਾਏ ਨਾਲ ਸ਼ਾਦੀ ਕਰਨ ਤੋਂ ਬਾਅਦ ਲੀਲਾ ਨਾਇਡੂ ਨੇ ਦੋ ਧੀਆਂ ਨੂੰ ਜਨਮ ਦਿੱਤਾ ਸੀ। ਕੁਝ ਸਾਲ ਬਾਅਦ ਓਬਰਾਏ ਤੋਂ ਤਲਾਕ ਲੈ ਕੇ ਉਸਨੇ ਮਸ਼ਹੂਰ ਕਵੀ ਡਾੱਨ ਮੋਅਰਜ਼ ਨਾਲ ਸ਼ਾਦੀ ਕਰਵਾ ਲਈ ਤੇ ਅੰਤ 79 ਸਾਲ ਦੀ ਉਮਰ ਵਿੱਚ ਮੁੰਬਈ ਵਿਖੇ ਗੁਮਨਾਮੀ ਦਾ ਜੀਵਨ ਬਤੀਤ ਕਰਦਿਆਂ ਉਹ 28 ਜੁਲਾਈ,ਸੰਨ 2009 ਨੂੰ ਇਸ ਜਹਾਨ ਤੋਂ ਰੁਖ਼ਸਤ ਹੋ ਗਈ।

Share this Article
Leave a comment