ਪਟਿਆਲਾ : ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਵਿਡ ਮਰੀਜ਼ਾਂ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸ੍ਰੀ ਗੁਰੂ ਨਾਨਕ ਦੇਵ ਸੁਪਰ-ਸਪੈਸ਼ਲਿਟੀ ਬਲਾਕ ਵਿੱਚ ਆਰਮੀ ਵਲੋਂ ਤਿਆਰ ਕੀਤਾ 100 ਬਿਸਤਰਿਆਂ ਦਾ ਕੋਵਿਡ ਹਸਪਤਾਲ ਅੱਜ ਰਸਮੀ ਤੌਰ ‘ਤੇ ਚਾਲੂ ਹੋ ਗਿਆ। ਭਾਵੇਂ ਕਿ ਇਥੇ ਕੋਵਿਡ ਦੇ ਲੈਵਲ-2 ਮਰੀਜਾਂ ਨੂੰ ਸੰਭਾਲਣ ਦਾ ਕੰਮ 10 ਮਈ ਤੋਂ ਹੀ ਸ਼ੁਰੂ ਹੋ ਗਿਆ ਸੀ, ਪਰੰਤੂ ਇਸ ਨੂੰ ਰਸਮੀ ਤੌਰ ‘ਤੇ ਲੋਕਾਂ ਨੂੰ ਸਮਰਪਿਤ ਕਰਨ ਦੀ ਰਸਮ ਅੱਜ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਅਤੇ ਭਾਰਤੀ ਫ਼ੌਜ ਦੀ ਏਰਾਵਤ ਡਿਵੀਜ਼ਨ ਦੇ ਜੀ.ਓ.ਸੀ. ਮੇਜਰ ਜਨਰਲ ਮੋਹਿਤ ਮਲਹੋਤਰਾ (ਸੈਨਾ ਮੈਡਲ) ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ।
ਇਸ ਮੌਕੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਭਾਰਤੀ ਫ਼ੌਜ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਮਹਾਂਮਾਰੀ ਦੀ ਜੰਗ ਵਰਗੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਦੇ ਜੀ.ਓ.ਸੀ.-ਇਨ-ਸੀ ਲੈਫਟੀਨੈਂਟ ਜਨਰਲ ਆਰ.ਪੀ. ਸਿੰਘ, ਏ.ਵੀ.ਐਸ.ਐਮ., ਵੀ.ਐਸ.ਐਮ., ਨਾਲ ਵਰਚੂਅਲ ਮੀਟਿੰਗ ਤੋਂ ਬਾਅਦ ਫ਼ੌਜ ਵੱਲੋ ਇਹ ਪਹਿਲਕਦਮੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਫ਼ੌਜ ਵੱਲੋਂ ਸ਼ੁਰੂ ਕੀਤੇ ਇਸ ਕੋਵਿਡ ਹਸਪਤਾਲ ਦੀ ਮਦਦ ਨਾਲ ਹੁਣ ਰਾਜਿੰਦਰਾ ਹਸਪਤਾਲ ਦੇ ਡਾਕਟਰ ਆਪਣਾ ਪੂਰਾ ਧਿਆਨ ਕੋਵਿਡ ਦੇ ਲੈਵਲ-3 ਮਰੀਜਾਂ ਦੀ ਸੰਭਾਂਲ ਲਈ ਲਗਾਉਣਗੇ, ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਉਣਗੇ।
ਐਮ. ਪੀ. ਪ੍ਰਨੀਤ ਕੌਰ ਨੇ ਲੋਕਾਂ ਨੂੰ ਕੋਵਿਡ ਸਬੰਧੀ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਰੁੱਧ ਫੈਲਾਈਆਂ ਜਾ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਿੱਲੀ ‘ਚ ਵੀ ਨਹੀਂ ਮਿਲ ਰਹੀਆਂ, ਜਿਸ ਕਰਕੇ ਉਥੋਂ ਦੇ ਮਰੀਜ ਵੀ ਇੱਥੇ ਆ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇੱਥੇ 25 ਫੀਸਦੀ ਬੈਡ ਸਮਰੱਥਾ ਹੋਰ ਵਧਾਏ ਜਾਣ ਨਾਲ ਬਿਸਤਰਿਆਂ ਦੀ ਗਿਣਤੀ 720 ਹੋ ਜਾਵੇਗੀ। ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ਼ ਤੇ ਹੋਰ ਅਮਲੇ ਦੀ ਪ੍ਰਸ਼ੰਸਾ ਕਰਦਿਆਂ ਆਸ ਪ੍ਰਗਟਾਈ ਕਿ ਇਨ੍ਹਾਂ ਦੇ ਯਤਨਾਂ ਨੂੰ ਬੂਰ ਪਵੇਗਾ ਅਤੇ ਅਸੀਂ ਕੋਵਿਡ ਖ਼ਿਲਾਫ਼ ਜੰਗ ਨੂੰ ਜਰੂਰ ਜਿੱਤਾਂਗੇ।
ਸੰਸਦ ਮੈਂਬਰ ਨੇ ਹਰ ਨਾਗਰਿਕ ਨੂੰ ਮਾਸਕ ਪਾਉਣ, ਕੋਵਿਡ ਤੋਂ ਬਚਾਅ ਲਈ ਇਹਤਿਆਤ ਵਰਤਣ ਅਤੇ ਕੋਵਿਡ ਦੀ ਚੇਨ ਨੂੰ ਤੋੜਨ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਲੜੀ ਜਾ ਰਹੀ ਜੰਗ ‘ਮਿਸ਼ਨ ਫ਼ਤਹਿ’ ਨੂੰ ਸਫ਼ਲ ਬਣਾਉਣ ਦਾ ਸੱਦਾ ਵੀ ਦਿੱਤਾ। ਨਰਸਿੰਗ ਦਿਵਸ ਦੀ ਵਧਾਈ ਦਿੰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਅਮਲੇ ਵੱਲੋਂ ਕੋਵਿਡ ਦੌਰਾਨ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਲਾਮਿਸਾਲ ਦੱਸਿਆ।
ਇਸ ਮੌਕੇ ਬ੍ਰਿਗੇਡੀਅਰ ਅਤੁਲ ਭੱਟ ਨੇ ਦੱਸਿਆ ਕਿ ਪੱਛਮੀ ਕਮਾਂਡ ਦੇ ਜੀ.ਓ.ਸੀ.-ਇਨ-ਸੀ ਲੈਫਟੀਨੈਂਟ ਜਨਰਲ ਆਰ.ਪੀ. ਸਿੰਘ, (ਏ.ਵੀ.ਐਸ.ਐਮ., ਵੀ.ਐਸ.ਐਮ.) ਦੀ ਅਗਵਾਈ ਹੇਠ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰਨ ਲਈ ਨਿਰੰਤਰ ਤਤਪਰ ਹੈ ਅਤੇ ਇਸੇ ਤਹਿਤ ਹੀ ਇਥੇ ਕੋਵਿਡ ਦੇ ਮਰੀਜਾਂ ਦਾ ਇਲਾਜ ਰਾਜਿੰਦਰਾ ਹਸਪਤਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਫ਼ੌਜ ਦੇ ਡਾਕਟਰਾਂ ਤੇ ਪੈਰਾਮੈਡਿਕਸ ਵੱਲੋਂ ਬਿਹਤਰ ਢੰਗ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ‘ਚ ਭਾਰਤੀ ਫ਼ੌਜ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੇਵਾ ਲਈ ਵਚਨਬੱਧ ਹੈ।
ਪੱਛਮੀ ਕਮਾਂਡ ਦੇ ਤਾਲਮੇਲ ਅਧਿਕਾਰੀ ਕਰਨਲ ਜਸਦੀਪ ਸੰਧੂ ਨੇ ਦੱਸਿਆ ਕਿ ਪੱਛਮੀ ਕਮਾਂਡ ਵੱਲੋਂ ਰਾਜ ਸਰਕਾਰ ਨੂੰ ਕੋਵਿਡ ਦੀ ਇਸ ਭਿਆਨਕ ਮਹਾਂਮਾਰੀ ਨਾਲ ਨਜਿੱਠਣ ਲਈ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਕਰਨਲ ਸੰਧੂ ਨੇ ਦੱਸਿਆ ਕਿ ਦੇਸ਼ ਨੂੰ ਕੋਵਿਡ ਮੁਕਤ ਬਣਾਉਣ ਲਈ ਭਾਰਤੀ ਫ਼ੌਜ ਹਰ ਪੱਖੋਂ ਆਪਣਾ ਯੋਗਦਾਨ ਪਾ ਰਹੀ ਹੈ ਅਤੇ ਫ਼ੌਜ ਦੇ ਡਾਕਟਰ ਵੀ ਮੂਹਰਲੀ ਕਤਾਰ ਦੇ ਯੋਧੇ ਬਣਕੇ ਕੋਵਿਡ ਮਰੀਜਾਂ ਦੀ ਸੰਭਾਲ ਕਰ ਰਹੇ ਹਨ।
ਇਸ ਹਸਪਤਾਲ ਨੂੰ ਚਲਾਉਣ ਵਾਲੀ ਫ਼ੌਜ ਦੀ ਯੂਨਿਟ ਦੇ ਕਮਾਂਡਿੰਗ ਅਫ਼ਸਰ ਕਰਨਲ ਡਾ. ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੁਪਰਸਪੈਸ਼ਿਲਿਟੀ ਬਲਾਕ ਦੀ ਦੂਜੀ ਮੰਜਿਲ ‘ਤੇ ਸਥਾਪਤ ਪੱਛਮੀ ਕਮਾਂਡ ਦੇ ਇਸ ਹਪਸਤਾਲ ‘ਚ ਦਾਖਲ ਹੋਣ ਵਾਲੇ ਮਰੀਜਾਂ ਦੀ ਦੇਖਭਾਲ ਲਈ
ਆਈ.ਸੀ.ਐਮ.ਆਰ. ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਡਾਕਟਰ, ਹੋਰ ਮੈਡੀਕਲ ਤੇ ਪ੍ਰਬੰਧਕੀ ਅਮਲੇ ਦੇ ਮੈਂਬਰ, ਜੋ ਕਿ 24 ਘੰਟੇ ਹਫ਼ਤੇ ਦੇ 7 ਦਿਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਐਂਬੂਲੈਂਸ, ਤੋਂ ਇਲਾਵਾ ਹੋਰ ਲੋੜੀਂਦਾ ਸਾਜੋ ਸਮਾਨ ਵੀ ਉਪਲਬੱਧ ਹੈ।
ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਭਾਰਤੀ ਫ਼ੌਜ ਦਾ ਇੱਥੇ ਪੁੱਜਣ ‘ਤੇ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਤੇ ਸ੍ਰੀਮਤੀ ਪ੍ਰਨੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੀ ਮੌਜੂਦ ਸਨ।