ਰਜਿਸਟਰਡ ਮਰੀਜ਼ਾਂ ਨੂੰ ਦੋ ਹਫ਼ਤਿਆਂ ਦੀ ਦਵਾਈ ਘਰ ਲੈ ਜਾਣ ਦੀ ਹੋਵੇਗੀ ਆਗਿਆ : ਸਿਵਲ ਸਰਜਨ

TeamGlobalPunjab
2 Min Read

ਬਠਿੰਡਾ, 30 ਮਾਰਚ : ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਇਸ ਚੁਣੌਤੀ ਪੂਰਨ ਸਮੇਂ ਦੌਰਾਨ ਨਸ਼ਿਆਂ ਦੇ ਪੀੜਤ ਮਰੀਜ਼ਾਂ ਲਈ ਪੰਜਾਬ ਸਰਕਾਰ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਇਸ ਰਾਹਤ ਵਿਚ ਸਰਕਾਰ ਨੇੇ ਓਟ ਕਲੀਨਿਕ, ਸਰਕਾਰੀ ਨਸ਼ਾ ਛਡਾਊ ਕੇਂਦਰਾਂ ਅਤੇ ਲਾਇਸੰਸਸ਼ੁਦਾ ਪ੍ਰਾਇਵੇਟ ਨਸ਼ਾ ਛਡਾਊ ਕੇਂਦਰਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰ ਦੁਆਰਾ ਮੁਲਾਂਕਣ ਤੋਂ ਬਾਅਦ ਰਜਿਸਟਰਡ ਮਰੀਜ਼ਾਂ ਨੂੰ ਦੋ ਹਫ਼ਤੇ ਦੀ ਦਵਾਈ ਘਰ ਲੈ ਜਾਣ ਦੀ ਸਹੂਲਤ ਦੇਣ ਦੀ ਮਨਜ਼ੂਰੀ ਦਿੱਤੀ ਹੈ।

 

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਵਿੱਚ ਚੱਲ ਰਹੇ ਨਸ਼ਾ ਛਡਾਊ ਕੇਂਦਰ, ਓਟ ਕਲੀਨਕ ਤੇ ਲਾਇਸੰਸਸ਼ੁਦਾ ਕੇਂਦਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਕਰਫ਼ਿਊ ਤੇ ਤਾਲਾਬੰਦੀ ਦੇ ਦੌਰਾਨ ਸਰਕਾਰ ਨੇ ਨਸ਼ਿਆਂ ਦੀ ਆਦਤ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਲਈ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।

ਉਨਾਂ ਦੱਸਿਆ ਕਿ ਇਸ ਵਾਇਰਸ ਬਾਰੇ ਜਾਗਰੂਕ ਪੈਦਾ ਕਰਨ ਲਈ ਮਰੀਜ਼ਾਂ ਵਿਚ ਸਮਾਜਿਕ ਦੂਰੀ ਬਣਾਈ ਰੱਖਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਇਨਾਂ ਕੇਂਦਰਾਂ ਵਿੱਚ ਦਵਾਈਆਂ ਲੈਣ ਦੌਰਾਨ ਇਕ ਦੂਜੇ ਤੋਂ ਦੂਰੀ ਬਣਾਏ ਰੱਖਣ ਸਬੰਧੀ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਕਦਮ ਇਨਾਂ ਕੇਂਦਰਾਂ ਵਿੱਚ ਨਸ਼ਿਆਂ ਦੇ ਮਰੀਜ਼ਾਂ ਦੇ ਆਉਣ-ਜਾਣ ਨੂੰ ਘੱਟ ਕਰਨ ਲਈ ਚੁੱਕੇ ਗਏ ਹਨ ਤਾਂ ਜੋ ਕੋਰੋਨਾ ਵਾਇਰਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਕੇਂਦਰਾਂ ਵਿੱਚ ਆਉਣ ਸਮੇਂ ਮਰੀਜ਼ਾਂ ਨੂੰ ਕਰੋਨਾ ਵਾਇਰਸ ਅਤੇ ਇਸ ਦੇ ਰੋਕਥਾਮ ਉਪਾਆਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ।

ਉਨਾਂ ਕਿਹਾ ਕਿ ਜ਼ਿਆਦਾ ਬੁਖਾਰ, ਖੁਸ਼ਕ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੀ ਸਥਿਤੀ ਵਿੱਚ ਉਨਾਂ ਨੂੰ ਲਾਜ਼ਮੀ ਤੌਰ ‘ਤੇ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਉਨਾਂ ਦੇ ਸਬੰਧਤ ਨਸ਼ਾ ਛੁਡਾਊ ਕੇਂਦਰਾਂ ਤੇ ਓਓਏਟੀ ਕਲੀਨਿਕਾਂ ਵਿੱਚ ਆਉਣ ਸਬੰਧੀ ਸਹੂਲਤ ਦੇਣ ਲਈ ਜ਼ਿਲਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। ਟੌਲ ਫਰੀ ਹੈਲਪਲਾਈਨ ਨੰਬਰ 104 ਰਾਹੀਂ ਦਿਨ-ਰਾਤ ਡਾਕਟਰੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

Share This Article
Leave a Comment