ਮੱਕੀ ਤੇ ਫ਼ਾਲ ਆਰਮੀਵਰਮ ਕੀੜੇ ਦੀ ਸਫਲ ਰੋਕਥਾਮ ਕਿਵੇਂ ਕਰੀਏ

TeamGlobalPunjab
8 Min Read

ਫ਼ਾਲ ਆਰਮੀਵਰਮ ਅਮਰੀਕੀ ਮਹਾਂਦੀਪ ਦਾ ਇੱੱਕ ਤਬਾਹਕਾਰੀਕਾਰੀ ਕੀੜਾ ਹੈ, ਜਿਸ ਨੇ ਹਾਲ ਹੀ ਵਿੱੱਚ ਭਾਰਤ ਪਹੁੰਚ ਕੇ ਥੋੜ੍ਹੇ ਸਮੇਂ ਵਿੱਚ ਹੀ ਲਗਭਗ ਸਾਰੇ ਦੇਸ਼ ਵਿੱੱਚ ਮੱੱਕੀ ਦੀ ਫ਼ਸਲ ਦਾ ਬਹੁਤ ਨੁਕਸਾਨ ਕੀਤਾ ਹੈ। ਪੰਜਾਬ ਵਿੱੱਚ ਵੀ ਇਹ ਕੀੜਾ ਬੀਤੇ ਸਾਲ 2019 ਵਿੱਚ ਸਾਉਣੀ ਰੁੱਤ ਦੀ ਪਛੇਤੀ ਬੀਜੀ ਮੱਕੀ ਦੀ ਫ਼ਸਲ ਤੇ ਵੇਖਿਆ ਗਿਆ ਸੀ ਅਤੇ ਹੁਣ ਇਸ ਦਾ ਬਹਾਰ ਰੁੱਤ ਦੀ ਅਤੇ ਚਾਰੇ ਵਾਲੀ ਮੱਕੀ ਤੇ ਆਉਣ ਦਾ ਖਦਸ਼ਾ ਹੈ। ਇਹ ਕੀੜਾ ਪੰਜਾਬ ਦੇ ਨਾਲ ਲੱੱਗਦੇ ਸੂਬਿਆਂ ਵਿੱਚ ਬੀਜੀ ਹੋਈ ਸਰਦ ਰੁੱਤ ਦੀ ਮੱਕੀ ਦੀ ਫ਼ਸਲ ਤੇ ਵੀ ਆ ਸਕਦਾ ਹੈ। ਹਾਂਲਾਕਿ ਇਹ ਕੀੜਾ ਕਈ ਫ਼ਸਲਾਂ ਨੂੰ ਖਾਂਦਾ ਹੈ, ਪਰ ਇਹ ਮੁੱਖ ਤੌਰ ‘ਤੇ ਮੱੱਕੀ ਦੀ ਫ਼ਸਲ ਤੇ ਹਮਲਾ ਕਰਦਾ ਹੈ। ਇਸ ਕਰਕੇ ਇਸ ਕੀੜੇ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਇਸ ਲਈ ਕਿਸਾਨ ਆਪਣੇ ਮੱੱਕੀ ਦੇ ਖੇਤਾਂ ਦਾ ਚੰਗੀ ਤਰ੍ਹਾਂ ਸਰਵੇਖਣ ਕਰਕੇ ਹੇਠ ਲਿਖੇ ਅਨੁਸਾਰ ਰੋਕਥਾਮ ਕਰਨ:

ਫ਼ਾਲ ਅਰਮੀਵਰਮ ਦੀ ਪਛਾਣ: ਨਰ ਪਤੰਗੇ ਦੀਆਂ ਦੋ ਖਾਸ ਨਿਸ਼ਾਨੀਆਂ ਹਨ। ਅਗਲੇ ਖੰਭ ਦੇ ਮੂਹਰਲੇ ਸਿਰੇ ਦੇ ਮੱਧ ਵਿੱਚ ਇੱਕ ਹਲਕੇ ਭੂਰੇ ਰੰਗ ਦਾ ਧੱਬਾ ਅਤੇ ਸਿਰੇ ਤੇ ਚਿੱਟੇ ਰੰਗ ਦੀ ਪੱੱਟੀ ਹੁੰਦੀ ਹੈ।ਫ਼ਾਲ ਆਰਮੀਵਰਮ ਦੀਆਂ ਸੁੰਡੀਆਂ ਹਰੇ, ਹਲਕੇ ਭੁਰੇ ਤੋਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ। ਸੁੰਡੀ ਦੀ ਪਛਾਣ ਪੂਛ ਦੇ ਲਾਗੇ ਬਣੇ ਚਾਰ ਬਿੰਦੂਆਂ ਅਤੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ਵਾਈ ਦੇ ਉਲਟੇ ਨਿਸ਼ਾਨ ਤੋਂ ਹੋ ਜਾਂਦੀ ਹੈ।

ਫ਼ਾਲ ਅਰਮੀਵਰਮ ਦਾ ਜੀਵਨ ਚੱਕਰ: ਇੱਕ ਮਾਦਾ ਕੀੜਾ ਝੁੰਡਾਂ ਦੇ ਰੂਪ ਵਿੱੱਚ ਵਾਲਾਂ ਨਾਲ ਢੱਕੇ 1000 ਤੋਂ ਵੱਧ ਅੰਡੇ ਪੱੱਤਿਆਂ ਦੇ ਉਪਰ ਜਾਂ ਹੇਠਲੀ ਸਤ੍ਹਾ ਤੇ ਰਾਤ ਦੇ ਸਮੇਂ ਦਿੰਦੀ ਹੈ।ਅੰਡਿਆਂ ਵਿੱੱਚੋਂ ਸੁੰਡੀਆਂ 4 ਤੋਂ 6 ਦਿਨਾਂ ਵਿੱੱਚ ਨਿਕਲ ਆਉਂਦੀਆਂ ਹਨ। ਸੁੰਡੀ 14 ਤੋਂ 20 ਦਿਨਾਂ ਦੇ ਵਿਕਾਸ ਦੌਰਾਨ 6 ਅਵਸਥਾਵਾਂ ਵਿੱਚੋਂ ਗੁਜ਼ਰਦੀ ਹੈ। ਇਸ ਤੋਂ ਬਾਅਦ ਕੋਆ (ਪਿਉਪਾ) ਬਣਦਾ ਹੈ, ਜੋ ਕਿ ਲਾਲ-ਭੂਰੇ ਰੰਗ ਦਾ ਅਤੇ ਆਮ ਤੌਰ ਤੇ ਜ਼ਮੀਨ ਵਿੱਚ ਹੁੰਦਾ ਹੈ। ਕੋਆ 8 ਤੋਂ 10 ਦਿਨਾਂ ਵਿੱਚ ਬਾਲਗ ਕੀੜਾ ਬਣ ਜਾਂਦਾ ਹੈ। ਬਾਲਗ ਕੀੜਾ 4 ਤੋਂ 6 ਦਿਨ ਜਿਉਂਦਾ ਰਹਿੰਦਾ ਹੈ ਅਤੇ ਅਨੁਕੂਲ ਹਾਲਤਾਂ ਵਿਚ ਸਾਰਾ ਜੀਵਨ ਚੱੱਕਰ 26 ਤੋਂ 36 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ।ਪਤੰਗਾ ਫ਼ਸਲ ਦੀ ਭਾਲ ਵਿੱਚ ਇੱਕ ਰਾਤ ਵਿੱਚ ਹੀ 100 ਕਿਲੋਮੀਟਰ ਤੱਕ ਉਡ ਸਕਦਾ ਹੈ।

ਫ਼ਾਲ ਅਰਮੀਵਰਮ ਦੇ ਮੱਕੀ ਤੇ ਨੁਕਸਾਨ ਦੇ ਲੱਛਣ: ਆਮ ਤੌਰ ਤੇ ਇਸ ਕੀੜੇ ਦਾ ਹਮਲਾ ਖੇਤਾਂ ਵਿੱਚ ਧੌੜੀਆਂ ਵਿੱੱਚ ਸ਼ੁਰੁ ਹੋ ਕੇ ਬਹੁਤ ਜਲਦੀ ਸਾਰੇ ਖੇਤ ਵਿਚ ਫੈਲ ਜਾਂਦਾ ਹੈ। ਮੁਖ ਤੌਰ ‘ਤੇ ਸੁੰਡੀਆਂ ਹੀ ਫ਼ਸਲ ਨੂੰ ਨੁਕਸਾਨ ਪਹੁੰਚਦੀਆਂ ਹਨ। ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ਤੇ ਲੰਮੇ- ਆਕਾਰ ਦੇ ਕਾਗਜ਼ੀ ਨਿਸ਼ਾਨ ਹਮਲੇ ਦੇ ਸ਼ੁਰੂਆਤ ਵਿੱੱਚ ਬਣਦੇ ਹਨ। ਜਦੋਂ ਸੁੰਡੀਆਂ ਵੱੱਡੀਆਂ ਹੁੰਦੀਆਂ ਹਨ ਤਾਂ ਪੱੱਤਿਆਂ ਉਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਇਨ੍ਹਾਂ ਮੋਰੀਆਂ ਦਾ ਆਕਾਰ ਸੁੰਡੀਆਂ ਦੇ ਵਿਕਾਸ ਨਾਲ ਵੱੱਧਦਾ ਜਾਂਦਾ ਹੈ। ਪੰਜਵੀਂ-ਛੇਵੀਂ ਅਵਸਥਾ ਦੀਆਂ ਸੁੰਡੀਆਂ ਗੋਭ ਦੇ ਪੱਤਿਆਂ ਨੂੰ ਬੁਰੀ ਤਰ੍ਹਾਂ ਖਾ ਕੇ, ਇਨ੍ਹਾਂ ਨੂੰ ਲਗਭਗ ਪੂਰੀ ਤਰ੍ਹਾਂ ਖਤਮ ਕਰ ਦਿੰਦੀਆਂ ਹਨ ਅਤੇ ਭਾਰੀ ਮਾਤਰਾ ਵਿੱਚ ਵਿਠਾਂ ਕਰਦੀਆਂ ਹਨ।

ਰੋਕਥਾਮ: ਮੱਕੀ ਪੰਜਾਬ ਵਿੱਚ ਤਕਰੀਬਨ ਸਾਰਾ ਸਾਲ ਹੀ ਉਗਾਈ ਜਾਂਦੀ ਹੈ, ਇਸ ਲਈ ਹਮਲੇ ਦੀ ਸ਼ੁਰੂਆਤ ਵਿੱਚ ਹੀ ਰੋਕਥਾਮ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ, ਇਸ ਕੀੜੇ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਕਾਸ਼ਤਕਾਰੀ ਉਪਰਾਲੇ

ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਸ਼ਿਫ਼ਾਰਸ਼ ਸਮੇਂ (15 ਫ਼ਰਵਰੀ ਤੱਕ) ਵਿੱਚ ਹੀ ਕਰਨੀ ਚਾਹੀਦੀ ਹੈ ਤਾਂ ਜੋ ਕੀੜੇ ਲਈ ਮੱਕੀ ਦੇ ਲਗਾਤਾਰ ਮੁਹੱਈਆ ਹੋਣ ਦਾ ਸਮਾਂ ਘਟਾਇਆ ਜਾ ਸਕੇ।

ਇਸੇ ਤਰ੍ਹਾਂ ਚਾਰੇ ਵਾਲੀ ਮੱਕੀ ਦੀ ਬਿਜਾਈ ਮਾਰਚ ਤੋਂ ਸਤੰਬਰ ਦੀ ਬਜਾਏ ਅੱਧ-ਅਪ੍ਰੈਲ ਤੋਂ ਅੱਧ-ਅਗਸਤ ਤੱਕ ਸੀਮਿਤ ਕੀਤੀ ਜਾਵੇ ।
ਨਾਲ ਲਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਨਾ ਕਰੀਏ ਜਿਵੇਂ ਕੇ ਬਹਾਰ ਰੱੁੱਤ ਦੀ ਮੱਕੀ ਬੀਜਣ ਵਾਲੇ ਕਿਸਾਨ ਨਾਲ ਲਗਦੇ ਖੇਤ ਵਿੱਚ ਚਾਰੇ ਜਾਂ ਸਾਈਲੇਜ ਲਈ ਮੱਕੀ ਨਾ ਬੀਜਣ। ਇਸ ਤਰ੍ਹਾਂ ਕਰਨ ਨਾਲ ਕੀੜੇ ਦੇ ਵਧਣ-ਫੁੱਲਣ ਅਤੇ ਫ਼ੈਲਣ ਨੂੰ ਰੋਕਿਆ ਜਾ ਸਕਦਾ ਹੈ।

ਚਾਰੇ ਵਾਲੀ ਮੱਕੀ ਵਿੱਚ ਅਤਿ-ਸੰਘਣੀ ਬਿਜਾਈ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਿਫ਼ਾਰਸ਼ ਕੀਤੀ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀ ਏਕੜ) ਕਤਾਰਾਂ ਵਿੱਚ ਬਿਜਾਈ ਲਈ ਵਰਤੀ ਜਾਵੇ।
ਕੀੜੇ ਦਾ ਤੇਜ਼ੀ ਨਾਲ ਫੈਲਾਅ ਰੋਕਣ ਲਈ ਚਾਰੇ ਵਾਲੀ ਮੱਕੀ ਵਿੱਚ ਰਵਾਂਹ/ਬਾਜਰਾ/ਜੁਆਰ ਰਲਾ ਕੇ ਹੀ ਬੀਜਣਾ ਚਾਹੀਦਾ ਹੈ।

ਕੀਟਨਾਸ਼ਕਾਂ ਨਾਲ ਰੋਕਥਾਮ

ਕੀੜੇ ਦਾ ਹਮਲਾ ਦਿਖਾਈ ਦੇਣ ਤੇ ਦਾਣਿਆਂ ਵਾਲੀ ਫ਼ਸਲ ਤੇ ਕੀਟਨਾਸ਼ਕ ਕੋਰਾਜਨ 18.5 ਐਸ ਸੀ (ਕਲੋਰੈਂਟਰਾਨਿਲੀਪਰੋਲ) ਨੂੰ 0.4 ਮਿਲੀਲਿਟਰ ਜਾਂ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਨੂੰ 0.5 ਮਿਲੀਲਿਟਰ ਜਾਂ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ 0.4 ਗ੍ਰਾਮ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਚਾਰੇ ਵਾਲੀ ਫ਼ਸਲ ਤੇ ਉਪਰ ਦੱੱਸੇ ਅਨੁਸਾਰ ਕੋਰਾਜਨ 18.5 ਐਸ ਸੀ (ਕਲੋਰੈਂਟਰਾਨਿਲੀਪਰੋਲ) ਨੂੰ 0.4 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਚਾਰੇ ਵਾਲੀ ਮੱਕੀ ਵਿੱਚ ਕੀਟਨਾਸ਼ਕ ਦਾ ਛਿੜਕਾਅ 40 ਦਿਨਾਂ ਦੀ ਫ਼ਸਲ ਤੋਂ ਬਾਅਦ ਬਿਲਕੁਲ ਨਾ ਕੀਤਾ ਜਾਵੇ ।ਇਸ ਨਾਲ ਛਿੜਕਾਅ ਤੋਂ ਵਾਢੀ ਵਿਚਲਾ ਸਮਾਂ ਘੱਟੋ-ਘੱਟ 21 ਦਿਨਾਂ ਦਾ ਰੱਖਿਆ ਜਾ ਸਕੇ,ਤਾਂ ਜੋ ਛਿੜਕਾਅ ਕੀਤੇ ਕੀਟਨਾਸ਼ਕ ਦਾ ਮਾੜਾ ਪ੍ਰਭਾਵ ਪਸ਼ੂਆਂ ਤੇ ਨਾ ਹੋ ਸਕੇ।

ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਕਰਨ ਵੇਲੇ ਸਪਰੇਅ ਪੰਪ ਦੀ ਨੋਜ਼ਲ ਦੀ ਦਿਸ਼ਾ ਮੱਕੀ ਦੇ ਬੂਟੇ ਦੀ ਗੋਭ ਵੱੱਲ ਹੋਣੀ ਚਾਹੀਦੀ ਹੈ।

ਧਿਆਨ ਰੱਖੋ ਕੇ 20 ਦਿਨਾਂ ਤੱਕ ਦੀ ਫ਼ਸਲ ਉਪਰ 120 ਲਿਟਰ ਅਤੇ ਇਸ ਤੋਂ ਵੱਡੀ ਫ਼ਸਲ ਲਈ 200 ਲਿਟਰ ਪਾਣੀ ਪ੍ਰਤੀ ਏਕੜ ਦੀ ਵਰਤੋਂ ਕਰਨੀ ਲਾਜ਼ਮੀ ਹੈ।

ਫ਼ਸਲ ਦਾ ਸਰਵੇਖਣ ਕਰਨ ਦਾ ਢੰਗ: ਫ਼ਾਲ ਆਰਮੀਵਰਮ ਦੀ ਸੁਚੱਜੀ ਰੋਕਥਾਮ ਲਈ ਫ਼ਸਲ ਵਿੱੱਚ ਕੀੜੇ ਦਾ ਸਮੇਂ-ਸਮੇਂ ਤੇ ਸਰਵੇਖਣ ਕਰਨਾ ਬਹੁਤ ਮਹੱਤਵਪੂਰਨ ਹੈ। ਸਰਵੇਖਣ ਲਈ ਖੇਤ ਦੀਆਂ ਸਾਈਡ ਤੋਂ 4-5 ਕਤਾਰਾਂ ਛੱਡ ਕੇ ਖੇਤ ਅੰਦਰ ਚੱਕਰ ਲਗਾਉ।

ਕਿਨਾਰਿਆਂ ਤੇ 20-20 ਬੂਟਿਆਂ ਨੂੰ ਚੰਗੀ ਤਰ੍ਹਾਂ ਪਰਖੋ ਅਤੇ ਹਮਲੇ ਵਾਲੇ ਬੂਟਿਆਂ ਦੀ ਗਿਣਤੀ ਨੋਟ ਕਰੋ। ਹਰ ਇੱੱਕ ਕੋਨੇ ਤੇ ਹਮਲੇ ਵਾਲੇ ਬੂਟਿਆਂ ਦਾ ਪ੍ਰਤੀਸ਼ਤ ਕੱੱਢੋ। ਉਦਾਹਰਨ ਲਈ ਜੇਕਰ 20 ਵਿੱਚੋਂ 2 ਬੂਟਿਆਂ ਉਪਰ ਹਮਲਾ ਹੈ ਤਾਂ ਹਮਲਾ 10 ਪ੍ਰਤੀਸ਼ਤ ਹੈ। ਖੇਤ ਦਾ ਸਰਵੇਖਣ ਹਰ ਹਫ਼ਤੇ ਕਰਦੇ ਰਹਿਣਾ ਚਾਹੀਦਾ ਹੈ। ਸੁੰਡੀਆਂ ਦਾ ਹਮਲਾ ਦਿਸਦੇ ਹੀ ਇਸ ਦੇ ਜੀਵਨ ਚਕਰ ਨੂੰ ਅੱਗੇ ਵਧਣ ਤੋਂ ਰੋਕਣ ਲਈ ਤੁਰੰਤ ਆਪਣੇ ਖੇਤਾਂ ਵਿੱੱਚ ਉੱਪਰ ਲਿਖੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ।

ਸਾਵਧਾਨੀਆਂ

ਫ਼ਾਲ ਅਰਮੀਵਰਮ ਕੀੜੇ ਨੂੰ ਮਕੀ ਦੀ ਫ਼ਸਲ ਉਪਰ ਤੇਜੀ ਨਾਲ ਫੈਲਣ ਤੋਂ ਰੋਕਣ ਲਈ ਜ਼ਿਆਦਾ ਚੁਕੰਨੇ ਰਹਿਣ ਦੀ ਲੋੜ ਹੈ।
ਨਾਲ ਲਗਦੇ ਖੇਤਾਂ ਵਿੱੱਚ ਮੱੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਨਾ ਕੀਤੀ ਜਾਵੇ।
ਚਾਰੇ ਵਾਲੀ ਮੱਕੀ ਦੀ ਬਿਜਾਈ ਛਿੱੱਟੇ ਨਾਲ ਨਾ ਕਰੋ।

ਕੀਟਨਾਸ਼ਕਾਂ ਦਾ ਛਿੜਕਾਅ ਸ਼ਿਫ਼ਾਰਸ਼ ਅਨੁਸਾਰ ਗੋਭ ਵਿੱਚ ਕਰੋ, ਕਿਉਂਕਿ ਵੱਡੀਆਂ ਸੁੰਡੀਆਂ ਗੋਭ ਵਿੱਚੋਂ ਖਾਣਾ ਪਸੰਦ ਕਰਦੀਆਂ ਹਨ।
ਧਿਆਨ ਰੱਖੋ ਕੇ ਪਾਣੀ ਅਤੇ ਕੀਟਨਾਸ਼ਕ ਦੀ ਮਾਤਰਾ ਫ਼ਸਲ ਦੇ ਵਾਧੇ ਨਾਲ ਵਧ ਜਾਂਦੀ ਹੈ।
ਛਿੜਕਾਅ ਉਪਰੰਤ ਚਾਰੇ ਵਾਲੀ ਫ਼ਸਲ ਨੂੰ 21 ਦਿਨ ਤੱਕ ਨਾ ਵਰਤੋਂ।

-ਜਵਾਲਾ ਜਿੰਦਲ, ਹਰਪ੍ਰੀਤ ਕੌਰ ਚੀਮਾ ਅਤੇ ਕਮਲਜੀਤ ਸਿੰਘ ਸੂਰੀ

ਸੰਪਰਕ: 9988401521

Share This Article
Leave a Comment