ਮੋਹਾਲੀ ਵਿਖੇ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਨੂੰ ਅਤਿ-ਆਧੁਨਿਕ ਬਣਾਉਣ ਲਈ ਉਲੀਕੀ ਜਾ ਰਹੀ ਹੈ ਵਿਆਪਕ ਯੋਜਨਾ: ਅਮਨ ਅਰੋੜਾ

Prabhjot Kaur
2 Min Read

ਚੰਡੀਗੜ੍ਹ/ਐਸ.ਏ.ਐਸ.ਨਗਰ: ਪੰਜਾਬ ਦੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਐਸ.ਏ.ਐਸ.ਨਗਰ (ਮੋਹਾਲੀ) ਵਿਖੇ ਸਥਿਤ ਸਰਕਾਰੀ ਪ੍ਰੈੱਸ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਇੱਕ ਵਿਆਪਕ ਯੋਜਨਾ ਉਲੀਕ ਰਹੀ ਹੈ।
ਉਹ ਅੱਜ ਐਸ.ਏ.ਐਸ.ਨਗਰ ਵਿਖੇ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਦੇ ਸੰਚਾਲਨ ਦਾ ਜਾਇਜ਼ਾ ਲੈਣ ਅਤੇ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਦੌਰਾ ਕਰਨ ਆਏ ਸਨ।

ਜ਼ਿਕਰਯੋਗ ਹੈ ਕਿ ਅਮਨ ਅਰੋੜਾ ਨੇ ਹਾਲ ਹੀ ਵਿੱਚ ਇਸ ਵਿਭਾਗ ਦੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਪਟਿਆਲਾ ਵਿਖੇ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਦਾ ਵੀ ਦੌਰਾ ਕੀਤਾ ਸੀ।

ਅਮਨ ਅਰੋੜਾ ਨੇ ਪ੍ਰਮੁੱਖ ਸਕੱਤਰ ਪ੍ਰਿੰਟਿੰਗ ਅਤੇ ਸਟੇਸ਼ਨਰੀ ਵੀ.ਕੇ.ਮੀਨਾ, ਕੰਟਰੋਲਰ ਪੁਨੀਤ ਗੋਇਲ ਅਤੇ ਵਧੀਕ ਕੰਟਰੋਲਰ ਆਨੰਦ ਸਾਗਰ ਸ਼ਰਮਾ ਨਾਲ ਪ੍ਰਿੰਟਿੰਗ ਪ੍ਰੈੱਸ ਦੇ ਸਾਰੇ ਸੈਕਸ਼ਨਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ।

ਪ੍ਰਿੰਟਿੰਗ ਪ੍ਰੈੱਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈੱਸ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸੂਬਾ ਸਰਕਾਰ ਦੀ ਇਸ ਵੱਕਾਰੀ ਸੰਸਥਾ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ ਮਾਨ ਸਰਕਾਰ ਇਸ ਪ੍ਰਿੰਟਿੰਗ ਪ੍ਰੈੱਸ ਦੇ ਇਮਾਰਤੀ ਢਾਂਚੇ ਨੂੰ ਬਿਹਤਰ ਬਣਾਉਣ ਤੋਂ ਇਲਾਵਾ ਡਿਜੀਟਲ ਬੁਨਿਆਦੀ ਢਾਂਚੇ ਨਾਲ ਲੈਸ ਨਵੀਨਤਮ ਤਕਨਾਲੋਜੀ ਨਾਲ ਅਪਗ੍ਰੇਡ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਦੁਹਰਾਇਆ ਕਿ ਸੂਬਾ ਸਰਕਾਰ ਦੇ ਸਾਰੇ ਪ੍ਰਿੰਟਿੰਗ ਸਟੇਸ਼ਨਰੀ ਦੇ ਕੰਮ ਇਸ ਵਿਭਾਗ ਵੱਲੋਂ ਹੀ ਕੀਤੇ ਜਾਣੇ ਚਾਹੀਦੇ ਹਨ।

- Advertisement -

ਵਿਭਾਗ ਦੇ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਵਿਭਾਗ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਣਥੱਕ ਮਿਹਨਤ ਕਰਨਗੇ।

Share this Article
Leave a comment