ਬਿੰਦੁੂ ਸਿੰਘ
ਪੰਜਾਬ ਚੋਣਾਂ ਨੂੰ ਲੈ ਕੇ ਹਫ਼ਤੇ ਦਾ ਦੂਜਾ ਦਿਨ ਸਿਆਸੀ ਗਤੀਵਿਧੀਆਂ ਲਈ ਕਾਫ਼ੀ ਗਹਿਮਾ ਗਹਿਮੀ ਵਾਲਾ ਰਿਹਾ। ਮਹਾਂਮਾਰੀ ਪਾਬੰਦੀਆਂ ਦੇ ਚੱਲਦੇ, ਕਿਹਾ ਜਾ ਸਕਦਾ ਹੈ ਕਿ ਅੱਜ ਇਸ ਵਾਰ ਦੀਆਂ ਚੋਣਾਂ ਦੇ ਦੌਰਾਨ ਪਹਿਲਾ ਦਿਨ ਸੀ ਜਦੋਂ ਰੈਲੀਆਂ ਨੂੰ ਸੰਬੋਧਨ ਕਰਨ ਲਈ ਦੋ ਵੱਡੇ ਲੀਡਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਇਕੋ ਦਿਨ ਪੰਜਾਬ ਲਈ ਪ੍ਰਚਾਰ ਕੀਤਾ।
ਇੱਕ ਪਾਸੇ ਜਿੱਥੇ ਕੁਮਾਰੀ ਮਾਇਆਵਤੀ ਨੇ ਹੁਸ਼ਿਆਰਪੁਰ ਆਕੇ ਅਕਾਲੀ ਬਸਪਾ ਗੱਠਜੋੜ ਲਈ ਰੈਲੀ ‘ਚ ਪ੍ਰਚਾਰ ਕੀਤਾ ਜਿਸ ਚੋਂ ਮਾਇਆਵਤੀ ਤੇ ਸੁਖਬੀਰ ਸਿੰਘ ਬਾਦਲ ਦਾ ਸਾਂਝਾ ਬਿਆਨ ਆਇਆ ਹੈ ਕਿ ਜੇਕਰ ਉਨ੍ਹਾਂ ਦੇ ਗੱਠਜੋੜ ਵਾਲੀ ਸਰਕਾਰ ਬਣਦੀ ਹੈ ਤੇ ਫਿਰ ਇੱਕ ਡਿਪਟੀ ਮੁੱਖ ਮੰਤਰੀ ਬਹੁਜਨ ਸਮਾਜ ਪਾਰਟੀ ਤੋਂ ਵੀ ਬਣਾਇਆ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਭਾਈਵਾਲ ਪਾਰਟੀ ਦੀ ਸੁਪਰੀਮੋ ਮਾਇਆਵਤੀ ਦੇ ਪ੍ਰਸੰਸਾ ਦੇ ਕਸੀਦੇ ਪੜ੍ਹਦੇ ਨਜ਼ਰ ਆਏ ਤੇ ਨਾਲ ਹੀ ਕਾਂਗਰਸ ਪਾਰਟੀ ਨੂੰ ਵੀ ਘੇਰਨਾ ਨਾ ਭੁੱਲੇ ਤੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਲਿਤ ਵਿਰੋਧੀ ਪਾਰਟੀ ਹੈ। ਜ਼ਿਕਰ ਕਰਨਾ ਜ਼ਰੂਰੀ ਹੈ ਕਿ ਬੀਤੇ ਕੱਲ੍ਹ ਹੀ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਦੇ ਨਾਂਅ ਤੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਮੋਹਰ ਲਾਈ ਸੀ।
ਇਸੇ ਤਰ੍ਹਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕਿਆਂ ‘ਚ ਰੈਲੀ ਨੁੂੰ ‘Virtual Mode’ ਰਾਹੀਂ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨਡੀਏ ਕੋਲ ਨਵਾਂ ਪੰਜਾਬ ਸਿਰਜਨ ਲਈ ਵੀਜ਼ਨ ਹੈ ਜਿਸ ਨਾਲ ਖੇਤੀ ਤੇ ਵਿਉਪਾਰ ਦਾ ਵਿਕਾਸ ਹੋ ਸਕੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਨਾਲ ਪਾਰਟੀਆਂ ਵਾਲਾ ਗੱਠਜੋੜ ਹਮੇਸ਼ਾਂ ਸਿੱਖ ਰਿਵਾਇਤਾਂ ਦਾ ਹਮਾਇਤੀ ਰਿਹਾ ਹੈ। ਦੂਜੇ ਪਾਸੇ ਉਨ੍ਹਾਂ ਨੇ 1984 ਸਿੱਖ ਕਤਲੇਆਮ ਨੂੰ ਲੈ ਕੇ ਕਾਂਗਰਸ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਪਰ ਉਨ੍ਹਾਂ ਦੀ ਸਰਕਾਰ ਨੇ ਨਸਲਕੁਸ਼ੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਤੱਕ ਪਹੁੰਚਾਉਣ ਲਈ ਚਾਰਾਜੋਈ ਕੀਤੀ ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਗਰਸ ਕਰਤਾਰਪੁਰ ਸਾਹਿਬ ਨੂੰ ਭਾਰਤ ਦੀ ਹੱਦ ਵਿੱਚ ਨਹੀਂ ਰੱਖ ਸਕੀ ਜਦੋਂ ਕਿ ਉਨ੍ਹਾਂ ਦੀ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ।
ਉੱਥੇ ਹੀ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਕਿਸਾਨਾਂ ਦੀ ਸੰਯੁਕਤ ਸਮਾਜ ਪਾਰਟੀ ਵੱਲੋਂ ‘ਇਕਰਾਰਨਾਮਾ’ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੇੈਲ। ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿੱਚ ਪ੍ਰਮੁੱਖ ਤੌਰ ਤੇ 25 ਨੁਕਤੇ ਰੱਖੇ ਗਏ ਹਨ। ਇਸ ਵਿੱਚ ਪਹਿਲਾ ਨੁਕਤਾ ਖੇਤੀਬਾੜੀ ਤੇ ਪੇਂਡੂ ਵਿਕਾਸ ਰੱਖਿਆ ਗਿਆ ਹੈ। ਫਿਰਲ਼ ਮਾਲ ਮਹਿਕਮਾ , ਉਦਯੋਗਿਕ ਵਿਕਾਸ ਅਤੇ ਵਿਉਪਾਰ, ਰੁਜ਼ਗਾਰ, ਸਿੱਖਿਆ ਦੇ ਖੇਤਰ ਵਿੱਚ ਸੁਧਾਰ, ਉੱਚ ਸਿੱਖਿਆ, ਸਿਹਤ , ਪੁਲਿਸ , ਜੇਲ੍ਹਾਂ , ਵਿਧਾਨ ਸਭਾ , ਵਿਧਾਇਕਾਂ ਨੂੰ ਵਾਪਸ ਬੁਲਾਉਣ, ਲੁੱਟ ਘਸੁਟ ਦਾ ਅੰਤ, ਪੰਜਾਬ ਦੀ ਕਰਜ਼ਾ ਮੁਕਤੀ , ਸੰਘੀ ਢਾਂਚਾ , ਪੰਜਾਬ ਨੂੰ ਵਿਸ਼ੇਸ਼ ਦਰਜਾ, ਨਿਰੰਕੁਸ਼ ਕਾਨੂੰਨ , ਦਰਿਆਈ ਪਾਣੀ , ਬਿਜਲੀ , ਟਰਾਂਸਪੋਰਟ, ਟੋਲ ਪਲਾਜ਼ੇ , ਖੇਡਾਂ, ਕਲਾ ਤੇ ਸਾਹਿਤ, ਮਜ਼ਬੂਤ ਅਤੇ ਇਨਸਾਫ ਪਸੰਦ ਸਮਾਜ , ਘੱਟ ਗਿਣਤੀ ਵਰਗ , ਵਾਤਾਵਰਣ ਤੇ ਐਨ ਆਰ ਆਈ ਮੁੱਦਿਆਂ ਬਾਰੇ ਗੱਲਬਾਤ ਕੀਤੀ ਹੈ।
ਇਨ੍ਹਾਂ ਸਾਰਿਆਂ ਵਿੱਚੋਂ ਦੋ ਮੁੱਦੇ, ਬਿਜਲੀ ਤੇ ਵਿਧਾਨ ਸਭਾ ਖ਼ਾਸ ਧਿਆਨ ਮੰਗਦੇ ਹਨ। ਜਿੱਥੇ ਦੂਜੀਆਂ ਪਾਰਟੀਆਂ ਵੱਲੋਂ ਖੇਤੀ ਉਦਯੋਗ ਲਈ ਅਜੇ ਤੱਕ ਬਿਜਲੀ ਫ੍ਰੀ ਦੇਣ ਦੇ ਵਾਅਦੇ ਕੀਤੇ ਗਏ ਉੱਥੇ ਕਿਸਾਨੀ ਚੋਣ ਮਨੋਰਥ ਪੱਤਰ ਵਿੱਚ ਬਿਜਲੀ ਸਸਤੀ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਗਈ ਹੈ। ਪੱਤਰ ‘ਚ ਨਾਲ ਇਹ ਵੀ ਕਿਹਾ ਗਿਆ ਹੈ ਕਿ ਹਰ ਛੋਟੇ ਦੁਕਾਨਦਾਰ ਤੇ ਕਾਰੋਬਾਰੀ ਨੂੰ ਬਿਜਲੀ ਘਰੇਲੂ ਦਰਾਂ ਤੇ ਮੁਹੱਈਆ ਕਰਵਾਈ ਜਾਵੇਗੀ। ਇਸਦੇ ਨਾਲ ਹੀ ਵਿਧਾਨ ਸਭਾ ਸਿਰਲੇਖ ਹੇਠ ਇੱਕ ਬਿੰਦੂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਇੱਕ ਸਾਲ ਵਿੱਚ ਘੱਟੋ ਘੱਟ 90 ਦਿਨ ਦੇ ਸੈਸ਼ਨ ਹੋਣਗੇ ਤੇ ਇਸ ਵਿੱਚ 75 ਫ਼ੀਸਦ ਹਾਜ਼ਰੀ ਲਾਜ਼ਮੀ ਹੋਵੇਗੀ। ਇਸ ਵਿੱਚ ਇੱਕ ਗੱਲ ਦਿਲਚਸਪ ਕਹੀ ਗਈ ਹੇੈ ਕਿ ਵਿਧਾਨਕਾਰਾਂ ਵੱਲੋਂ ਪ੍ਰਾਪਤ ਕੀਤੀਆਂ ਜਾ ਰਹੀਆਂ ਇੱਕ ਤੋੰ ਵੱਧ ਪੈਨਸ਼ਨਾਂ ਤੇ ਬੇਲੋੜੇ ਭੱਤਿਆਂ ਤੇ ਰੋਕ ਲਾਈ ਜਾਵੇਗੀ। ਬੇਸ਼ੱਕ ਕਿਸਾਨਾਂ ਦੇ ਇਕਰਾਰਨਾਮੇ ‘ਚ ਕੁਝ ਦਿਲਚਸਪ ਨੁਕਤੇ ਵੀ ਹਨ ਤੇ ਜੇ ਇਹਨਾਂ ਨੁੂੰ ਇੰਨ ਬਿੰਨ ਲਾਗੂ ਕੀਤਾ ਜਾਵੇ ਤਾਂ ਮੁਮਕਿਨ ਹੈ ਕਿ ਰਾਜਸੀ ਖਜ਼ਾਨੇ ਤੇ ਪੈਣ ਵਾਲੇ ਭਾਰ ਤੇ ਫਿਰ ਲਏ ਹੋਏ ਕਰਜ਼ੇ ਨਾਲ ਬਣੇ ਹਾਲਾਤਾਂ ਵਿੱਚ ਕੁਝ ਸੁਧਾਰ ਵੇਖਣ ਨੂੰ ਮਿਲ ਸਕਦਾ ਹੈ।
ਪਰ ਦੂਜੀ ਨਜ਼ਰੇ ਵੇਖਿਆ ਜਾਵੇ ਤਾਂ ਕਿਸਾਨਾਂ ਦੀ ਸਿਆਸਤ ‘ਚ ਆਮਦ ਤੇ ਚੋਣਾਂ ਵਿੱਚ ਭਾਗ ਲੈਣ ਨੂੰ ਲੈ ਕੇ ਲਗਾਤਾਰ ਵੱਖ ਵੱਖ ਵਿਚਾਰਾਂ ਸਾਹਮਣੇ ਆਈਆਂ ਹਨ। ਕਿਸਾਨ ਜਥੇਬੰਦੀਆਂ ਵਿੱਚੋਂ ਹੀ ਕਈ ਜਥੇਬੰਦੀਆਂ ਚੋਣਾਂ ਲੜਨ ਦੇ ਹੱਕ ਵਿੱਚ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰੇ ਇੱਕ ਵਰ੍ਹੇ ਚੱਲੇ ਕਿਸਾਨੀ ਸੰਘਰਸ਼ ‘ਚ ਕਿਸੇ ਵੀ ਪਾਰਟੀ ਦੇ ਸਿਆਸੀ ਲੀਡਰ ਨੂੰ ਆਪਣੀਆਂ ਸਟੇਜਾਂ ਤੇ ਨਹੀਂ ਚੜ੍ਹਨ ਦਿੱਤਾ। ਕਈ ਮਾਹਿਰਾਂ ਦੀ ਰਾਇ ਹੈ ਕਿ ਜੇਕਰ ਕਿਸਾਨਾਂ ਨੇ ਆਪਣੀ ਪਾਰਟੀ ਬਣਾ ਕੇ ਚੋਣਾਂ ਵਿੱਚ ਉਤਰਨ ਦਾ ਫ਼ੈਸਲਾ ਕਰਨਾ ਹੀ ਸੀ ਤੇ ਫੇਰ ਜ਼ਿਆਦਾ ਪੱਕੀ ਤਿਆਰੀ ਨਾਲ ਸਿਆਸੀ ਵਿਹੜੇ ਵਿੱਚ ਪੈਰ ਰੱਖਣਾ ਚਾਹੀਦਾ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸਾਨੀ ਪਾਰਟੀ ਨੇ ਪਾਰਟੀ ਦਾ ਨਾਂਅ ਰਜਿਸਟਰ ਕਰਵਾਉਣ ਤੋਂ ਲੈ ਕੇ ਉਮੀਦਵਾਰਾਂ ਦੀ ਚੋਣ ਤੇ ਨਾਮਜ਼ਦਗੀ ਪੱਤਰਾਂ ਨੂੰ ਭਰਨ ਤੱਕ ਪੱਕਿਆਈ ਨਾਲ ਕੰਮ ਨਹੀਂ ਕੀਤਾ ਜਿਸ ਕਰ ਕੇ ਇਨ੍ਹਾਂ ਚੋਣਾਂ ‘ਚ ਇਸ ਪਾਰਟੀ ਨੂੰ ਕੋਈ ਜ਼ਿਆਦਾ ਫ਼ਾਇਦਾ ਨਹੀਂ ਹੋਣ ਵਾਲਾ ਹੇੈ ਹਾਲਾਂਕਿ ਕਿਸਾਨ ਜਥੇਬੰਦੀਆਂ ਇਕ ਪ੍ਰੈਸ਼ਰ ਗਰੁੱਪ ਤੇ ਰੂਪ ਚ ਜ਼ਿਆਦਾ ਕਾਮਯਾਬ ਰਹਿ ਸਕਦੀਆਂ ਸਨ।
ਬਾਵਜੂਦ ਇਨ੍ਹਾਂ ਸਾਰੀਆਂ ਗੱਲਾਂ ਦੇ ਅੱਜ ਦਾ ਦਿਨ ਪੂਰੀ ਤਰ੍ਹਾਂ ‘ਸਿਆਸੀ’ ਰਿਹਾ ਤੇ ਚੋਣਾਂ 2022 ਦੇ ਇਸ ਮੇਲੇ ਵਿੱਚ ਸੱਤਾ ਲਈ ਜ਼ੋਰ ਅਜ਼ਮਾਇਸ਼ ਕਰ ਰਹੀਆਂ ਇਹ ਗੱਠਜੋੜ ਵਾਲੀਆਂ 3 ਪਾਰਟੀਆਂ ਆਪਣੇ ਵਾਅਦੇ ਤੇ ਦਾਅਵੇ ਲੈ ਕੇ ਵੋਟਰਾਂ ਨੂੰ ਆਪਣੇ ਵੱਲ ‘ਖਿੱਚਦੀਆਂ’ ਨਜ਼ਰ ਆਈਆਂ।