ਨਿਊਜ਼ ਡੈਸਕ : ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਜਿੱਥੇ ਪੰਜਾਬ ਦੇ ਆਪ ਆਗੂਆਂ ਦੇ ਹੌਂਸਲੇ ਬੁਲੰਦ ਹਨ ਉੱਥੇ ਹੀ ਹੁਣ ਉਹ ਸਿਆਸੀ ਬਿਆਨਬਾਜੀਆਂ ਵੀ ਕਰ ਰਹੇ ਹਨ। ਇਸ ਦੇ ਚਲਦਿਆਂ ਬੀਤੀ ਕੱਲ੍ਹ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਪਾਰਟੀ ਤੋਂ ਵੱਖ ਹੋ ਚੁਕੇ ਆਗੂ ਸੁਖਪਾਲ ਦਾ ਖਹਿਰਾ ਨੂੰ ਲੈ ਕੇ ਬਿਨਾਂ ਨਾਮ ਲਿਆ ਅਜਿਹੀ ਟਿੱਪਣੀ ਕੀਤੀ ਹੈ ਕਿ ਖਹਿਰਾ ਨੇ ਵੀ ਇਸ ਤੋਂ ਬਾਅਦ ਸਖਤ ਰੁੱਖ ਅਖਤਿਆਰ ਕਰ ਲਿਆ ਹੈ।
ਦਰਅਸਲ ਬੀਤੀ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਵਿੱਚ ਭਗਵੰਤ ਮਾਨ ਨੂੰ ਸੁਖਪਾਲ ਖਹਿਰਾ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ ਤਾਂ ਮਾਨ ਨੇ ਭਾਵੇਂ ਆਪਣੇ ਜਵਾਬ ਵਿੱਚ ਖਹਿਰਾ ਦਾ ਨਾਮ ਤਾਂ ਨਹੀਂ ਲਿਆ ਸੀ ਪਰ ਇਹ ਜਰੂਰ ਕਿਹਾ ਕਿ ਜਿਹੜੇ ਲੋਕਾਂ ਨੇ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਕੇਜਰੀਵਾਲ ਖਿਲਾਫ ਬੜੀਆਂ ਹੀ ਭੱਦੀਆਂ ਬਿਆਨਬਾਜੀਆਂ ਕੀਤੀਆਂ ਸਨ ਉਹ ਅੱਜ ਪਾਰਟੀ ਵਿੱਚ ਕਿਸ ਮੂੰਹ ਨਾਲ ਸ਼ਾਮਲ ਹੋਣਗੇ। ਇਸ ਬਿਆਨ ਤੋਂ ਬਾਅਦ ਖਹਿਰਾ ਨੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੂੰ ਜਿੱਤ ਦੀਆਂ ਕੇਵਲ ਵਧਾਈਆਂ ਦਿੱਤੀਆਂ ਹਨ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਲੰਮੇ ਪੈ ਕੇ ਪਾਰਟੀ ਅੰਦਰ ਵਾਪਸ ਜਾਣ ਲਈ ਤਿਆਰ ਹੋ ਗਏ ਹਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂਦੇ ਪਾਰਟੀ ਨਾਲ ਮਤਭੇਦ ਉਸ ਸਮੇਂ ਹੋਏ ਸਨ ਜਦੋਂ ਕੇਜਰੀਵਾਲ ਨੇ ਪੰਜਾਬੀ ਲੀਡਰਸ਼ਿੱਪ ਨੂੰ ਬਿਨਾਂ ਦੱਸਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗ ਲਈ ਸੀ। ਖਹਿਰਾ ਨੇ ਕਿਹਾ ਕਿ ਜਿਸ ਸਮੇਂ ਉਹ ਆਮ ਆਦਮੀ ਪਾਰਟੀ ਦੇ ਅੰਦਰ ਸਨ ਅਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਰੋਲ ਅਦਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਬੜੇ ਹੀ ਦਿਲੋਂ ਕੰਮ ਕੀਤਾ ਅਤੇ ਨਾ ਸਿਰਫ ਕਾਗਰਸ ਸਰਕਾਰ ਨੂੰ ਘੇਰਿਆ ਬਲਕਿ ਅਕਾਲੀ ਦਲ ਦੀਆਂ ਨਿਲਾਇਕੀਆਂ ਵੀ ਗਿਣਵਾਈਆਂ। ਖਹਿਰਾ ਨੇ ਦੋਸ਼ ਲਾਇਆ ਕਿ ਅੱਜ ਲੋਕਾਂ ਵੱਲੋਂ ਇਹ ਕਿਹਾ ਜਾ ਰਹੇ ਹਨ ਆਮ ਆਦਮੀ ਪਾਰਟੀ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਵਜੋਂ ਰੋਲ ਅਦਾ ਕਰਨ ਵਿੱਚ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਇਸ ਦਾ ਮਤਲਬ ਇਹ ਨਹੀਂ ਕਿ ਇਸ ਦਾ ਅਸਰ ਪੰਜਾਬ ਵਿੱਚ ਵੀ ਹੋਵੇਗਾ।