ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਸੂਬੇ ਵਿੱਚ ਆਤੰਕ ਮਚਾ ਦਿੱਤਾ ਹੈ । ਇਸ ਮੌਕੇ ਸਰਕਾਰ ਜਿਥੇ ਇਸ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ ਉਥੇ ਹੀ ਅਜ ਭਗਵੰਤ ਮਾਨ ਦੇ ਮੋਰਚੇ ਤੋਂ ਬਾਅਦ ਪਨਬਸ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ । ਇਸ ਲਈ ਮੁਲਾਜ਼ਮਾਂ ਨੇ 5 ਮਈ ਦੀ ਤਾਰੀਖ ਮੁਕਰਰ ਕੀਤੀ ਹੈ ।
ਦਸ ਦੇਈਏ ਕਿ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਵਲੋ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਪ੍ਰੈੱਸ ਜਾਰੀ ਕਰਦਿਆਂ ਸਰਕਾਰ ਤੇ ਗੰਭੀਰ ਦੋਸ਼ ਲਗਾਏ ਗਏ ਹਨ । ਉਨ੍ਹਾਂ ਕਿਹਾ ਕਿ ਪਨਬੱਸ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਕੋਰੋਨਾ ਵਾਇਰਸ ਦੌਰਾਨ ਕਦੇ ਦਿੱਲੀ, ਕਦੇ ਜੰਮੂ-ਕਸ਼ਮੀਰ ਪ੍ਰਵਾਸੀਆਂ ਨੂੰ ਛੱਡਣ ਤੇ ਫੇਰ ਜੈਸਲਮੇਰ ਤੋਂ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ ਭੇਜ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਦੀ ਸਿਹਤ ਵਲ ਧਿਆਨ ਨਹੀ ਦਿੱਤਾ ਜਾ ਰਿਹਾ ਹੈ । ਉਨ੍ਹਾਂ ਦੋਸ਼ ਲਾਇਆ ਕਿ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ ਸਰਕਾਰ ਨੇ ਏ ਸੀ ਬੱਸਾਂ ਭੇਜਕੇ ਬਿਮਾਰੀ ਨੂੰ ਆਪ ਸੱਦਾ ਦਿੱਤਾ ਹੈ। ਕਮੇਟੀ ਨੇ ਦੋਸ਼ ਲਾਇਆ ਕਿ ਇਹਨਾਂ ਬੱਸਾਂ ਵਿੱਚ ਤਾਜ਼ਾ ਹਵਾ ਨਹੀਂ ਹੁੰਦੀ ਤੇ ਨਮੀ ਰਹਿਦੀ ਹੈ ਜਿਸ ਕਾਰਨ ਬਿਮਾਰੀ ਦਾ ਖ਼ਤਰਾ ਵੱਧਦਾ ਹੈ।
ਪਨਬਸ ਯੂਨੀਅਨ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸ਼ਰਧਾਲੂਆਂ ਨੂੰ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਰੱਖਣਾ ਚਾਹੀਦਾ ਸੀ ਪਰ ਹੁਣ ਡਿਊਟੀਆਂ ਤੋਂ ਬਾਅਦ ਵਿੱਚ ਇਹਨਾਂ ਮੁਲਾਜ਼ਮਾਂ ਤੇ ਸ਼ਰਧਾਲੂਆਂ ਨੂੰ ਇੱਕਠੇ ਮਾੜੇ ਪ੍ਰਬੰਧਾਂ ਵਿੱਚ ਰੱਖਿਆ ਗਿਆ ਹੈ ਜੋਂ ਕਿ ਸਰਾਸਰ ਧੱਕਾ ਹੈ । ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਕਿਸੇ ਵੱਖਰੀ ਜਗਾਂ ਤੇ ਰੱਖਣਾ ਤੇ ਤਰੁੰਤ ਟੈਸਟ ਲੈਣੇ ਬਣਦੇ ਸਨ ਟੈਸਟ ਸਹੀ ਆਉਣ ਤੇ ਇਹਨਾਂ ਨੂੰ ਘਰ ਵਿੱਚ ਇਕਾਂਤ ਰਹਿਣ ਲਈ ਕਿਹਾ ਜਾਣਾ ਬਣਦਾ ਹੈ ਪਰ ਸਰਕਾਰ ਵਲੋਂ ਨਾ ਤਾਂ ਹੁਣ ਤੱਕ ਉਹਨਾਂ ਨੂੰ ਵੱਖਰਾ ਰੱਖਿਆ ਗਿਆ ਤੇ ਨਾ ਹੀ ਕੋਈ ਟੈਸਟ ਲਏ ਹਨ।
ਮੁਲਾਜਮਾਂ ਨੇ ਖੁਲਾਸਾ ਕੀਤਾ ਹੈ ਕਿ ਕੁਝ ਕੁ ਥਾਵਾਂ ਤੇ ਟੈਸਟ ਹੋਏ ਹਨ ਜਿਵੇਂ ਅਬੋਹਰ ਐਕਸਰੇ ਕੀਤੇ , ਫਾਜ਼ਿਲਕਾ ਬਲੱਡ ਸੈਂਪਲ,ਜਲਾਲਾਬਾਦ ਤਾਪਮਾਨ ਚੈੱਕ ਕਰਨ ਵਾਲੀ ਮਸ਼ੀਨ ਨਾਲ ਚੈੱਕ ਕੀਤਾ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਸਿਹਤ ਸਹੂਲਤਾਂ ਦਾ ਕਿ ਹਾਲ ਹੈ ।
ਉਹਨਾਂ ਕਿਹਾ ਕਿ ਪਨਬੱਸ ਦੇ ਨਾਲ ਜਾਣ ਵਾਲਾ ਪੁਲਿਸ ਅਮਲਾਂ ਟੈਸਟ ਕਰਵਾਕੇ ਘਰੋਂ ਘਰੀਂ ਇਕਾਂਤਵਾਸ ਵਿੱਚ ਰਹਿ ਰਿਹਾ ਹੈ ਪਰ ਉਹਨਾਂ ਦੀ ਬਾਤ ਨਹੀਂ ਪੁੱਛੀ ਜਾਂ ਰਹੀ ਤੇ ਮੁਲਾਜ਼ਮਾਂ ਨੂੰ ਬਿਮਾਰੀ ਵੱਲ ਧੱਕਿਆ ਜਾ ਰਿਹਾ ਹੈ
ਉਹਨਾਂ ਮੰਗ ਕੀਤੀ ਕਿ ਸਰਕਾਰ ਤਰੁੰਤ ਮੁਲਾਜ਼ਮਾਂ ਦਾ ਸਾਰਥਿਕ ਹੱਲ (ਸ਼ਰਧਾਲੂਆਂ ਤੋਂ ਵੱਖ ਰੱਖੇ ਟੈਸਟ ਕਰਕੇ ਘਰ ਭੇਜੇ) ਕਰੇ ,ਕੋਵਿਡ 19 ਦੇ ਸ਼ਿਕਾਰ ਹੋਣ ਤੇ 50 ਲੱਖ ਰਾਸ਼ੀ ਤੇ ਸਰਕਾਰੀ ਨੋਕਰੀ ਦਾ ਪੱਤਰ ਜਾਰੀ ਕਰੇ ਜੇਕਰ ਸਰਕਾਰ ਨੇ ਕੱਲ ਤੱਕ ਹੱਲ ਨਾ ਕੀਤਾ ਤਾਂ ਮਿਤੀ 5/5/2020 ਨੂੰ ਕੈਪਟਨ ਸਰਕਾਰ ਦੇ ਪੂਤਲੇ ਫੂਕਣਗੇ ਤੇ ਤਿੱਖਾ ਸੰਘਰਸ਼ ਕਰਨਗੇ ਤੇ ਰੂਟ ਡਿਊਟੀ ਕਰਨ ਲਈ ਹੀ ਮਜਬੂਰ ਹੋਣਗੇ।