ਨਿਊਜ਼ ਡੈਸਕ: ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 94 ਸਾਲਾ ਪ੍ਰਧਾਨ ਮੰਤਰੀ ਨੇ ਦੋ ਲਾਈਨਾਂ ਦਾ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਕੁਆਲਾਲੰਪੁਰ ਦੇ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਦੇਸ਼ ਦੇ ਰਾਜੇ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।
ਪਾਰਟੀ ਦੇ ਪ੍ਰਧਾਨ ਮੁਹੱਈਦੀਨ ਯਾਸੀਨ ਦੀ ਸੋਸ਼ਲ ਮੀਡੀਆ ਪੋਸਟ ਅਨੁਸਾਰ ਮਹਾਤਿਰ ਦੀ ਪਾਰਟੀ ਪ੍ਰਬੂਮੀ ਬੇਰਸਤੂ ਮਲੇਸ਼ੀਆ ਨੇ ਵੀ ਗਠਜੋੜ ਸਰਕਾਰ ਪਕਾਤਨ ਹਰੱਪਨ ਨੂੰ ਛੱਡ ਦਿੱਤਾ ਹੈ। ਮਹਾਤਿਰ ਦੇ ਅਸਤੀਫ਼ੇ ਦਾ ਇਹ ਫ਼ੈਸਲਾ ਪਿਛਲੇ ਕੁਝ ਹਫ਼ਤਿਆਂ ਤੋਂ ਜਾਰੀ ਸਿਆਸੀ ਜੰਗ ਤੋਂ ਬਾਅਦ ਆਇਆ ਹੈ।
ਦੱਸ ਦੇਈਏ ਕਿ ਮਲੇਸ਼ੀਆ ਵਿੱਚ ਦੋ ਅਹਿਮ ਸਿਆਸੀ ਸ਼ਖ਼ਸੀਅਤਾਂ ਦੀ ਜੰਗ ਦਾ ਇਤਿਹਾਸ ਰਿਹਾ ਹੈ, ਜਿਸ ਵਿੱਚ 94 ਸਾਲਾਂ ਦੇ ਮਹਾਤਿਰ ਤੇ 72 ਸਾਲਾਂ ਦੇ ਅਨਵਰ ਵਿਚਾਲੇ ਵਿਵਾਦ ਦਾ ਨਵਾਂ ਅਧਿਆਇ ਹੈ । ਅਨਵਰ ਤੇ ਮਹਾਤਿਰ ਨੇ UMNO ਦੀ ਅਗਵਾਈ ਵਾਲੇ ਬਾਰਿਸਨ ਨੈਸ਼ਨਲ ਗਠਜੋੜ ਨੂੰ ਸੱਤਾ ਤੋਂ ਲਾਂਭੇ ਕਰਨ ਲਈ 2018 ਦੀਆਂ ਚੋਣਾਂ ਤੋਂ ਪਹਿਲਾਂ ਨਾਲ ਆਉਣ ਦਾ ਫ਼ੈਸਲਾ ਕੀਤਾ ਸੀ।