ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਵਿੱਚ ਚਾਰ ਰਾਜਾਂ ਵਿੱਚ ਜਿੱਤ ਤੋਂ ਬਾਅਦ ਹੁਣ ਭਾਜਪਾ ਨੇ ਸਰਕਾਰ ਬਣਾਉਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪੰਜ ਰਾਜਾਂ ਵਿੱਚ ਹੋਈਆਂ ਚੋਣਾਂ ਵਿੱਚ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਸੂਬੇ ‘ਚ ਭਾਜਪਾ ਨੇ ਜਿੱਤ ਹਾਸਿਲ ਕੀਤੀ ਹੈ। ਇਸ ਦੇ ਨਾਲ ਹੀ ਉੱਤਰਾਖੰਡ ਅਤੇ ਮਨੀਪੁਰ ਵਿੱਚ ਵੀ ਸਰਕਾਰ ਨੇ ਵਾਪਸੀ ਕੀਤੀ ਹੈ। ਇਸੇ ਤਰ੍ਹਾਂ ਗੋਆ ‘ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ।
ਹੁਣ ਭਾਜਪਾ ਨੇ ਇਨ੍ਹਾਂ ਰਾਜਾਂ ਵਿੱਚ ਸਰਕਾਰ ਬਣਾਉਣ ਲਈ ਅਬਜ਼ਰਵਰ ਨਿਯੁਕਤ ਕੀਤੇ ਹਨ। ਵਿਧਾਇਕ ਦਲ ਦਾ ਨੇਤਾ ਚੁਣਨ ਲਈ ਕੇਂਦਰੀ ਨੇਤਾਵਾਂ ਨੂੰ ਰਾਜਾਂ ‘ਚ ਭੇਜਿਆ ਜਾਵੇਗਾ ਅਤੇ ਮੰਤਰੀਆਂ ਦੇ ਨਾਵਾਂ ‘ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯੂਪੀ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਘੁਵਰ ਦਾਸ ਨੂੰ ਅਬਜ਼ਰਵਰ ਬਣਾਇਆ ਗਿਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਮੀਨਾਕਸ਼ੀ ਲੇਖੀ ਨੂੰ ਉਤਰਾਖੰਡ ਵਿੱਚ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮਣੀਪੁਰ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨਿਗਰਾਨ ਵਜੋਂ ਜਾਣਗੇ। ਨਰਿੰਦਰ ਸਿੰਘ ਤੋਮਰ ਅਤੇ ਐਲ ਮੁਰੂਗਨ ਨੂੰ ਗੋਆ ਵਿੱਚ ਨਿਗਰਾਨ ਬਣਾਇਆ ਗਿਆ ਹੈ। ਇਨ੍ਹਾਂ ਸਾਰੇ ਰਾਜਾਂ ਵਿੱਚੋਂ ਗੋਆ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ 40 ਮੈਂਬਰੀ ਵਿਧਾਨ ਸਭਾ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ, ਪਰ 20 ਸੀਟਾਂ ਨਾਲ ਭਾਜਪਾ ਯਕੀਨੀ ਤੌਰ ‘ਤੇ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ।