ਚੰਡੀਗੜ੍ਹ : ਬੀਤੀ ਕੱਲ੍ਹ ਵਿਧਾਨ ਸਭਾ ਇਜਲਾਸ ਦੌਰਾਨ ਬੇਅਦਬੀ ਦਾ ਮੁੱਦਾ ਗਰਮਾਇਆ ਰਿਹਾ। ਇਸ ਦੌਰਾਨ ਵਿਧਾਨ ਸਭਾ ਅੰਦਰ ਬਹਿਬਲ ਕਲਾਂ ਗੋਲੀਬਾਰੀ ਦੇ ਮੁੱਖ ਗਵਾਹ ਦੀ ਪਤਨੀ ਜਸਬੀਰ ਕੌਰ ਅਤੇ ਉਨ੍ਹਾਂ ਦਾ ਪੁੱਤਰ ਲਖਵਿੰਦਰ ਸਿੰਘ ਵੀ ਉਚੇਚੇ ਤੌਰ ‘ਤੇ ਪਹੁੰਚਿਆ। ਇਸ ਤੋਂ ਬਾਅਦ ਅੱਜ ਜਸਬੀਰ ਕੌਰ ਦੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਸ ਨੇ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਕਿੱਕੀ ਢਿੱਲੋਂ ਖਿਲਾਫ ਦੱਬ ਕੇ ਭੜਾਸ ਕੱਢੀ ਹੈ।
ਜਸਬੀਰ ਕੌਰ ਨੇ ਦੱਸਿਆ ਕਿ ਉਸ ਵੱਲੋਂ ਵਿਧਾਨ ਸਭਾ ਦੇ ਅੰਦਰ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਕੱਲ੍ਹ ਉਨ੍ਹਾਂ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਸਨ ਉਨ੍ਹਾਂ ਨੂੰ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਭੰਨ੍ਹ ਤੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਸਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਇੱਥੇ ਜੋ ਗਵਾਹ ਬਣੇ ਫਿਰਦੇ ਹਨ ਕਿ ਉਸ ਨੇ ਪੈਸੇ ਖਾਦੇ ਹਨ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਕੋਈ ਪੈਸਾ ਨਹੀਂ ਲਿਆ ਗਿਆ। ਜਸਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਦਿਨ ਲਾਸ਼ਾਂ ਚੱਕੀਆਂ ਗਈਆਂ ਸਨ ਤਾਂ ਉਸ ਦਿਨ ਨੌਕਰੀਆਂ ਲਈਆਂ ਗਈਆਂ ਸਨ ਅਤੇ ਅਕਾਲੀ ਸਰਕਾਰ ਤੋਂ ਪੈਸੇ ਲਏ ਗਏ ਸਨ। ਜਸਬੀਰ ਕੌਰ ਨੇ ਕਿਹਾ ਕਿ ਉਸ ਨੇ ਕਿਸੇ ਤੋਂ ਵੀ ਪੈਸਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕਾਂਗੜ ਵੱਲੋਂ ਉਸ ਦੇ ਬਿਆਨਾਂ ਨੂੰ ਭੰਨ੍ਹ ਤੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਹਿਲਾਂ ਸੁਖਬੀਰ ਬਰਗਾੜੀ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਦੀਆ ਲਾਸ਼ਾਂ ਚੁਕਵਾਉਣ ਲਈ ਦਿਤੇ ਕਰੋੜਾਂ ਰੁਪਏ ਬਾਰੇ ਸਥਿਤੀ ਸਪਸ਼ਟ ਕਰੇ : ਕਾਂਗੜ
ਜਸਬੀਰ ਕੌਰ ਨੇ ਕਿਹਾ ਕਿ ਕਾਂਗੜ ਨੂੰ ਹੁਣ ਆਪਣੇ ਵਿਰੁੱਧ ਪਰਚਾ ਹੋਣ ਦਾ ਡਰ ਹੈ। ਇਸ ਮੌਕੇ ਉਨ੍ਹਾਂ ਕਾਂਗੜ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਆਉਂਦੇ ਸਮੇਂ ਵਿੱਚ ਜੇਕਰ ਉਸ ਨਾਲ ਕੁਝ ਵੀ ਹੁੰਦਾ ਹੈ ਤਾਂ ਇਸ ਲਈ ਜਿੰਮੇਵਾਰ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਕਿੱਕੀ ਢਿੱਲੋਂ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਬਿਆਨ ਵਿੱਚ ਉਨ੍ਹਾਂ ਨੇ ਸੁਖਬੀਰ ਬਾਦਲ ਵਿਰੁੱਧ ਕੋਈ ਵੀ ਬਿਆਨ ਨਹੀਂ ਦਿੱਤਾ।