ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਲਾਂਗ ਟਰਮ ਕੇਅਰ ਹੋਮਜ਼ ਵਿੱਚ ਕੋਵਿਡ-19 ਨਾਲ ਸੰਘਰਸ਼ ਕਰ ਰਹੇ ਪ੍ਰੋਵਿੰਸ ਲਈ ਫੌਜ ਦੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਫੋਰਡ ਦਾ ਕਹਿਣਾ ਹੈ ਕਿ ਉਹ ਅੱਜ ਫੈਡਰਲ ਸਰਕਾਰ ਤੋਂ ਰਸਮੀ ਤੌਰ ਉੱਤੇ ਵਾਧੂ ਸਰੋਤਾਂ ਲਈ ਬੇਨਤੀ ਕਰਨਗੇ। ਇਨ੍ਹਾਂ ਵਿੱਚ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਤੇ ਕੈਨੇਡੀਅਨ ਫੋਰਸਿਜ਼ ਦੇ ਕਰਮਚਾਰੀ ਸ਼ਾਮਲ ਹੋਣਗੇ। ਉਨ੍ਹਾਂ ਆਖਿਆ ਕਿ ਵਾਧੂ ਕਰਮਚਾਰੀਆਂ ਨੂੰ ਪੰਜ ਉਨ੍ਹਾਂ ਹੋਮਜ਼ ਵਿੱਚ ਲਾਇਆ ਜਾਵੇਗਾ ਜਿੱਥੇ ਸੱਭ ਤੋਂ ਵੱਧ ਲੋੜ ਹੈ। ਫੋਰਡ ਨੇ ਆਖਿਆ ਕਿ ਉਹ ਆਪਰੇਸ਼ਨਲ ਤੇ ਲਾਜਿਸਟੀਕਲ ਸਹਿਯੋਗ ਮੁਹੱਈਆ ਕਰਵਾਉਣਗੇ ਤਾਂ ਕਿ ਲਾਂਗ ਟਰਮ ਕੇਅਰ ਸਟਾਫ ਰੈਜ਼ੀਡੈਂਟਸ ਦੀ ਸਾਂਭ ਸੰਭਾਲ ਵੱਲ ਧਿਆਨ ਦੇ ਸਕੇ। ਹੁਣ ਤੱਕ127 ਫੈਸਿਲਟੀਜ਼ ਵਿੱਚ ਆਊਟਬ੍ਰੇਕਸ ਹੋਣ ਕਾਰਨ ਲਾਂਗ ਟਰਮ ਕੇਅਰ ਵਿੱਚ 448 ਮੌਤਾਂ ਹੋ ਚੁੱਕੀਆਂ ਹਨ। ਇੱਕ ਦਿਨ ਪਹਿਲਾਂ ਨਾਲੋਂ 49 ਮੌਤਾਂ ਹੋਰ ਹੋਈਆਂ ਹਨ। ਲਾਂਗ ਟਰਮ ਕੇਅਰ ਹੋਮਜ਼ ਦੇ ਰੈਜ਼ੀਡੈਂਟਸ ਵਿੱਚੋਂ 1985 ਤੇ ਅਮਲਾ ਮੈਂਬਰਾਂ ਵਿੱਚੋਂ 957 ਕੋਵਿਡ-19 ਦੇ ਪਾਜ਼ੀਟਿਵ ਕੇਸ ਪਾਏ ਜਾ ਚੁੱਕੇ ਹਨ। ਓਨਟਾਰੀਓ ਵੱਲੋਂ ਲਾਂਗ ਟਰਮ ਕੇਅਰ ਹੋਮਜ਼ ਦੇ ਹਰੇਕ ਰੈਜ਼ੀਡੈਂਟਸ ਤੇ ਵਰਕਰ ਦੀ ਕੋਵਿਡ-19 ਸਬੰਧੀ ਟੈਸਟਿੰਗ ਕੀਤੀ ਜਾ ਰਹੀ ਹੈ।