ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੂਆਂ ਦੀ ਸਹੂਲਤ ਲਈ ਸਵੈ-ਘੋਸ਼ਣਾ ਫਾਰਮ ਜਾਰੀ

TeamGlobalPunjab
3 Min Read

ਚੰਡੀਗੜ : ਪੰਜਾਬ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਉਨਾਂ ਐਨ.ਆਰ.ਆਈ. ਅਤੇ ਵਿਦੇਸ਼ੀ ਯਾਤਰੂਆਂ ਲਈ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ ਜੋ ਕਿ 30 ਜਨਵਰੀ 2020 ਤੋਂ ਬਾਅਦ ਪੰਜਾਬ ਵਿੱਚ ਦਾਖਲ ਹੋਏ ਹਨ ਪਰ ਉਨਾਂ ਅਜੇ ਤੱਕ ਹਾਲੇ ਤੱਕ ਵੀ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਸਿਹਤ ਵਿਭਾਗ ਜਾਂ ਪੁਲਿਸ ਦੇ ਦਫਤਰਾਂ ਨਾਲ ਵੇਰਵੇ ਭੇਜਣ ਬਾਰੇ ਸੰਪਰਕ ਨਹੀਂ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 30 ਜਨਵਰੀ 2020 ਤੋਂ ਬਾਅਦ ਪੰਜਾਬ ਵਿੱਚ ਦਾਖਲ ਹੋਏ ਬਹੁਤੇ ਪ੍ਰਵਾਸੀ ਭਾਰਤੀਆਂ ਨੇ ਆਪਣੇ ਜਿਲੇ ਵਿੱਚ ਸਬੰਧਤ ਅਥਾਰਟੀ ਨੂੰ ਜਾਣੂ ਕਰਵਾ ਦਿੱਤਾ ਹੈ। ਉਨਾਂ ਕਿਹਾ ਕਿ ਜਿੰਨਾਂ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੀਆਂ ਦੀ ਹਾਲੇ ਤੱਕ ਵੀ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਸਿਹਤ ਵਿਭਾਗ ਜਾਂ ਪੁਲਿਸ ਦੇ ਦਫਤਰਾਂ ਦੁਆਰਾ ਤਸਦੀਕ ਨਹੀਂ ਹੋਈ ਉਨਾਂ ਲਈ ਇਹ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ। ਉਨਾਂ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ ਤੇ ਵਿਦੇਸ਼ੀ ਯਾਤਰੂ ਇਹ ਸਵੈ-ਘੋਸ਼ਣਾ ਫਾਰਮ ‘ਡਾਇਲ -112’ ਨੈਸ਼ਨਲ ਐਮਰਜੈਂਸੀ ਰਿਸਪਾਂਸ ਸਿਸਟਮ (ਈਆਰਐਸਐਸ) ਵਿਖੇ ਤੁਰੰਤ ਜਮਾ ਕਰਵਾ ਦੇਣ।
ਉਨਾਂ ਅੱਗੇ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ / ਵਿਦੇਸ਼ੀ ਯਾਤਰੀ ਆਪਣੇ ਵੇਰਵੇ ‘ਡਾਇਲ -112 ਐਪ’ ‘ਤੇ (ਜੋ ਕਿ ਗੂਗਲ ਪਲੇਅ ਸਟੋਰ ’ਤੇ ਉਪਲਬਧ ਹੈ) ਉਤੇ ਜਾਂ dial-112@punjabpolice.gov.in ਈਮੇਲ ਜਾਂ http://ners.in/ ਡਾਇਲ -112 ਵੈਬਸਾਈਟ ਉਪਰ ਵੀ ਭੇਜ ਸਕਦੇ ਹਨ। ਉਸਨੇ ਅੱਗੇ ਕਿਹਾ ਕਿ ਜੇ ਕੋਈ ਵੀ ਦਿੱਤੇ ਹੋਏ ਇਸ ਈਮੇਲ ਜਾਂ ਪੋਰਟਲ ‘ਤੇ ਲੋੜੀਂਦੇ ਵੇਰਵੇ ਭੇਜਣ ਵਿਚ ਅਸਮਰੱਥ ਰਹਿੰਦਾ ਹੈ, ਤਾਂ ਇਸ ਤਰਾਂ ਦੇ ਵੇਰਵੇ ਵਟਸਐਪ ਨੰਬਰ 97799-20404 ‘ਤੇ ਵੀ ਭੇਜੇ ਜਾ ਸਕਦੇ ਹਨ। ਹਾਲਾਂਕਿ, ਉਸਨੇ ਸਪੱਸ਼ਟ ਕੀਤਾ ਕਿ 112 ਨੰਬਰ ਉਦੋਂ ਹੀ ਡਾਇਲ ਕੀਤਾ ਜਾਵੇ ਜਦੋਂ ਕੋਈ ਉੱਪਰ ਦੱਸੇ ਪਲੇਟਫਾਰਮਾਂ ’ਤੇ ਜਾਣਕਾਰੀ ਭੇਜਣ ਤੋਂ ਅਸਮਰੱਥ ਰਹਿੰਦਾ ਹੈ।
ਉਨਾਂ ਕਿਹਾ ਕਿ ਇੰਨਾਂ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੂਆਂ ਨੂੰ ਆਪਣੇ ਵੇਰਵਿਆਂ ਵਿੱਚ ਉਨਾਂ ਦੇ ਪੰਜਾਬ ਵਿੱਚ ਆਉਣ ਦੀ ਤਾਰੀਕ ਅਤੇ ਹਵਾਈ ਅੱਡੇ ਦਾ ਨਾਮ ਜਿਥੇ ਉਹ ਉਤਰੇ ਸੀ, ਅਤੇ ਹਵਾਈ ਅੱਡੇ ਉਪਰ ਉਤਰਨ ਦੀ ਤਾਰੀਕ ਆਦਿ ਲਿਖਣੀ ਪਵੇਗੀ। ਇਸ ਤੋਂ ਇਲਾਵਾ ਉਹ ਪੰਜਾਬ ਵਿਚ ਜਿੰਨਾਂ-ਜਿੰਨਾਂ ਸਥਾਨਾਂ ਉਪਰ ਗਏ ਅਤੇ ਉਨਾਂ ਦੇ ਪਾਸਪੋਰਟ ਨੰਬਰ ਸਮੇਤ ਉਨਾਂ ਨਾਮ ਅਤੇ ਸੰਪਰਕ ਵੇਰਵਿਆਂ ਜਿਵੇਂ ਮੋਬਾਈਲ ਨੰਬਰ, ਲੈਂਡਲਾਈਨ ਨੰਬਰ ਅਤੇ ਈਮੇਲ-ਆਈਡੀ ਨਾਲ ਸਬੰਧਤ ਜਾਣਕਾਰੀ ਵੀ ਫਾਰਮ ਵਿੱਚ ਲਿਖਣੀ ਪਵੇਗੀ। ਉਨਾਂ ਨੂੰ ਆਪਣੇ ਪਾਸਪੋਰਟ ਵਿਚ ਦੱਸੇ ਅਨੁਸਾਰ ਆਪਣਾ ਸਥਾਈ ਪਤਾ ਵੀ ਲਿਖਣਾ ਚਾਹੀਦਾ ਹੈ ਅਤੇ ਇਸ ਫੇਰੀ ਦੌਰਾਨ ਜੇਕਰ ਉਹ ਕਿਸੇ ਹੋਟਲ ਵਿਚ ਰਹੋ ਅਤੇ ਹੁਣ ਕਿਸ ਮੌਜੂਦਾ ਪਤੇ ਉਪਰ ਉਹ ਰਹਿੰਦੇ ਹਨ, ਉਸ ਸਬੰਧੀ ਵੀ ਜਾਣਕਾਰੀ ਇਸ ਫ਼ਾਰਮ ਵਿੱਚ ਭਰਨੀ ਹੋਵੇਗੀ।

Share this Article
Leave a comment