ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਕੇਂਦਰ ਗ੍ਰਹਿ ਮੰਤਰਾਲੇ ਨੂੰ ਪ੍ਰਧਾਨਮੰਤਰੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਪ੍ਰਬੰਧਾਂ ਚ ਹੋਈ ਕੋਤਾਹੀ ਦੇ ਮਾਮਲੇ ਚ ਰਿਪੋਰਟ ਬਣਾ ਕੇ ਭੇਜ ਦਿੱਤੀ ਗਈ ਹੈ ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਦੋ ਮੈਂਬਰੀ ਕਮੇਟੀ ਨੇ ਜਾਂਚ ਤੋਂ ਬਾਅਦ ਇਸ ‘ਚ ਕਾਰਨ ‘ਰਸਤਾ ਰੋਕਿਆ ਜਾਣਾ’ ਦੱਸਿਆ ਹੈ ।
ਦੱਸ ਦੇਈਏ ਕਿ ਓਧਰ ਫਿਰੋਜ਼ਪੁਰ ਚ ਇਸ ਮਾਮਲੇ ਵਿੱਚ ਪਰਚਾ ਦਰਜ ਕੀਤੇ ਜਾਣ ਦੀ ਖ਼ਬਰ ਹੈ। ਫਿਰੋਜ਼ਪੁਰ ਦੇ ਥਾਣਾ ਕੁਲਗਡ਼੍ਹੀ ਚ ਆਈਪੀਸੀ ਦੀ ਧਾਰਾ 283 ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਜਨਵਰੀ 5 ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਫ਼ਿਰੋਜ਼ਪੁਰ ਰੈਲੀ ਚ ਪਹੁੰਚਣ ਲਈ ਬਠਿੰਡਾ ਏਅਰਪੋਰਟ ਤੋਂ ਸੜਕੀ ਰਸਤੇ ਜਾਣ ਵੇਲੇ ਮੁਜ਼ਾਹਰਾ ਕਰ ਰਹੇ ਲੋਕਾਂ ਵੱਲੋਂ ਸੜਕ ਜਾਮ ਕਰ ਕੇ ਤਕਰੀਬਨ ਵੀਹ ਮਿੰਟ ਤੱਕ ਉਨ੍ਹਾਂ ਦੇ ਕਾਫ਼ਲੇ ਨੂੰ ਰੁਕਣਾ ਪਿਆ ਸੀ । ਇਸ ਤੋਂ ਬਾਅਦ ਪ੍ਰਧਾਨਮੰਤਰੀ ਰੈਲੀ ਚ ਪਹੁੰਚੇ ਬਿਨਾਂ ਹੀਰ ਦਿੱਲੀ ਵਾਪਸ ਪਰਤ ਗਏ ਸਨ ਤੇ ਜਾਣ ਵੇਲੇ ਉਨ੍ਹਾਂ ਨੇ ਇਕ ਅਧਿਕਾਰੀ ਨੂੰ ਇਹ ਕਿਹਾ ਸੀ ਕਿ ਉਹ ਆਪਣੇ ਮੁੱਖ ਮੰਤਰੀ ਨੂੰ ਉਨ੍ਹਾਂ ਵੱਲੋਂ ਧੰਨਵਾਦ ਕਰ ਦੇਣ ਕਿ ਉਹ ਜ਼ਿੰਦਾ ਵਾਪਸ ਪਰਤ ਗਏ।
ਇਸ ਗੱਲ ਤੋਂ ਬਾਅਦ ਪ੍ਰਧਾਨਮੰਤਰੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਚ ਕੋਤਾਹੀ ਦਾ ਮਾਮਲਾ ਲਗਾਤਾਰ ਤੂਲ ਫੜ ਗਿਆ ਤੇ ਇਸ ਤੇ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ‘ਚ ਰਿਪੋਰਟ ਮੰਗ ਲਈ ਸੀ ।