ਪੰਜਾਬ ਵਿੱਚ ਕਿੱਥੇ ਕਿੱਥੇ ਅਠਖੇਲੀਆਂ ਕਰਦੇ ਹਨ ਇਹ ਪਰਵਾਸੀ ਪ੍ਰਾਹੁਣੇ

TeamGlobalPunjab
3 Min Read

ਅਵਤਾਰ ਸਿੰਘ

 

ਸੀਨੀਅਰ ਪੱਤਰਕਾਰ

 

- Advertisement -

ਬਰਫੀਲੇ ਦੇਸ਼ਾਂ ਵਿੱਚ ਬਰਫ ਵਧੇਰੇ ਪੈਣ ਨਾਲ ਪਰਵਾਸੀ ਪ੍ਰਾਹੁਣੇ ਦੂਜੇ ਦੇਸ਼ਾਂ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੰਦੇ ਹਨ। ਹਰ ਸਾਲ ਆਉਣ ਵਾਲੇ ਇਹਨਾਂ ਪ੍ਰਾਹੁਣਿਆਂ ਦੀ ਉਥੋਂ ਦੇ ਲੋਕਾਂ ਨੂੰ ਵੀ ਆਪਣੇ ਵਿਸ਼ੇਸ਼  ਮਹਿਮਾਨਾਂ ਦੀ ਉਡੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਚੀਨ, ਮੰਗੋਲੀਆ ਅਤੇ ਸਾਇਬੇਰੀਆ ਦੇਸ਼ਾਂ ਵਿੱਚ ਪਰਵਾਜ਼ ਭਰਦੇ ਇਹ ਮਹਿਮਾਨ ਆਪਣੇ ਹਰ ਸਾਲ ਉਡੀਕ ਕਰਨ ਵਾਲੇ ਉਡੀਕਵਾਨਾਂ ਵੱਲ ਨੂੰ ਉਡਾਣ ਭਰ ਦਿੰਦੇ ਹਨ।
ਪੰਜਾਬ ਦੀਆਂ ਕੁਝ ਜਲਗਾਹਾਂ ਵਿੱਚ ਇਹਨਾਂ ਦੀ ਆਮਦ ਅਕਤੂਬਰ ਮਹੀਨੇ ਸ਼ੁਰੂ ਹੋ ਜਾਂਦੀ ਹੈ ਅਤੇ ਫਰਵਰੀ ਦੇ ਅਖੀਰ ਤਕ ਇਹ ਇਥੇ ਡੇਰੇ ਲਾਈ ਰੱਖਦੇ ਹਨ।
ਪੰਜਾਬ ਵਿੱਚ ਰੋਪੜ, ਨੰਗਲ, ਹਰੀਕੇ ਪੱਤਣ, ਸੁਲਤਾਨਪੁਰ ਲੋਧੀ ਦੀ ਕਾਲੀ ਵੇਈਂ, ਛੱਤਬੀੜ ਇਹਨਾਂ ਦੀਆਂ ਮੁੱਖ ਠਾਹਰਾਂ ਹਨ ਜਦਕਿ ਹਿਮਾਚਲ ਵਿੱਚ ਪੌਂਗ ਡੈਮ ਹੈ। ਕਈ ਜਲਗਾਹਾਂ ਵਿੱਚ ਪ੍ਰਦੂਸ਼ਣ ਵਧਣ ਕਾਰਨ ਇਹਨਾਂ ਨੇ ਆਪਣਾ ਰੁਖ ਬਦਲ ਲਿਆ ਹੈ। ਰਾਜਸਥਾਨ ਦੀ ਸਾਂਭਰ ਝੀਲ ਵਿਚ ਪਰਵਾਸੀ ਪੰਛੀਆਂ ਦੀ ਮੌਤ ਮਗਰੋਂ ਇੱਥੇ ਹਰੀਕੇ ਜਲਗਾਹ ਵਿਚ ਜੰਗਲਾਤ ਵਿਭਾਗ ਨੇ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਆਸਪਾਸ ਦੇ ਲੋਕਾਂ ਦੀ ਮਦਦ ਨਾਲ ਗਰੁੱਪ ਬਣਾ ਕੇ ਪਰਵਾਸੀ ਪੰਛੀਆਂ ਦੀ ਹਰ ਸਮੇਂ ਨਿਗਰਾਨੀ ਕੀਤੀ ਜਾ ਰਹੀ ਹੈ। ਰਾਜਸਥਾਨ ਦੀ ਝੀਲ ਵਿਚ ਵਾਪਰੀ ਘਟਨਾ ਤੋਂ ਬਾਅਦ ਹਰੀਕੇ ਜਲਗਾਹ ਦੇ ਪ੍ਰਬੰਧਕਾਂ ਨੂੰ ਵੀ ਰੈੱਡ ਅਲਰਟ ਰਾਹੀਂ ਚੌਕਸ ਕੀਤਾ ਗਿਆ ਸੀ। ਹਰੀਕੇ ਜਲਗਾਹ ਵਿਚ ਵੀ ਵਧੇਰੇ ਚੌਕਸੀ ਅਤੇ ਨਿਗਰਾਨੀ ਵਰਤਣੀ ਸ਼ੁਰੂ ਕੀਤੀ ਗਈ ਹੈ। ਨਿਗਰਾਨੀ ਵਾਸਤੇ ਉੱਚੇ ਟਾਵਰ ਬਣਾਏ ਗਏ ਹਨ। ਲੋਕ ਹਰ ਸਮੇਂ ਇਨ੍ਹਾਂ ਪਰਵਾਸੀ ਪੰਛੀਆਂ ਦੀ ਸੰਭਾਲ ਲਈ ਜੰਗਲੀ ਜੀਵ ਅਤੇ ਜੰਗਲਾਤ ਵਿਭਾਗ ਨੂੰ ਸਹਿਯੋਗ ਦੇ ਰਹੇ ਹਨ। ਇਸ ਤੋਂ ਇਲਾਵਾ ਜਲਗਾਹ ਵਿਚ ਪਾਣੀ ਦੇ ਨਮੂਨੇ ਲੈ ਕੇ ਇਨ੍ਹਾਂ ਦੀ ਜਾਂਚ ਵੀ ਕਰਾਈ ਗਈ ਹੈ। ਰਿਪੋਰਟਾਂ ਮੁਤਾਬਿਕ ਜ਼ਿਲ੍ਹਾ ਜੰਗਲਾਤ ਅਧਿਕਾਰੀ ਕਵਿਤਾ ਨੇ ਦੱਸਿਆ ਕਿ ਹਰੀਕੇ ਜਲਗਾਹ ਵਿਚ ਪੂਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ ਅਤੇ ਅਜੇ ਤਕ ਕਿਸੇ ਵੀ ਪਰਵਾਸੀ ਪੰਛੀ ਦੀ ਮੌਤ ਨਹੀਂ ਹੋਈ ਹੈ।
ਵਰਲਡ ਵਾਈਲਡ ਫੰਡ ਫਾਰ ਨੇਚਰ (ਡਬਲਯੂਡਬਲਯੂਐਫ) ਦੀ ਕੋਆਰਡੀਨੇਟਰ ਗੀਤਾਂਜਲੀ ਕੁੰਵਰ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ‘ਜਲਗਾਹ ਮਿੱਤਰਾਂ’ ਦੀਆਂ ਟੀਮਾਂ ਬਣਾ ਕੇ ਵਧੇਰੇ ਚੌਕਸੀ ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਲੋਕਾਂ ਦੀ ਨਿਗਰਾਨੀ ਕਰਨ ਵਾਲਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਗਿਆ ਹੈ। ਹਰੀਕੇ ਜਲਗਾਹ ਦੇ ਪਾਣੀ ਵਿਚ ਅਜਿਹੇ ਕੋਈ ਤੱਤ ਨਹੀਂ ਮਿਲੇ ਹਨ, ਜੋ ਇਹਨਾਂ ਪੰਛੀਆਂ ਲਈ ਨੁਕਸਾਨਦੇਹ ਹੋਣ।
ਹਰੀਕੇ ਜਲਗਾਹ 86 ਕਿਲੋਮੀਟਰ ਘੇਰੇ ਵਿਚ ਤਰਨ ਤਾਰਨ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚ ਫੈਲੀ ਹੋਈ ਹੈ। ਇਸ ਵਿੱਚ ਹੁਣ ਤਕ 45 ਹਜ਼ਾਰ ਦੇ ਕਰੀਬ ਪਰਵਾਸੀ ਪੰਛੀ ਪੁੱਜ ਚੁੱਕੇ ਹਨ। ਉਮੀਦ ਹੈ ਆਉਂਦੇ ਦਿਨਾਂ ਵਿੱਚ ਪਰਵਾਸੀ ਪੰਛੀਆਂ ਦੀ ਗਿਣਤੀ ਵਧ ਕੇ ਲਗਪਗ ਡੇਢ ਲੱਖ ਤਕ ਪੁੱਜ ਜਾਵੇਗੀ। ਇਸੇ ਤਰ੍ਹਾਂ ਪੰਜਾਬ ਦੀਆਂ ਬਾਕੀ ਜਲਗਾਹਾਂ ਵਿੱਚ ਵੀ ਇਹਨਾਂ ਦੀ ਆਮਦ ਸ਼ੁਰੂ ਹੈ। ਇਹਨਾਂ ਜਲਗਾਹਾਂ ਵਿੱਚ ਪਾਣੀ ਨਾਲ ਅਠਖੇਲੀਆਂ ਕਰਦੇ ਇਹ ਪੰਛੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ।

Share this Article
Leave a comment