ਪੰਜਾਬ ਕਾਂਗਰਸ ਦੇ ਆਗੂਆਂ ਅਤੇ ਮੰਤਰੀਆਂ ਨੇ ਸਿੱਧੂ ਦੇ ਸਲਾਹਕਾਰਾਂ ਦੇ ਬਿਆਨਾਂ ਸਬੰਧੀ ਪ੍ਰਤੀਕਿਰਿਆ ਦੇਣ ਤੋਂ ਝਾੜਿਆ ਪੱਲਾ

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਪੰਜਾਬ ਕਾਂਗਰਸ ਦੇ ਆਗੂਆਂ ਅਤੇ ਮੰਤਰੀਆਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਅਤੇ ਡਾ ਪਿਆਰਾ ਲਾਲ ਗਰਗ ਦੇ ਬਿਆਨਾਂ ਸਬੰਧੀ ਪ੍ਰਤੀਕਿਰਿਆ ਦੇਣ ਤੋਂ ਪੱਲਾ ਝਾੜ ਲਿਆ ਹੈ । ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਉਸ ਨੂੰ ਸੰਗਠਨ ਦੀ ਜੋ ਜ਼ਿੰਮੇਵਾਰੀ ਲੱਗੀ ਹੈ ਉਸ ਬਾਰੇ ਹੀ ਉਹ ਜਵਾਬ ਦੇ ਸਕਦੇ ਹਨ ਜੋ ਕਿਸੇ ਨੇ ਹੋਰ ਬਿਆਨ ਦਿੱਤੇ ਹਨ ਉਸ ਬਾਰੇ ਉਹ ਕੁਝ ਨਹੀਂ ਕਹਿਣਾ ਚਾਹੁੰਦੇ।

ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮਾਲਵਿੰਦਰ ਸਿੰਘ ਮਾਲੀ ਅਤੇ ਪਿਆਰਾ ਲਾਲ ਗਰਗ ਦੇ ਬਿਆਨਾਂ ਬਾਰੇ ਪ੍ਰਤੀਕਿਰਿਆ ਦੇਣ ਦੀ ਬਜਾਏ ਇੰਨਾ ਹੀ ਕਿਹਾ ਕਿ ਉਹ ਉਨ੍ਹਾਂ ਦੇ ਬਿਆਨਾਂ ਨਾਲ ਸਹਿਮਤ ਨਹੀਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਬਿਆਨਾਂ ਤੇ ਮੁੱਖ ਮੰਤਰੀ ਨੇ ਪ੍ਰਤੀਕਿਰਿਆ ਦਿੱਤੀ ਹੈ ਉਸ ਬਾਰੇ ਉਹ ਵਿਅਕਤੀ ਹੀ ਬਿਆਨ ਦੇ ਸਕਦੇ ਹਨ।

ਜ਼ਿਕਰਯੋਗ ਹੈ ਕਿ ਅੱਜ ਪੰਜਾਬ ਕਾਂਗਰਸ ਭਵਨ ‘ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੀ ਡਿਊਟੀ ਲੱਗੀ ਸੀ ਪਰ ਉਨ੍ਹਾਂ ਦੇ ਕਿਤੇ ਹੋਰ ਰੁੱਝੇ ਹੋਣ ਕਾਰਨ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਹ ਡਿਊਟੀ ਸੰਭਾਲੀ । ਮੰਤਰੀ ਆਸ਼ੂ ਨੇ ਕਿਹਾ ਕਿ ਉਨ੍ਹਾਂ ਕੋਲ ਪੰਜਾਹ ਸੱਠ ਦੇ ਕਰੀਬ ਲੋਕੀਂ ਸਮੱਸਿਆਵਾਂ ਲੈ ਕੇ ਆਏ ਸਨ ।

Share this Article
Leave a comment