ਪਟਿਆਲਾ : ਸੂਬੇ ਅੰਦਰ ਚੋਰੀ ਅਤੇ ਸਾਈਬਰ ਠੱਗੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਬੀਤੇ ਦਿਨੀਂ ਸੰਸਦ ਮੈਂਬਰ ਪ੍ਰਨੀਤ ਕੌਰ ਨਾਲ ਵੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ ਤੇ ਇਹ ਮੋੜ ਆਇਆ ਹੈ ਫਿਨੋ ਪੇਮੈਂਟਸ ਬੈਂਕ ਦਾ ਮੈਨੇਜ਼ਰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ। ਜਾਣਕਾਰੀ ਮੁਤਾਬਕ ਪਟਿਆਲਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਹੜਾ ਕਿ ਫਿਨੋ ਪੇਮੈਂਟਸ ਬੈਂਕ ਦਾ ਮੈਨੇਜ਼ਰ ਹੈ। ਪਟਿਆਲਾ ਪੁਲਿਸ ਅਨੁਸਾਰ ਇਹ ਬੈਂਕ ਸਾਲ 2017 ‘ਚ ਖੁੱਲ੍ਹਿਆ ਸੀ ਤੇ ਇਸ ਦੀਆਂ 14 ਸੂਬਿਆਂ ਅੰਦਰ ਬ੍ਰਾਂਚਾਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 200 ਦੇ ਕਰੀਬ ਸਾਈਬਰ ਠੱਗੀ ਦੇ ਸ਼ਿਕਾਰ ਅਜਿਹੇ ਵਿਅਕਤੀ ਹਨ ਜਿਨ੍ਹਾਂ ਦਾ ਖਾਤਾ ਇਸੇ ਬੈਂਕ ਵਿੱਚ ਹੈ। ਐਸਐਸਪੀ ਸਿੱਧੂ ਨੇ ਦੱਸਿਆ ਕਿ ਇਸ ਬੈਂਕ ਦਾ ਮੈਨੇਜ਼ਰ ਵੀ ਝਾਰਖੰਡ ਦਾ ਹੀ ਰਹਿਣ ਵਾਲਾ ਹੈ। ਦੱਸਣਯੋਗ ਹੈ ਕਿ ਇਸ ਬੈਂਕ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਬੈਨ ਕੀਤਾ ਹੋਇਆ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਤਾ-ਉਲ-ਅੰਸਾਰੀ ਉਰਫ ਰਾਹੁਲ ਅੱਗਰਵਾਲ ਨੂੰ ਜਾਮਤਾੜਾ (ਝਾਰਖੰਡ) ਪੁਲਿਸ ਨੇ 3 ਅਗਸਤ ਨੂੰ ਕਿਸੇ ਹੋਰ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਖਿਲਾਫ ਪਟਿਆਲਾ ਦੇ ਥਾਣਾ ਸਿਵਲ ਲਾਇਨਜ਼ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਪੁਲਿਸ ਇਸ ਨੂੰ ਟਰਾਂਸਜਿਟ ਰਿਮਾਂਡ ‘ਤੇ ਪਟਿਆਲਾ ਲੈ ਆਈ ਸੀ। ਪਟਿਆਲਾ ਪੁਲਿਸ ਨੇ ਰਾਹੁਲ ਅੱਗਰਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਤੋਂ ਰਿਮਾਂਡ ਲੈ ਕੇ ਅਗਲੀ ਕਾਰਵਾਈ ਆਰੰਭੀ ਸੀ, ਤੇ ਉਸੇ ਕਾਰਵਾਈ ਤਹਿਤ ਹੁਣ ਅੱਗੇ ਹੋਰ ਵੱਡੇ ਵੱਡੇ ਖੁਲਾਸੇ ਹੋ ਰਹੇ ਹਨ।