-ਅਵਤਾਰ ਸਿੰਘ
ਜਗਦੀਸ਼ ਚੰਦਰ ਬੋਸ ਦਾ ਜਨਮ 30 ਨਵੰਬਰ 1858 ਨੂੰ ਬੰਗਲਾਦੇਸ਼ ਦੇ ਸ਼ਹਿਰ ਮੈਮਨ ਸਿੰਘ ਵਿਚ ਹੋਇਆ। ਉਨ੍ਹਾਂ ਦੇ ਪਿਤਾ ਭਗਵਾਨ ਚੰਦਰ ਬੋਸ ਸਰਕਾਰ ਦੇ ਉੱਚ ਅਧਿਕਾਰੀ ਸਨ।
ਉਨ੍ਹਾਂ ਆਪਣੇ ਪੁੱਤਰ ਨੂੰ ਸਾਧਾਰਣ ਸਕੂਲ ‘ਚ ਪਾਇਆ ਜਿਥੇ ਬੋਸ ਨੇ ਕਿਸਾਨਾਂ, ਕਾਮਿਆਂ, ਮਜ਼ਦੂਰਾਂ ਤੇ ਮਛੇਰਿਆਂ ਦੇ ਬੱਚਿਆਂ ਨਾਲ ਖੇਡਦਿਆਂ ਜਿੰਦਗੀ ਦੇ ਹਰ ਪੱਖ ਨੂੰ ਨੇੜਿਓਂ ਤੱਕਿਆ।
18 ਸਾਲ ਦੀ ਉਮਰ ਵਿੱਚ ਗਰੈਜੂਏਸ਼ਨ ਕਰਨ ਤੋਂ ਬਾਅਦ ਵਿਗਿਆਨ ਦੀ ਡਿਗਰੀ ਹਾਸਲ ਕਰਨ ਲਈ ਕੈਂਬਰਿਜ ਚਲਾ ਗਿਆ। 1884 ਵਿੱਚ ਬੀ ਐਸਸੀ ਦੀ ਡਿਗਰੀ ਉਪਰੰਤ ਕਲਕੱਤਾ ਦੇ ਪਰੈਜ਼ੀਡੈਂਸੀ ਕਾਲਜ ਵਿੱਚ ਫਿਜ਼ਿਕਸ ਦੇ ਸਹਾਇਕ ਪ੍ਰੋਫੈਸਰ ਵੱਜੋਂ ਨੌਕਰੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਨੂੰ ਯੂਰਪੀ ਅਧਿਆਪਕਾਂ ਦੀ 2/3 ਹਿੱਸਾ ਤਨਖਾਹ ਮਿਲਦੀ ਸੀ ਤੇ ਕਿਹਾ ਜਾਂਦਾ ਕਿ ਭਾਰਤੀ ਦਿਮਾਗੀ ਤੌਰ ਤੇ ਯੂਰਪੀਨਾਂ ਨਾਲੋਂ ਘੱਟ ਹੁੰਦੇ ਹਨ। ਬੋਸ ਨੇ ਮਿਹਨਤ ਨਾਲ ਕੰਮ ਕਰਕੇ ਸਿੱਧ ਕੀਤਾ ਕਿ ਕਿਸੇ ਤੋਂ ਘੱਟ ਨਹੀਂ।
ਉਨ੍ਹਾਂ ਨੂੰ ਯੂਰਪੀਨਾਂ ਦੇ ਬਰਾਬਰ ਤਨਖਾਹ ਦਿੱਤੀ ਗਈ। ਰੇਡੀਉ ਤਰੰਗਾਂ ਤੇ ਉਸਦੀ ਖੋਜ ਸ਼ਲਾਘਾਯੋਗ ਸੀ। ਉਸਨੇ ਆਦਮੀ ਤੇ ਜਾਨਵਰਾਂ ਵਿੱਚ ਬਿਜਲੀ ਲੰਘਾਉਣ ਤੇ ਝਟਕੇ ਨੂੰ ਮਹਿਸੂਸ ਕੀਤਾ।
ਇਹ ਖੋਜ ਰਡਾਰ ਬਣਾਉਣ ਵਿੱਚ ਸਹਾਇਕ ਹੋਈ। ਉਸਨੇ ਦੋ ਮਸ਼ਹੂਰ ਕਿਤਾਬਾਂ ਖੋਜਾਂ ਬਾਰੇ ਲਿਖੀਆਂ। ਉਸ ਨੇ ਦੱਸਿਆ ਕਿ ਪੌਦਿਆਂ ਵਿੱਚ ਵੀ ਜੀਵਨ ਹੁੰਦਾ ਹੈ।
ਉਹ ਆਦਮੀ ਵਾਂਗ ਸਾਹ ਲੈਂਦੇ, ਖੁਰਾਕ ਖਾਂਦੇ, ਪਾਣੀ ਪੀਂਦੇ, ਵਧਦੇ ਫੁਲਦੇ ਹਨ। ਉਹ ਰਾਤਾਂ ਨੂੰ ਸੌਂਦੇ ਤੇ ਸਵੇਰ ਵੇਲੇ ਜਾਗਦੇ ਹਨ। ਉਹ ਮਨੁੱਖਾਂ ਵਾਂਗ ਦੁੱਖ ਸੁੱਖ ਮਹਿਸੂਸ ਕਰਦੇ ਹਨ। ਸੰਗੀਤ ਦੀ ਸੰਗਤ, ਪੌਦਿਆਂ ਦੀ ਵੱਧਣ ਫੁੱਲਣ ਦੀ ਸ਼ਕਤੀ ਤੇ ਬਹੁਤ ਅਸਰਦਾਰ ਹੁੰਦਾ ਹੈ।
ਪੌਦਿਆਂ ਦੀ ਵਿਲੱਖਣ ਖੋਜ ਕਾਰਣ 1920 ਵਿੱਚ ਬੋਸ ਨੂੰ ਰਾਇਲ ਸੁਸਾਇਟੀ ਦਾ ਫਾਲੋ ਚੁਣਿਆ ਗਿਆ। ਉਹ ਕਲਾ, ਸਾਹਿਤ ਤੇ ਕੁਦਰਤ ਨੂੰ ਪਿਆਰ ਕਰਨ ਵਾਲਾ ਵਿਗਿਆਨੀ ਸੀ।
1928 ਨੂੰ ਕਲਕੱਤਾ ਦੇ ਸਿਟੀਜਨ ਫੋਰਮ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ, ”ਸਾਰੀਆਂ ਵਸਤੂਆਂ ਵਿੱਚ ਜੀਵਨ ਇਕੋ ਜਿਹਾ ਹੁੰਦਾ ਹੈ। ਇਸ ਲਈ ਸਾਰੀ ਮਨੁੱਖ ਨਸਲ ਆਪਣੀ ਹੋਂਦ ਲਈ ਇਕੋ ਕਿਸਮ ਦੇ ਜੀਵਨ ਨਾਲ ਸਬੰਧਿਤ ਹੈ। ਪੌਦਿਆਂ ਦੇ ਅਦਭੁੱਤ ਅਤੇ ਅਨੂਠੇ ਭੇਤ ਦੁਨੀਆਂ ਨੂੰ ਦੱਸਣ ਵਾਲਾ ਵਿਗਿਆਨੀ ਦਾ 23 ਨਵੰਬਰ 1937 ਨੂੰ ਦੇਹਾਂਤ ਹੋ ਗਿਆ। #