ਪੁਲਿਸ ਵਾਲਿਆਂ ਨੇ ਨਸ਼ਾ ਤਸਕਰਾਂ ਦੇ ਰਿਸ਼ਤੇਦਾਰਾਂ ਨਾਲ ਲੈ ਲਿਆ ਪੰਗਾ,  ਫਿਰ ਹੋਇਆ ਅਜਿਹਾ ਕੁਝ ਕਿ ਪੁਲਿਸ ਵਾਲੇ ਅੱਗੇ ਅੱਗੇ, ਰਿਸ਼ਤੇਦਾਰ ਪਿੱਛੇ ਪਿੱਛੇ, ਚਾਂਙਾਂ ਈ ਮਾਰਦੇ ਫਿਰਦੇ ਨੇ

TeamGlobalPunjab
3 Min Read

ਜਲਾਲਾਬਾਦ : ਪੰਜਾਬ ਪੁਲਿਸ ਅਕਸਰ ਆਪਣੇ ਨਿੱਤ ਨਵੇਂ ਕਾਰਨਾਮਿਆਂ ਕਰਕੇ ਚਰਚਾ ‘ਚ ਬਣੀ ਰਹਿੰਦੀ ਹੈ। ਤਾਜ਼ਾ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਮੁਲਾਜ਼ਮਾਂ ‘ਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਹਨ । ਜਿਸਦੀ ਬਕਾਇਦਾ ਕਾਲ ਰਿਕਾਰਡਿੰਗ ਵੀ ਹੈ। ਦਰਅਸਲ ਜਲਾਲਾਬਾਦ ਦੇ ਥਾਣਾ ਅਮੀਰ ਖਾਸ ਅਧੀਨ ਆਉਂਦੇ ਪਿੰਡ ਰੱਤੇਵਾਲਾ ਸੋਹਣਗੜ੍ਹ ਦੇ ਵਿਅਕਤੀਆਂ ਵਿਰੁੱਧ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਕ ਮੁਲਜ਼ਮ ਨੂੰ ਇਸ ਕੇਸ ’ਚੋਂ ਕੱਢਣ ਲਈ ਥਾਣਾ ਅਮੀਰ ਖਾਸ ਦੇ ਮੁਖੀ ਗੁਰਜੰਟ ਸਿੰਘ ਅਤੇ ਏ ਐੱਸ ਆਈ ਓਮ ਪ੍ਰਕਾਸ਼ ‘ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ ਇਸ ਸਬੰਧੀ ਫੋਨ ਕਾਲ ਰਿਕਾਰਡਿੰਗ ਵੀ ਵਾਇਰਲ ਹੋਈ ਹੈ ਜਿਸ ‘ਚ ਬੋਲ ਰਿਹਾ ਵਿਅਕਤੀ ਏਐੱਸਆਈ ਓਮ ਪ੍ਰਕਾਸ਼ ਅਤੇ ਗੁਰਜੰਟ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਮੁਲਜ਼ਮ ਦੀਆਂ ਰਿਸ਼ਤੇਦਾਰ ਔਰਤਾਂ ਤੋਂ ਦਸ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਹਨ।

ਇਸ ਤੋਂ ਬਾਅਦ ਸੀਪੀਆਈ ਦੇ ਆਗੂਆਂ ਨੇ ਪੀੜਤ ਦੱਸੇ ਜਾਂਦੇ ਪਰਿਵਾਰ ਨਾਲ ਮਿਲ ਕੇ ਐਸਐਸਪੀ ਫਾਜ਼ਿਲਕਾ ਨੂੰ ਇਸ ਕੇਸ ਵਿੱਚ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਹੈ। ਸੀਪੀਆਈ ਆਗੂ ਨੇ ਕਿਹਾ ਕਿ ਇੱਕ ਪਾਸੇ ਨਸ਼ਾ ਤਸਕਰੀ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪੂਰਾ ਜ਼ੋਰ ਲਗਾ ਰਿਹਾ ਹੈ ਤੇ ਦੂਜੇ ਪਾਸੇ ਕੁਝ ਇਹੋ ਜਿਹੇ ਪੁਲਸ ਵਾਲੇ ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡ ਰਹੇ ਹਨ। ਜਿਸ ਕਾਰਨ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਹੋਣਾ ਮੁਸ਼ਕਿਲ ਜਾਪਦਾ ਹੈ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਬਿਮਲਾ ਰਾਣੀ ਨੇ ਦੱਸਿਆ ਕਿ ਪੁਲਸ ਅਧਿਕਾਰੀ ਉਨ੍ਹਾਂ ਦੀ ਭੂਆ ਅਤੇ ਫੁੱਫੜ ਨੂੰ ਵੀ ਪਰਚੇ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਹਨ। ਬਿਮਲਾ ਰਾਣੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਵਾਲਿਆਂ ਨੂੰ ਮੌਕੇ ‘ਤੇ ਹੀ ਦਸ ਹਜ਼ਾਰ ਰੁਪਏ ਦੇਣੇ ਪਏ।

ਉਧਰ ਕੇਸ ਦੀ ਜਾਂਚ ਕਰਨ ਆਏ ਐੱਸਪੀਡੀ ਫਾਜ਼ਿਲਕਾ ਨੇ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਦੇ ਬਿਆਨ ਲੈ ਲਏ ਹਨ ਅਤੇ ਉਹ ਆਪਣੀ ਰਿਪੋਰਟ ਐਸਐਸਪੀ ਫਾਜ਼ਿਲਕਾ ਨੂੰ ਦੇਣਗੇ ਅਤੇ ਜੋ ਵੀ ਕਾਰਵਾਈ ਬਣਦੀ ਹੋਈ ਉਹ ਜ਼ਰੂਰ ਕੀਤੀ ਜਾਵੇਗੀ।

ਦੱਸ ਦਈਏ ਕਿ ਇਸ ਕੇਸ ‘ਚ ਉਕਤ ਪੁਲਿਸ ਅਧਿਕਾਰੀਆਂ ਨੂੰ ਰੰਗੇ ਹੱਥੀਂ ਫੜਾਉਣ ਲਈ ਸ਼ੁੱਕਰਵਾਰ ਨੂੰ ਵਿਜੀਲੈਂਸ ਟੀਮ ਨੇ ਜਲਾਲਾਬਾਦ ਵਿੱਚ ਛਾਪਾ ਮਾਰਿਆ ਸੀ ਪਰ ਪੁਲਿਸ ਅਧਿਕਾਰੀ ਵਿਜੀਲੈਂਸ ਟੀਮ ਦੇ ਹੱਥ ਨਹੀਂ ਲੱਗੇ।

Share This Article
Leave a Comment