ਪੁਲਿਸ ਨੇ ਨੱਚਦੇ ਗਾਉਂਦੇ ਪਰਿਵਾਰ ਨੂੰ ਚੱਕਿਆ ਪੱਬ ਚੋਂ, ਕੁੱਟ ਕੁੱਟ ਪਾਏ ਲਲ੍ਹੇ, ਬੱਚੇ ਤੇ ਜਨਾਨੀ ਦੀਆਂ ਨਿਕਲੀਆਂ ਚੀਕਾਂ

Prabhjot Kaur
5 Min Read

ਜਲੰਧਰ : ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਇਸ ਬਿੱਲੇ ‘ਤੇ ਜ਼ਰਾ ਗ਼ੌਰ ਨਾਲ ਨਜ਼ਰ ਮਾਰੋ। ਇਸ ਵਿੱਚ ਪੰਜਾਬੀ ਭਾਸ਼ਾ ‘ਚ ਸਾਫ ਤੌਰ ‘ਤੇ ਲਿਖਿਆ ਹੈ, ” ਸੁਭ ਕਰਮਨ ਤੋਂ ਕਬਹੂੰ ਨ ਟਰੋਂ” । ਇਸ ਦਾ ਮਤਲਬ ਹੈ ਕਿ ਪੰਜਾਬ ਪੁਲਿਸ ਇਨ੍ਹਾਂ ਧਾਰਮਿਕ ਤੁਕਾਂ ਨੂੰ ਆਪਣੀ ਵਰਦੀ ਅਤੇ ਹੋਰਨੀ ਥਾਂਈ ਲਿਖ ਕੇ ਇਹ ਦਾਅਵਾ ਕਰਦੀ ਹੈ ਕਿ ਇਹ ਮਹਿਕਮਾਂ ਸ਼ੁਭ ਕਰਮ ਕਰਨ ਤੋਂ ਕਦੀ ਨਹੀਂ ਟਲਦਾ ।

ਹੁਣ ਜਰਾ ਇਸ ਵੀਡੀਓ ਵਿਚਲੀਆਂ ਤਸਵੀਰਾਂ ਨੂੰ ਗੌਰ ਨਾਲ ਦੇਖੋ। ਸਾਡਾ ਪੂਰਾ ਦਾਅਵਾ ਹੈ ਕਿ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਤੇ ਇਸ ਵਿਅਕਤੀ ਦੀਆਂ ਘਸੁੰਨ ਮਾਰ ਮਾਰ ਕੇ ਵੱਖੀਆਂ ਸੇਕਦੇ ਪੁਲਿਸ ਵਾਲਿਆਂ ਨੂੰ ਦੇਖ ਕੇ ਤੁਸੀਂ ਇਹ ਤਾਂ ਕਦੇ ਵੀ ਨਹੀਂ ਕਹੋਗੇ ਕਿ ਪੰਜਾਬ ਪੁਲਿਸ ਆਪਣੇ ਬਿੱਲੇ ਤੇ ਲਿਖੇ ਅੱਖਰਾਂ ਅਨੁਸਾਰ ਕੋਈ ਸ਼ੁਭ ਕਰਮ ਕਰ ਰਹੀ ਹੈ।
ਇਹ ਤਸਵੀਰਾਂ ਨੇ ਪੰਜਾਬ ਦੇ ਜਲੰਧਰ ਸ਼ਹਿਰ ‘ਚ ਪੈਂਦੇ ਮਾਡਲ ਟਾਊਨ ਇਲਾਕੇ ਦੀਆਂ, ਜਿੱਥੇ ਦਰਜਨਾਂ ਦੀ ਤਾਦਾਤ ‘ਚ ਪੁਲਿਸ ਵਾਲਿਆਂ ਦੇ ਘੇਰੇ ਚ ਫਸਿਆ ਇਹ ਜੋੜਾ ਸਾਹਮਣੇ ਦੇ ਹੀ ਪੈਡਲਰ ਪੱਬ ਵਿੱਚ 31 ਦਸੰਬਰ 2018 ਨੂੰ ਰਾਤ 12 ਵਜੇ ਤੋਂ ਬਾਅਦ ਨਵੇਂ ਸਾਲ ਦੀ ਆਮਦ ਮੌਕੇ ਜਸ਼ਨ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਸਾਡੇ ਪੱਤਰਕਾਰ ਮਨਵੀਰ ਸਭਰਵਾਲ ਨੂੰ ਮੌਕੇ ਤੋਂ ਹਾਸਲ ਹੋਈ ਜਾਣਕਾਰੀ ਅਨੁਸਾਰ ਇਸ ਦੌਰਾਨ ਪੁਲਿਸ ਦੇ ਘੇਰੇ ‘ਚ ਚੀਕਾਂ ਮਾਰ ਰਹੀ ਇਸ ਔਰਤ ਨਾਲ ਕਿਸੇ ਸ਼ਰਾਰਤੀ ਅਨਸਰ ਵਲੋਂ ਛੇੜਖਾਨੀ ਕੀਤੀ ਗਈ, ਤਾਂ ਪੁਲਿਸ ਦੀ ਮਾਰ ਖਾ ਰਹੇ ਉਸ ਦੇ ਪਤੀ ਨੇ ਉਸ ਬੰਦੇ ਦਾ ਵਿਰੋਧ ਕੀਤਾ। ਇਸ ਦੌਰਾਨ ਹੋਈ ਗਰਮਾ-ਗਰਮੀ ‘ਚ ਉਹ ਸ਼ਰਾਰਤੀ ਅਨਸਰ ਤਾਂ ਮੌਕੇ ਤੋਂ ਫਰਾਰ ਹੋ ਗਿਆ ਤੇ ਉਸੇ ਵੇਲੇ ਇਹ ਪੁਲਿਸੀਏ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਜਿਨ੍ਹਾਂ ਨੇ ਇਸ ਪੀੜਿਤ ਜੋੜੇ ਦੀ ਗੱਲ ਸੁਣੇ ਬਿਨਾਂ ਇਨ੍ਹਾਂ ਨੂੰ ਜਬਰਦਸਤੀ ਆਪਣੀ ਗੱਡੀ ਵਿੱਚ ਲੱਦਣ ਦੀ ਕੋਸ਼ਿਸ਼ ਕੀਤੀ। ਤੁਸੀਂ ਦੇਖ ਸਕਦੇ ਹੋ ਕਿ ਵਿਰੋਧ ਕਰ ਰਹੇ ਇਸ ਜੋੜੇ ਦਾ ਪੁਲਿਸ ਵਾਲੇ ਕੀ ਹਾਲ ਕਰ ਰਹੇ ਨੇ।
ਇਹ ਪੁਲਿਸ ਵਾਲਾ ਤਾਂ ਜੀਪ ਚ ਲੱਦੇ ਇਸ ਵਿਅਕਤੀ ਨੂੰ ਇੰਝ ਕੁੱਟ ਰਿਹਾ ਹੈ ਜਿਵੇਂ ਇਸ ਦੀ ਆਪਣੇ ਸ਼ਿਕਾਰ ਨਾਲ ਕੋਈ ਨਿੱਜੀ ਖੁੰਦਕ ਹੋਵੇ। ਜਿਸ ਵੇਲੇ ਇਹ ਲੋਕ ਇਸ ਵਿਅਕਤੀ ਨੂੰ ਕੁੱਟ ਰਹੇ ਸਨ ਤਾਂ ਇਹਨਾਂ ਦੀ ਗੱਡੀ ਦੈਨਿਕ ਸਵੇਰਾ ਅਖ਼ਬਾਰ ਦੇ ਬਿੱਲਕੁਲ ਸਾਹਮਣੇ ਤੋਂ ਗੁਜਰ ਰਹੀ ਸੀ। ਹੁਣ ਜ਼ਰਾ ਸੋਚੋ ਜਿਹੜੇ ਪੁਲਿਸ ਵਾਲੇ ਸ਼ਰੇਆਮ ਸੜਕ ਤੇ ਇੱਕ ਮੀਡੀਆ ਹਾਊਸ ਦੇ ਸਾਹਮਣੇ ਇੱਕ ਵਿਅਕਤੀ ਨਾਲ ਜ਼ਾਲਿਮਨਾ ਵਿਹਾਰ ਕਰ ਸਕਦੇ ਹਨ, ਉਨ੍ਹਾਂ ਨੇ ਥਾਣੇ ਲਿਜਾ ਕੇ ਇਸ ਦਾ ਕੀ ਹਾਲ ਕੀਤਾ ਹੋਣੈ।
ਇੱਕ ਕਾਨੂੰਨ ਹੈ ਕਿ ਜਨਤਕ ਥਾਵਾਂ ‘ਤੇ ਕਸਾਈ ਕਿਸੇ ਜਾਨਵਰ ਨੂੰ ਵੀ ਵੱਢ ਕੱਟ ਇਸ ਲਈ ਨਹੀਂ ਸਕਦਾ, ਕਿਉਂਕਿ ਇਸ ਨੂੰ ਦੇਖਕੇ ਕਮਜ਼ੋਰ ਦਿਲ ਵਾਲੇ ਦਹਿਲ ਸਕਦੇ ਹਨ, ਪਰ ਜਿਸ ਤਰ੍ਹਾਂ ਇਸ ਜਨਤਕ ਥਾਂ ਤੇ ਇੱਕ ਮੀਡੀਆ ਹਾਊਸ ਦੇ ਸਾਹਮਣੇ ਇੱਕ ਇਨਸਾਨ ਨੂੰ ਕਨੂੰਨ ਦੇ ਰਖਵਾਲਿਆਂ ਵਲੋਂ ਹੀ ਜਾਨਵਰਾਂ ਵਾਂਗ ਕੁੱਟਿਆ ਜਾ ਰਿਹਾ ਹੈ ਉਸ ਨੂੰ ਦੇਖ ਕੇ ਇਹ ਮੰਗ ਉੱਠਣ ਲੱਗੀ ਹੈ ਕਿ ਇਸ ਤੋਂ ਚੰਗਾ ਤਾਂ ਇਥੇ ਕਸਾਈ ਦੀਆਂ ਦੁਕਾਨਾਂ ਹੀ ਖੋਲ੍ਹ ਦਿਓ, ਸ਼ਾਇਦ ਉਨ੍ਹਾਂ ਵਲੋਂ ਕੱਟੇ ਜਾ ਰਾਹੇ ਜਾਨਵਰਾਂ ਨੂੰ ਦੇਖ ਕੇ ਵੀ ਇੰਨੀ ਦਹਿਸ਼ਤ ਨਾ ਫੈਲੇ ਜਿੰਨੀ ਇਹ ਪੁਲਿਸ ਵਾਲੇ ਇੱਕ ਇਨਸਾਨ ਨੂੰ ਕੁੱਟ ਕੁੱਟ ਕੇ ਪਾ ਰਹੇ ਨੇ।
ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਨੇ ਇਹੋ ਜਿਹਾ ਹੀ ਇੱਕ ਕਾਰਾ ਜਦੋਂ ਪਟਿਆਲਾ ਦੇ ਸਨੌਰ ਥਾਣੇ ਅੰਦਰ ਵੀ ਕੀਤਾ ਸੀ ਤਾਂ ਤਸਵੀਰਾਂ ਸਾਹਮਣੇ ਆਉਣ ਤੇ ਪਟਿਆਲਾ ਪੁਲਿਸ ਦੇ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਉਸ ਥਾਣੇਦਾਰ ਨੂੰ ਨੌਕਰੀ ਤੋਂ ਕੱਢਣ ਲੱਗਿਆਂ ਇੱਕ ਮਿੰਟ ਵੀ ਨਹੀਂ ਲਾਇਆ ਸੀ, ਪਰ ਇਹ ਕਾਰਾ ਤਾਂ ਸ਼ਰੇਆਮ ਸੜਕ ਤੇ ਹੋਇਆ ਹੈ। ਦੇਖਣਾ ਇਹ ਹੋਵੇਗਾ ਕਿ ਜਲੰਧਰ ਪੁਲਿਸ ਦੇ ਉੱਚ ਅਧਿਕਾਰੀਆਂ ‘ਚ ਮਨਦੀਪ ਸਿੰਘ ਸਿੱਧੂ ਜਿੰਨਾ ਦਲੇਰਾਨਾ ਫੈਸਲਾ ਲੈਣ ਦੀ ਹਿੰਮਤ ਹੈ ਜਾ ਨਹੀਂ।
ਇਸ ਸਬੰਧ ‘ਚ ਜਲੰਧਰ ਦੇ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਓਂਕਾਰ ਸਿੰਘ ਬਰਾੜ ਨਾਲ ਗੱਲਬਾਤ ਕਾਰਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਫੜਿਆ ਗਿਆ ਹੈ ਉਹ ਸੜਕ ‘ਤੇ ਹੁੜਦੰਗ ਮਚਾ ਰਹੇ ਸੀ।  ਇਸ ਲਈ ਉਥੇ ਸਖਤੀ ਕਾਰਨ ਦੀ ਲੋੜ ਪਈ। ਬਰਾੜ ਨੂੰ ਜਦੋਂ ਇਹ ਪੁੱਛਿਆ ਗਿਆ ਕਿ, ਕੀ ਪੁਲਿਸ ਵਾਲਿਆਂ ਨੂੰ ਕਿਸੇ ਨਾਲ ਸੜਕ ਤੇ ਇਸ ਤਰ੍ਹਾਂ ਜਾਨਵਰਾਂ ਵਾਂਗ ਕੁੱਟਮਾਰ ਕਾਰਨ ਦਾ ਅਧਿਕਾਰ ਹੈ ? ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਇਸ ਲਈ ਜਿਨ੍ਹਾਂ ਨੇ ਕੁੱਟ ਮਾਰ ਕੀਤੀ ਹੈ ਉਨ੍ਹਾਂ ਤੇ ਵੀ ਕਾਰਵਾਈ ਹੋਗੀ।

Share this Article
Leave a comment