ਪੁਲਵਾਮਾ ਆਤਮਘਾਤੀ ਹਮਲੇ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਸਿੱਧੀ ਚੇਤਾਵਨੀ, ਇਮਰਾਨ ਖਾਨ ਸਰਕਾਰ ਨੂੰ ਦੇਣੀ ਪਈ ਸਫਾਈ

Prabhjot Kaur
2 Min Read
ਨਵੀਂ ਦਿੱਲੀ : ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਆਤਮਘਾਤੀ ਹਮਲਾ ਕਰਕੇ ਭਾਰਤ ਦੇ 40 ਜਵਾਨਾਂ ਨੂੰ ਸ਼ਹੀਦ ਕੀਤੇ ਜਾਣ ਤੋਂ ਬਾਅਦ ਅਮਰੀਕਾ ਸਣੇ ਦੁਨੀਆਂ ਭਰ ਦੇ ਜ਼ਿਆਦਾ ਤਰ ਦੇਸ਼ ਭਾਰਤ ਦੇ ਸਮਰਥਨ ਵਿੱਚ ਆਣ ਖੜ੍ਹੇ ਹੋਏ ਹਨ। ਇਸ ਸਬੰਧ ਵਿੱਚ ਅਮਰੀਕੀ ਰਾਸਟਰਪਤੀ ਭਵਨ ਵੱਲੋਂ ਪਾਕਿਸਤਾਨ ਦਾ ਸਿੱਧਾ ਨਾਮ ਲੈ ਕੇ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਧਰਤੀ ‘ਤੇ ਅੱਤਵਾਦ ਨੂੰ ਸਮਰਥਨ ਦੇਣਾ ਬੰਦ ਕਰੇ। ਅਮਰੀਕਾ ਦੀ ਇਸ ਚੇਤਾਵਨੀ ਤੋਂ ਬਾਅਦ ਅਸਰ ਇਹ ਹੋਇਆ ਹੈ ਕਿ  ਪਾਕਿਸਤਾਨ ਵੱਲੋਂ ਇੱਕ ਪ੍ਰੈਸ ਬਿਆਨ ਜ਼ਾਰੀ ਕਰਕੇ ਪੁਲਵਾਮਾ ਹਮਲੇ ਵਿੱਚ ਕਿਸੇ ਤਰ੍ਹਾਂ ਦੀ ਸਮੂਲੀਅਤ ਤੋਂ ਇੰਨਕਾਰ ਕਰਦਿਆਂ ਇਸ ਨੂੰ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ।
ਦੱਸ ਦਈਏ ਕਿ ਵਾਈਟ ਹਾਊਸ ਦੀ ਬੁਲਾਰਾ ਸਾਰਾ ਸੈਂਡਰਸ ਨੇ ਸਿੱਧੇ ਪਾਕਿਸਤਾਨ ਦਾ ਨਾਮ ਲੈਂਦਿਆਂ ਕਿਹਾ ਹੈ ਕਿ ਪਾਕਿਸਤਾਨ ਦੇ ਇਸ ਖਿੱਤੇ ਵਿੱਚ ਅੱਤਵਾਦ ਅਤੇ ਹਿੰਸਾ ਨੂੰ ਵਧਾਵਾ ਦਿੰਦਿਆਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਮੰਤਰਾਲਿਆ ਨੇ ਵੀ ਜ਼ਾਰੀ ਕੀਤੇ ਇੱਕ ਬਿਆਨ ਵਿੱਚ ਪਾਕਿਸਤਾਨ ਦਾ ਨਾਮ ਲੈ ਕਿ ਕਿਹਾ ਗਿਆ ਹੈ ਕਿ ਦੁਨੀਆਂ ਭਰ ਦੇ ਦੇਸ਼ਾਂ ਨੂੰ ਸੰਯੁਕਤ ਰਾਸਟਰ ਦੇ ਮਤੇ ਤਹਿਤ ਅੱਤਵਾਦ ਖਿਲਾਫ ਆਪਣੀਆਂ ਜਿੰਮੇਵਾਰੀਆਂ ਸਮਝਦਿਆਂ ਅੱਤਵਾਦੀਆਂ ਲਈ ਪਨਾਹਗਾਹ ਬਣਣ ਤੋਂ ਗੁਰੇਜ਼ ਕਰਨਾ ਪਵੇਗਾ। ਅਮਰੀਕਾ ਅਨੁਸਾਰ ਭਾਰਤ ਵੱਲੋਂ ਅੱਤਵਾਦ ਨਾਲ ਜਾਰੀ ਜੰਗ ਵਿੱਚ ਅਮਰੀਕਾ ਹਰ ਹਾਲਤ ਵਿੱਚ ਉਸ ਦੇ ਨਾਲ ਖੜ੍ਹਾ ਹੈ।
ਇਸ ਦੇ ਨਾਲ ਹੀ ਇਜ਼ਰਾਈਲ, ਰੂਸ, ਫਰਾਂਸ, ਬੰਗਲਾਦੇਸ਼, ਮਾਲਦੀਵ, ਸ਼੍ਰੀਲੰਕਾ, ਕਨੇਡਾ, ਥਾਈਲੈਂਡ, ਚੈਕ ਰਿਪਬਲਿਕ ਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਵੀ ਪੁਲਬਾਮਾ ਅੱਤਵਾਦੀ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਭਾਰਤੀ ਜਵਾਨਾਂ ਦੀ ਸ਼ਹਾਦਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

Share this Article
Leave a comment