ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਆਉਂਦੇ ਦਿਨਾਂ ਵਿੱਚ ਵੱਖ-ਵੱਖ ਖੇਤਰਾਂ ਦੇ ਸਿਖਲਾਈ ਕੋਰਸ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਲਗਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਦੋ ਦਿਨਾਂ ਕੋਰਸ ‘ਦੁੱਧ ਤੋਂ ਵੰਨ-ਸੁਵੰਨੇ ਪਦਾਰਥ ਬਨਾਉਣ’ ਸੰਬੰਧੀ ਵਿਸ਼ੇਸ਼ ਸਿਖਲਾਈ ਦਾ ਕੋਰਸ 4 ਅਤੇ 5 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ। ਇਸ ਕੋਰਸ ਵਿੱਚ ਵੱਖ-ਵੱਖ ਵਿਭਾਗਾਂ ਦੇ ਮਾਹਿਰ ਮਨੁੱਖੀ ਸਿਹਤ ਲਈ ਦੁੱਧ ਦਾ ਮਹੱਤਵ, ਦੁੱਧ ਤੋਂ ਸਿਹਤਮੰਦ ਸ਼ੇਕ ਅਤੇ ਪੂਡਿੰਗ ਤਿਆਰ ਕਰਨਾ, ਪਨੀਰ, ਆਈਸ ਕਰੀਮ ਅਤੇ ਕੁਲਫੀ ਤਿਆਰ ਕਰਨਾ ਅਤੇ ਘਰੇਲੂ ਪੱਧਰ ਤੇ ਦੁੱਧ ਦੀ ਸਾਂਭ-ਸੰਭਾਲ ਦੇ ਜ਼ਰੂਰੀ ਨੁਕਤਿਆਂ ਸੰਬੰਧੀ ਸਿਖਿਆਰਥੀਆਂ ਨਾਲ ਗੱਲਬਾਤ ਕਰਨਗੇ ।
ਦੂਸਰਾ ਕੋਰਸ ਕੀਟ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਹ ਤਿੰਨ ਦਿਨਾਂ ਕੋਰਸ 4-6 ਫਰਵਰੀ ਤੱਕ ਰਾਜਸਥਾਨ ਦੇ ਸ਼ਹਿਰ ਕੋਟਾ ਦੇ ਕਿਸਾਨਾਂ ਲਈ ਸ਼ਹਿਦ ਮੱਖੀ ਪਾਲਣ ਦੇ ਬੁਨਿਆਦੀ ਨੁਕਤਿਆਂ ਬਾਰੇ ਹੋਵੇਗਾ। 20 ਦੇ ਕਰੀਬ ਸਿਖਿਆਰਥੀ ਇਸ ਕੋਰਸ ਵਿੱਚ ਭਾਗ ਲੈ ਰਹੇ ਹਨ। ਇਹਨਾਂ ਸਿਖਿਆਰਥੀਆਂ ਨੂੰ ਵੱਖ-ਵੱਖ ਮੌਸਮਾਂ ਦੌਰਾਨ ਮੱਖੀਆਂ ਦੀ ਸੰਭਾਲ, ਸ਼ਹਿਦ ਉਤਪਾਦਨ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਵਿਗਿਆਨਕ ਵਿਧੀਆਂ ਦੀ ਸਿਖਲਾਈ ਦਿੱਤੀ ਜਾਵੇਗੀ। ਇਹਨਾਂ ਸਿਖਿਆਰਥੀਆਂ ਨੂੰ ਸ਼ਹਿਦ ਮੱਖੀ ਪਾਲਣ ਉਦਯੋਗ ਦਾ ਦੌਰਾ ਵੀ ਕਰਵਾਇਆ ਜਾਵੇਗਾ ।