ਵੱਡੇ-ਵੱਡੇ ਧਨਾਂਢ ਆਗੂਆਂ ਦਾ ਬੀਜੇਪੀ ਵਿਚ ਸ਼ਾਮਿਲ ਹੋਣਾ, ਉਸੇ ਤਰ੍ਹਾਂ ਦਾ ਵਰਤਾਰਾ ਹੈ ਜਿਵੇ ਜਰਨਲ ਕੌਂਲ ਨੇ 1962 ਦੀ ਜੰਗ ਦਾ ਸਾਹਮਣਾ ਕਰਨ ਤੋ ਬਹਾਨਾ ਬਣਾਇਆ ਸੀ : ਮਾਨ

Global Team
4 Min Read
ਫ਼ਤਹਿਗੜ੍ਹ ਸਾਹਿਬ : “ਜਦੋਂ ਕਿਸੇ ਮੁਲਕ, ਸਮਾਜ ਜਾਂ ਆਪਣੇ ਲੋਕਾਂ ਉਤੇ ਵੱਡੀ ਭੀੜ ਬਣ ਜਾਵੇ ਤਾਂ ਇਹ ਸੁਹਿਰਦ ਆਗੂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ਜਾਂ ਜੰਗ ਦਾ ਸਾਹਮਣਾ ਕਰਨ ਦੀ ਖੁਦ ਅਗਵਾਈ ਕਰਕੇ ਆਪਣੇ ਲੋਕਾਂ ਦੇ ਹੌਂਸਲੇ ਨੂੰ ਵੀ ਬੁਲੰਦ ਰੱਖਦਾ ਹੈ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਉਸ ਸੰਕਟ ਨੂੰ ਫਤਹਿ ਵੀ ਕਰਦਾ ਹੈ । ਪਰ 1962 ਦੀ ਚੀਨ-ਇੰਡੀਆ ਜੰਗ ਸਮੇਂ ਜਦੋਂ ਦੁਸ਼ਮਣ ਤਾਕਤ ਇੰਡੀਆ ਤੇ ਹਾਵੀ ਹੋ ਗਈ ਸੀ, ਤਾਂ ਉਸ ਸਮੇਂ ਇੰਡੀਅਨ ਆਰਮੀ ਦੇ ਜਰਨਲ ਬ੍ਰਿਜ ਮੋਹਨ ਕੌਂਲ ਨੇ ਸਾਬਣ ਘੋਲਕੇ ਪੀ ਲਿਆ ਸੀ ਅਤੇ ਆਪ ਜਾ ਕੇ ਹਸਪਤਾਲ ਵਿਚ ਦਾਖਲ ਹੋ ਗਿਆ ਸੀ ਤਾਂ ਕਿ ਸਿਹਤ ਖਰਾਬੀ ਦੇ ਬਹਾਨੇ ਅਧੀਨ ਉਹ ਜੰਗੀ ਮੈਦਾਨ ਵਿਚ ਜਾਣ ਤੋ ਬੱਚ ਸਕੇ । ਜੋ ਹੁਣੇ ਹੀ ਪੰਜਾਬ ਦੇ ਵੱਡੇ-ਵੱਡੇ ਧਨਾਂਢ ਸਿਆਸਤਦਾਨਾਂ ਵੱਲੋ ਪੰਜਾਬ ਮਾਰੂ ਅਤੇ ਸਿੱਖ ਕੌਮ ਮਾਰੂ ਭਾਰਤੀ ਜਨਤਾ ਪਾਰਟੀ ਅਤੇ ਸ੍ਰੀ ਮੋਦੀ ਦੀ ਅਗਵਾਈ ਪ੍ਰਵਾਨ ਕਰਕੇ ਆਪਣੀਆ ਪਿੱਤਰੀ ਪਾਰਟੀਆ ਨੂੰ ਅਲਵਿਦਾ ਕਹਿਕੇ ਸਾਮਿਲ ਹੋਣ ਦੀ ਹੋੜ ਲੱਗ ਗਈ ਹੈ, ਇਹ ਬਿਲਕੁਲ ਉਸੇ ਤਰ੍ਹਾਂ ਦਾ ਵਰਤਾਰਾ ਹੈ ਜਿਵੇ ਜਰਨਲ ਕੌਂਲ ਨੇ ਵੱਡੀ ਮੁਸਕਿਲ ਦਾ ਸਾਹਮਣਾ ਕਰਨ ਦੀ ਬਜਾਇ ਸਾਬਣ ਘੋਲਕੇ ਪੀ ਕੇ ਹਸਪਤਾਲ ਦਾਖਲ ਹੋ ਕੇ ਆਪਣੇ ਫਰਜਾਂ ਨੂੰ ਪੂਰਨ ਕਰਨ ਅਤੇ ਇੰਡੀਅਨ ਆਰਮੀ ਨੂੰ ਧੋਖਾ ਦੇਣ ਦੀ ਗੁਸਤਾਖੀ ਕੀਤੀ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਸਮੇ ਤੋ ਬਿਨ੍ਹਾਂ ਸਿਰ-ਪੈਰ ਅਤੇ ਹਫੜਾ-ਦਫੜੀ ਦਾ ਸਿਕਾਰ ਹੋ ਕੇ ਪੰਜਾਬ ਦੇ ਵੱਡੇ-ਵੱਡੇ ਧਨਾਂਢ ਸਿਆਸਤਦਾਨਾਂ ਵੱਲੋ ਬੀਜੇਪੀ ਵਰਗੀ ਪੰਜਾਬ ਤੇ ਸਿੱਖ ਵਿਰੋਧੀ ਜਮਾਤ ਦੀ ਗੁਲਾਮੀ ਨੂੰ ਪ੍ਰਵਾਨ ਕਰਕੇ ਉਸ ਵਿਚ ਸਾਮਿਲ ਹੋਣ ਦੀ ਲੱਗੀ ਦੌੜ ਉਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਲੰਮੇ ਸਮੇ ਤੋ ਬਰਗਾੜੀ, ਕੋਟਕਪੂਰਾ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ ਆਦਿ ਸਥਾਨਾਂ ਉਤੇ ਸਾਜਸੀ ਢੰਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਅਪਮਾਨਿਤ ਕਾਰਵਾਈਆ ਦਾ ਸਿੱਖ ਕੌਮ ਨੂੰ ਇਨਸਾਫ ਨਹੀ ਮਿਲ ਰਿਹਾ, 25-25, 30-30 ਸਾਲਾਂ ਤੋ ਵੱਧ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਹੁਕਮਰਾਨ ਰਿਹਾਅ ਨਹੀ ਕਰ ਰਿਹਾ, 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਦੋਸ਼ੀ ਨਹੀ ਲੱਭੇ ਜਾ ਰਹੇ, ਐਸ.ਜੀ.ਪੀ.ਸੀ. ਦੀ ਬੀਤੇ 11 ਸਾਲਾਂ ਤੋ ਹੁਕਮਰਾਨ ਜਰਨਲ ਚੋਣ ਕਰਵਾਉਣ ਤੋ ਮੁੰਨਕਰ ਹੋ ਰਿਹਾ ਹੈ, ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਇਥੇ ਕੋਈ ਵੀ ਵੱਡਾ ਉਦਯੋਗ ਨਹੀ ਦਿੱਤਾ ਜਾ ਰਿਹਾ, ਲੱਖਾਂ ਦੀ ਗਿਣਤੀ ਵਿਚ ਬੇਰੁਜਗਾਰੀ ਮੂੰਹ ਅੱਡੀ ਖੜ੍ਹੀ ਹੈ, ਪੰਜਾਬ ਦੇ ਕੀਮਤੀ ਪਾਣੀਆ ਅਤੇ ਬਿਜਲੀ ਜ਼ਬਰੀ ਖੋਹੀ ਜਾ ਰਹੀ ਹੈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਨਹੀ ਕੀਤੀ ਜਾ ਰਹੀ, ਪੰਜਾਬ ਵਿਚ ਪ੍ਰਵਾਸੀ ਮਜਦੂਰਾਂ ਨੂੰ ਇਕ ਵੱਡੀ ਸਾਜਿਸ ਰਾਹੀ ਇਥੇ ਵਸਾਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਘੱਟ ਗਿਣਤੀ ਵਿਚ ਕਰਨ ਦੇ ਮਨਸੂਬਿਆ ਤੇ ਅਮਲ ਹੋ ਰਿਹਾ ਹੈ, ਸਾਡੇ ਮਹਾਨ ਵਿਰਸੇ-ਵਿਰਾਸਤ, ਪੰਜਾਬੀ ਬੋਲੀ-ਸੱਭਿਆਚਾਰ ਉਤੇ ਹਮਲੇ ਕਰਕੇ ਉਸਨੂੰ ਖਤਮ ਕਰਨ ਦੇ ਅਮਲ ਹੋ ਰਹੇ ਹਨ ਤਾਂ ਅਜਿਹੇ ਅਤਿ ਗੰਭੀਰ ਸਮੇ ਜੇਕਰ ਸਾਡੇ ਪੰਜਾਬ ਦੇ ਇਹ ਸਿੱਖ ਸਿਆਸਤਦਾਨ ਪੰਜਾਬ ਵਿਰੋਧੀ ਬੀਜੇਪੀ ਪਾਰਟੀ ਵਿਚ ਸਾਮਿਲ ਹੋਣ ਲਈ ਜਰਨਲ ਕੌਂਲ ਦੀ ਤਰ੍ਹਾਂ ਭੱਜ ਰਹੇ ਹਨ, ਫਿਰ ਇਨ੍ਹਾਂ ਸਿਆਸਤਦਾਨਾਂ ਨੂੰ ਕਿਵੇ ਪੰਜਾਬ, ਸਿੱਖ ਕੌਮ ਅਤੇ ਇਨਸਾਨੀਅਤ ਪੱਖੀ ਕਹਿ ਸਕੇਗਾ ? ਇਹ ਤਾਂ ਖੁਦ-ਬ-ਖੁਦ ਆਪਣੇ ਆਪ ਨੂੰ ਸੂਬੇ ਦੇ ਨਿਵਾਸੀਆ ਅਤੇ ਆਪਣੇ ਇਖਲਾਕ ਤੋ ਭਗੌੜੇ ਸਾਬਤ ਕਰਨ ਲਈ ਇਕ ਦੂਸਰੇ ਤੋ ਅੱਗੇ ਹੋ ਕੇ ਵਿਚਰ ਰਹੇ ਹਨ । ਹੁਣ ਅਜਿਹੀ ਦਿਸ਼ਾਹੀਣ ਲੀਡਰਸਿ਼ਪ ਅਤੇ ਆਪਣੇ ਲੋਕਾਂ ਨੂੰ ਧੋਖਾ ਤੇ ਫਰੇਬ ਦੇਣ ਵਾਲੀ ਲੀਡਰਸਿਪ ਦਾ ਕੀ ਭਵਿੱਖ ਹੋਵੇਗਾ, ਉਸਦਾ ਅੰਦਾਜਾ ਪੰਜਾਬ ਦੇ ਨਿਵਾਸੀ ਅਤੇ ਵਿਦਵਾਨ ਖੁਦ ਲਗਾ ਸਕਦੇ ਹਨ ।

Share this Article
Leave a comment