ਪਾਣੀ ਅਤੇ ਊਰਜਾ ਸਰੋਤਾਂ ਲਈ ਇੱਕ ਲਾਭਕਾਰੀ ਯੋਜਨਾ: ‘ਪਾਣੀ ਬਚਾਓ ਪੈਸਾ ਕਮਾਓ’

TeamGlobalPunjab
16 Min Read

ਰਾਜਨ ਅਗਰਵਾਲ, ਅੰਗਰੇਜ਼ ਸਿੰਘ, ਨਿਲੇਸ਼ ਬਿਵਾਲਕਰ

(ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ)

ਪੰਜਾਬ ਵਿੱਚ ਪਿਛਲੇ 5 ਦਹਾਕਿਆਂ ਵਿੱਚ, ਫਸਲ ਉਤਪਾਦਨ ਵਿੱਚ 3-4 ਗੁਣਾ ਵਾਧਾ ਹੋਇਆ ਹੈ। ਜਿਸਦੇ ਨਤੀਜੇ ਵਜੋਂ ਰਾਜ ਦੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦਾ ਭਾਰੀ ਸ਼ੋਸ਼ਣ ਹੋਇਆ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ 41 ਲੱਖ ਹੈਕਟੇਅਰ ਖੇਤਰ ਵਿੱਚੋਂ ਲਗਭਗ 30 ਅਤੇ 35 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਕਣਕ ਦੀ ਫਸਲ ਉਗਾਈ ਜਾਂਦੀ ਹੈ। ਜਿਨ੍ਹਾਂ ਨੂੰ ਬਹੁਤ ਵੱਧ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਪੰਜਾਬ ਖੇਤਰ ਵਿੱਚ ਪਾਣੀ ਦੀ ਘੱਟਦੀ ਦਰ ਨੂੰ ਧਿਆਨ ਵਿੱਚ ਰੱਖ ਕੇ, ਪੰਜਾਬ ਸਰਕਾਰ ਨੇ 14 ਜੂਨ 2018 ਨੂੰ ਪਾਣੀ ਬਚਾਓ, ਪੈਸਾ ਕਮਾਓ ਨਾਂ ਦੀ ਇੱਕ ਯੋਜਨਾ ਸ਼ੁਰੂ ਕੀਤੀ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਇਹ ਯੋਜਨਾ 6 ਬਿਜਲੀ ਫੀਡਰਾਂ ਵਿੱਚ ਸ਼ੁਰੂ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਨਾਲ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਵਿਸ਼ਵ ਬੈਂਕ, ਊਰਜਾ ਅਤੇ ਸੋਮਿਆਂ ਦੀ ਸੰਸਥਾ (“5R9), ਇੰਨਫਰਮੇਸ਼ਨ ਟੈਕਨਾਲੋਜੀ ਪਾਵਰ-ਇੰਡੀਆ (9“P9) ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇੱਕ ਸਾਂਝੇ ਰੂਪ ਵਿੱਚ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਤਿੰਨ ਫੀਡਰਾਂ ਜਿਵੇਂ ਕਿ ਬੰਬੀਵਾਲ, ਨਮਾਜੀਪੁਰ (ਜ਼ਿਲ੍ਹਾ ਜਲੰਧਰ) ਅਤੇ ਧਨੋਆ (ਜ਼ਿਲ੍ਹਾ ਹੁਸ਼ਿਆਰਪੁਰ) ਵਿੱਚ ਕੀਤੀ ਹੈ। ਬਾਕੀ ਤਿੰਨ ਫੀਡਰ, ਸੁੰਦਰਪੁਰ, ਹਰੀਪੁਰ ਅਤੇ ਖਰੋਦਾ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਦਾ ਪ੍ਰਬੰਧਨ ਅਬਦੁਲ ਲਤੀਫ ਜਮੀਲ ਗਰੀਬੀ ਐਕਸ਼ਨ ਲੈਬ (ਜੇ-ਪਾਲ) ਕਰ ਰਿਹਾ ਹੈ।

ਪੰਜਾਬ ਵਿੱਚ ਇਸ ਸਮੇਂ ਲਗਭਗ 14.76 ਲੱਖ ਟਿਊਬਵੈਲ ਹਨ। ਉਹਨਾਂ ਵਿੱਚ 13.36 ਲੱਖ ਬਿਜਲੀ ਨਾਲ ਚਲਾਏ ਜਾਂਦੇ ਹਨ, ਜਿਨ੍ਹਾਂ ਨੂੰ ਲਗਭਗ 6000 ਫੀਡਰਾਂ ਰਾਹੀਂ ਬਿਜਲੀ ਦਿੱਤੀ ਜਾਂਦੀ ਹੈ। ਇਸ ਯੋਜਨਾ ਦੇ ਤਹਿਤ, ਕਿਸਾਨਾਂ ਨੂੰ ਆਪਣੇ ਟਿਊਬਵੈੱਲ ਉਤੇ ਪੀ.ਐਸ.ਪੀ.ਸੀ.ਐਲ ਦੁਆਰਾ ਦਿੱਤਾ ਗਿਆ, ਇੱਕ ਨਵਾਂ ਬਿਜਲੀ ਮੀਟਰ ਲਗਵਾਉਣਾ ਪਵੇਗਾ ਅਤੇ ਉਨ੍ਹਾਂ ਨੂੰ ਵੱਖ-ਵੱਖ ਫਸਲਾਂ ਜਿਵੇਂ ਝੋਨਾ ਅਤੇ ਕਣਕ ਦੀ ਫਸਲ ਲਈ ਨਿਸ਼ਚਿਤ ਬਿਜਲੀ ਯੂਨਿਟਾਂ (KW8) ਦਿੱਤੀਆਂ ਜਾਣਗੀਆਂ। ਬਿਜਲੀ ਦੀ ਨਿਰਧਾਰਿਤ ਦਰ ਅਤੇ ਖਪਤ ਦਰ ਦੇ ਵਿਚਕਾਰ ਦੇ ਅੰਤਰ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ।

- Advertisement -

ਖਪਤ ਕੀਤੀ ਗਈ ਇਕਾਈਆਂ (ਯੂਨਿਟਾਂ) ਅਤੇ ਨਿਰਧਾਰਿਤ ਕੀਤੀਆਂ ਗਈਆਂ ਇਕਾਈਆਂ ਦੇ ਵਿੱਚ ਅੰਤਰ ਨੂੰ ਚਾਰ (4) ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਹਾੜੀ ਅਤੇ ਸਾਉਣੀ ਦੋਨਾਂ ਸੀਜ਼ਨਾਂ ਦੌਰਾਨ ਸਬਸਿਡੀ ਦਿੱਤੀ ਜਾਵੇਗੀ। ਨਿਰਧਾਰਿਤ ਇਕਾਈਆਂ ਤੋਂ ਵੱਧ ਖਪਤ ਕਰਨ ਉਤੇ ਕਿਸਾਨਾਂ ਨੂੰ ਵਾਧੂ ਖਰਚਾ ਨਹੀਂ ਪਵੇਗਾ। ਕਿਸਾਨਾਂ ਨੂੰ ਕੋਈ ਵੀ ਬਿੱਲ ਜਾਰੀ ਨਹੀਂ ਕੀਤਾ ਜਾਵੇਗਾ। ਕਿਸਾਨਾਂ ਨੂੰ ਉਨ੍ਹਾਂ ਦੀ ਬੱਚਤ ਬਾਰੇ ਮੋਬਾਇਲ ਤੇ ਸੁਨੇਹੇ (SMS) ਰਾਹੀਂ ਸੂਚਿਤ ਕੀਤਾ ਜਾਵੇਗਾ। ਸਬਸਿਡੀ ਸਿੱਧੇ ਹੀ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।

ਉਦਾਹਰਨ ਵਜੋਂ, ਜੇ ਕਿਸੇ ਕਿਸਾਨ ਦੇ ਕੋਲ 10 ਹਾਰਸ ਪਾਵਰ (8P) ਦੀ ਮੋਟਰ ਹੈ, ਜਿਹੜਾ ਬੰਬੀਵਾਲ ਖੇਤਰ ਵਿੱਚ ਸਥਿਤ ਹੈ ਅਤੇ ਉਸ ਨੂੰ ਝੋਨੇ ਦੇ ਲਈ ਦੋ ਮਹੀਨੇ ਲਈ 400 KW8 /28P ਦਿੱਤਾ ਗਿਆ ਹੈ। ਜੇਕਰ ਉਹ ਦੋ ਮਹੀਨਿਆਂ ਵਿੱਚ 320 ਇਕਾਈਆਂ ਦੀ ਖਪਤ ਕਰਦਾ ਹੈ, ਤਾਂ ਉਸ ਨੂੰ 10 (ਹੋਰਸ ਪਾਵਰ) x 80 (ਬੱਚਾਈ ਗਈ ਇਕਾਈਆਂ / ਯੂਨਿਟ) x 4 ਰੁਪਏ (ਪ੍ਰਤੀ ਯੂਨਿਟ ਲਾਗਤ) 3200 ਰੁਪਏ ਦੀ ਸਬਸਿਡੀ ਉਸ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।

ਪੀ.ਐਸ.ਪੀ.ਸੀ.ਐਲ. ਦੇ ਮਾਪਦੰਡਾਂ ਦੇ ਅਨੁਸਾਰ ਬਿਜਲੀ ਦੀ ਵੰਡ ਸੀਜ਼ਨ ਦੇ ਹਿਸਾਬ ਨਾਲ ਕੀਤੀ ਜਾਵੇਗੀ ਜਿਵੇਂ ਕਿ ਸਾਉਣੀ ਦੀ ਫਸਲ (20 ਜੂਨ ਤੋਂ 20 ਅਕਤੂਬਰ) ਅਤੇ ਹਾੜੀ ਰੁੱਤ (21 ਅਕਤੂਬਰ ਤੋਂ 19 ਜੂਨ)। ਇਹ ਵੰਡ ਉਪਭੋਗਤਾ ਦੇ ਮਨਜ਼ੂਰਸ਼ੁਦਾ ਲੋਡ ਨਾਲ ਜੁੜਿਆ ਹੋਇਆ ਹੈ। ਵਰਤਮਾਨ ਬਿਜਲੀ ਯੂਨਿਟਾਂ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ:-

ਬਿਜਲੀ ਬੱਚਤ ਦਾ ਸਿੱਧਾ ਲਾਭ ਸਕੀਮ ਦੇ ਪਹਿਲੇ ਪੜਾਅ ਦੇ ਆਧਾਰ ਤੇ ਇਹ ਯੋਜਨਾ ਹਾਲ ਹੀ ਵਿੱਚ ਪਟਿਆਲਾ, ਸੰਗਰੂਰ, ਫਰੀਦਕੋਟ, ਖੰਨਾ, ਜਲੰਧਰ, ਕਪੂਰਥਲਾ, ਰੂਪਨਗਰ, ਹੁਸ਼ਿਆਰਪੁਰ, ਨਵਾ-ਸ਼ਹਿਰ, ਮੋਗਾ, ਫਿਰੋਜ਼ਪੁਰ, ਬਠਿੰਡਾ ਦੇ 250 ਹੋਰ ਫੀਡਰਾਂ ਵਿੱਚ ਲਾਗੂ ਕੀਤੀ ਗਈ ਹੈ।

ਇਸ ਯੋਜਨਾ ਦਾ ਉਦੇਸ਼ ਧਰਤੀ ਹੇਠਲੇ ਪਾਣੀ ਦੀ ਢੁਕਵੀਂ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਪਾਣੀ ਬਚਾਓ, ਪੈਸਾ ਕਮਾਓ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਊਰਜਾ ਅਤੇ ਪਾਣੀ ਦੀ ਬੱਚਤ ਦੇ ਬਾਰੇ ਜਾਗੂਰਕ ਕਰਨ ਲਈ ਸਿਖਲਾਈ, ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਹਰ ਘਰ ਵਿੱਚ ਪ੍ਰਚਾਰ ਮੁਹਿੰਮ ਚਲਾਈ ਗਈ ਅਤੇ ਕੈਂਪ ਲਗਾਏ ਗਏ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਕੀਤੇ ਗਏ ਨਵੇਂ ਪ੍ਰਯੋਗਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਸਾਨਾਂ ਲਈ ਦੌਰੇ ਵੀ ਰੱਖੇ ਜਾਂਦੇ ਹਨ। ਤਾਂ ਜੋ ਕਿਸਾਨ ਉਸ ਤਕਨੀਕ ਨੂੰ ਆਪਣੇ ਖੇਤਾਂ ਵਿੱਚ ਆਸਾਨੀ ਨਾਲ ਅਪਣਾ ਸਕਣ। ਇਹਨਾਂ ਤਕਨੀਕਾਂ ਬਾਰੇ ਵਿੱਚ ਹੇਠਾਂ ਲਿਖੇ ਭਾਗਾਂ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ:-

- Advertisement -

ਊਰਜਾ ਅਤੇ ਪਾਣੀ ਦੀ ਸੰਭਾਲ ਲਈ ਵਿਧੀ:- ਹਰੇ ਇਨਕਲਾਬ ਦੀ ਸ਼ੁਰੂਆਤ ਤੋਂ ਲੈ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਸਾਨਾਂ ਦੇ ਲਈ ਵੱਖ-ਵੱਖ ਪਹਿਲੂਆਂ ਦੇ ਉੱਤੇ ਕੰਮ ਕਰ ਰਹੀ ਹੈ ਤਾਂ ਜੋ ਘੱਟੋ-ਘੱਟ ਲਾਗਤ ਨਾਲ ਉਦਪਾਦਨ ਵਿੱਚ ਵਾਧਾ ਕੀਤਾ ਜਾ ਸਕੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਟਿਕਾਊ ਖੇਤੀ ਲਈ ਕਈ ਤਕਨੀਕਾਂ ਵਿਕਸਤ ਕੀਤੀਆਂ ਹਨ। ਜਿਨ੍ਹਾਂ ਨੂੰ ਅਪਣਾ ਕੇ ਖੇਤ ਪ੍ਰਬੰਧਨ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।

1.ਜ਼ਮੀਨਦੋਜ਼ ਪਾਈਪ ਲਾਈਨ ਸਿਸਟਮ:- ਰਵਾਇਤੀ ਸਿੰਚਾਈ ਵਿਧੀਆਂ ਜਿਵੇਂ ਕਿ ਕਿਆਰਾ ਸਿੰਚਾਈ, ਚੈਕ ਬੇਸਿਨ ਸਿੰਚਾਈ ਅਤੇ ਕੁੰਡ ਸਿੰਚਾਈ ਦੀ ਵਰਤੋਂ ਨਾਲ ਸਿੰਚਾਈ ਦਾ ਪਾਣੀ ਕਾਫੀ ਮਾਤਰਾ ਵਿੱਚ ਬੇਅਰਥ ਚਲਿਆ ਜਾਂਦਾ ਹੈ। ਖਾਲਾਂ ਰਾਹੀਂ ਰਵਾਇਤੀ ਸਿੰਚਾਈ ਵਿਧੀ ਨੂੰ ਇਸ ਤਕਨੀਕ ਨਾਲ ਤਬਦੀਲ ਕਰਨ ਨਾਲ ਲਗਭਗ 20% ਪਾਣੀ ਦੀ ਬੱਚਤ ਹੁੰਦੀ ਹੈ। ਇਸ ਵਿਧੀ ਨੂੰ ਅਪਣਾਉਣ ਦੇ ਨਾਲ ਮਜ਼ਦੂਰੀ ਅਤੇ ਰੱਖ-ਰਖਾਅ ਦੇ ਖਰਚਿਆਂ ਵਿਚ ਵੀ ਕਮੀ ਆਉਂਦੀ ਹੈ। ਇਹ ਵਿਧੀ 2-3% ਖੇਤੀ ਭੂਮੀ ਨੰ ਵੀ ਬਚਾਉਂਦੀ ਹੈ। ਜਿਹੜੀ ਆਮ ਤੌਰ ਤੇ ਖਾਲਾਂ ਬਣਾਉਣ ਕਾਰਨ ਬਰਬਾਦ ਹੋ ਜਾਂਦੀ ਹੈ ਅਤੇ ਇਸ ਵਿਧੀ ਰਾਹੀਂ ਬਚਾਈ ਜ਼ਮੀਨ ਨੂੰ ਖੇਤੀਬਾੜੀ ਦੇ ਲਈ ਉਪਯੋਗ ਵਿਚ ਲਿਆਂਦਾ ਜਾ ਸਕਦਾ ਹੈ।

ਜ਼ਮੀਨਦੋਜ ਪਾਈਪਾਂ ਲਈ ਕਿਸਾਨ ਆਰ.ਸੀ.ਸੀ. ਅਤੇ ਪੀ.ਵੀ.ਸੀ ਪਾਈਪਾਂ ਦੀ ਵਰਤੋਂ ਕਰ ਸਕਦਾ ਹੈ। ਪਰ, ਪੀ.ਵੀ.ਸੀ ਪਾਈਪਾਂ ਦੀ ਵਰਤੋਂ ਵਧੇਰੇ ਫਾਇਦੇਮੰਦ ਹੈ ਕਿਉਂਕਿ ਪੀ.ਵੀ.ਸੀ ਪਾਈਪਾਂ ਦੀ ਪਾਣੀ ਪਹੁੰਚਾਉਣ ਦੀ ਕੁਸ਼ਲਤਾ ਬਿਹਤਰ ਹੈ। ਆਰ.ਸੀ.ਸੀ ਪਾਈਪਾਂ ਦੇ ਮੁਕਾਬਲੇ ਸਥਾਪਿਤ ਕਰਨਾ ਆਸਾਨ ਹੈ। ਪਾਈਪ ਨੂੰ ਜੋੜਨਾ ਵੀ ਆਸਾਨ ਹੁੰਦਾ ਹੈ। ਆਰ.ਸੀ.ਸੀ ਪਾਈਪ ਦੀ ਲੰਬਾਈ ਪੀ.ਵੀ.ਸੀ ਦੇ ਨਾਲੋਂ ਘੱਟ ਹੁੰਦੀ ਹੈ। ਇਸ ਲਈ ਨਿਸ਼ਚਿਤ ਦੂਰੀ ਦੇ ਲਈ ਪੀ.ਵੀ.ਸੀ ਪਾਈਪ ਲਾਈਨ ਦੀ ਤੁਲਨਾ ਵਿੱਚ ਆਰ.ਸੀ.ਸੀ ਪਾਈਪ ਨੂੰ ਵਧੇਰੇ ਜੋੜਾਂ ਦੀ ਜ਼ਰੂਰਤ ਪੈਂਦੀ ਹੈ। ਨਾਲ ਹੀ ਆਰ.ਸੀ.ਸੀ ਪਾਈਪ ਨੂੰ ਜੋੜਨ ਅਤੇ ਸਥਾਪਿਤ ਕਰਨ ਦੇ ਲਈ ਵੀ ਸਮਾਂ ਜ਼ਿਆਦਾ ਲੱਗਦਾ ਹੈ। ਕਿਸਾਨ ਏਨੀ ਦੇਰ ਆਪਣੇ ਖੇਤ ਨੂੰ ਖਾਲੀ ਨਹੀਂ ਛੱਡ ਸਕਦੇ।

2. ਲੇਜ਼ਰ/ ਕੰਪਿਊਟਰ ਕਰਾਹਾ:- ਕੰਪਿਊਟਰ ਕਰਾਹਾ ਖੇਤ ਨੂੰ ਪੱਧਰਾ ਕਰਨ ਲਈ ਇੱਕ ਮਹੱਤਵਪੂਰਨ ਵਿਧੀ ਹੈ ਜੋ ਖੇਤਾਂ ਵਿੱਚ ਲੱਗ ਭੱਗ 15-20% ਸਿੰਚਾਈ ਵਾਲੇ ਪਾਣੀ ਦੀ ਬੱਚਤ ਕਰਦਾ ਹੈ। ਇਹ ਸਿੰਚਾਈ ਵਿਚ ਲੱਗਣ ਵਾਲੇ ਸਮੇਂ ਨੂੰ ਵੀ ਘੱਟ ਕਰਦਾ ਹੈ ਅਤੇ ਪਾਣੀ ਦੀ ਉਤਪਾਦਕਤਾ ਨੂੰ ਵੀ ਵਧਾਉਂਦਾ ਹੈ, ਨਦੀਨਾਂ ਨੂੰ ਘੱਟ ਕਰਦਾ ਹੈ ਅਤੇ ਫਸਲ ਦੀ ਪੈਦਾਵਾਰ ਨੂੰ ਵੀ ਵਧਾਉਂਦਾ ਹੈ।
3.ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਵਰਤੋਂ:- ਝੋਨੇ ਦੇ ਲਈ ਘੱਟ ਸਮਾਂ ਲੈਣ ਵਾਲੀਆਂ (ਪੀ.ਆਰ-126) ਅਤੇ ਦਰਮਿਆਨਾ ਸਮਾਂ ਲੈਣ ਵਾਲੀਆਂ (ਪੀ.ਆਰ-121) ਕਿਸਮਾਂ ਦੀ ਸ਼ਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮਾਂ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਤੁਲਨਾ ਵਿੱਚ 10% ਸਿੰਚਾਈ ਵਾਲੇ ਪਾਣੀ ਦੀ ਬੱਚਤ ਕਰਦੀਆਂ ਹਨ। ਪੀ.ਆਰ-126 ਕਿਸਮ ਦਾ ਔਸਤ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਬੀਜਣ ਤੋਂ ਬਾਅਦ 123 ਦਿਨਾਂ ਬਾਅਦ ਪੱਕ ਜਾਂਦੀ ਹੈ। ਪੀ.ਆਰ.-121 ਕਿਸਮ ਦਾ ਔਸਤ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਬਿਜਾਈ ਦੇ ਲਗਭਗ 140 ਦਿਨਾਂ ਬਾਅਦ ਪੱਕ ਜਾਂਦੀ ਹੈ। ਇਹਨਾਂ ਦੋਵਾਂ ਕਿਸਮਾਂ ਵਿੱਚ ਬਿਜਾਈ ਤੋਂ 25-30 ਦਿਨਾਂ ਬਾਅਦ ਪਨੀਰੀ ਲਗਾਉਣ ਲਈ ਤਿਆਰ ਹੋ ਜਾਂਦੀ ਹੈ। ਝੋਨੇ ਦੀਆਂ ਹੋਰਨਾਂ ਕਿਸਮਾਂ ਦੇ ਮੁਕਾਬਲੇ ਵਿੱਚ (ਪੀ.ਆਰ-126) ਕਿਸਮ ਖੇਤ ਵਿੱਚ ਲੱਗਭੱਗ 15-20 ਦਿਨ ਘੱਟ ਰਹਿੰਦੀ ਹੈ। ਇਹਨਾਂ ਕਿਸਮਾਂ ਵਿਚ ਸ਼ਿਖਰ ਦੇ ਵਾਸ਼ਪੀਕਰਨ ਤੋਂ ਬਚਣ ਦੇ ਲਈ ਪਨੀਰੀ ਮਈ ਦੇ ਅਖਰੀਲੇ ਹਫਤੇ ਬੀਜੀ ਜਾਂਦੀ ਹੈ ਅਤੇ ਜੂਨ ਦੇ ਅਖਰੀਲੇ ਹਫਤੇ ਵਿੱਚ ਲੁਆਈ ਕੀਤੀ ਜਾਣੀ ਚਾਹੀਦੀ ਹੈ।

4.ਕੱਦੂ ਕੀਤੇ ਝੋਨੇ ਵਿੱਚ ਸਿੰਚਾਈ ਦੀ ਸੁਚਾਰੂ ਵਰਤੋਂ:- ਝੋਨੇ ਦੇ ਖੇਤ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣਾ ਜ਼ਰੂਰੀ ਨਹੀਂ। ਪਨੀਰੀ ਲਾਉਣ ਪਿੱਛੋਂ 2 ਹਫਤੇ ਤੱਕ ਪਾਣੀ ਖੇਤ ਵਿੱਚ ਖੜ੍ਹਾ ਰੱਖਣਾ ਜ਼ਰੂਰੀ ਹੈ। ਇਸ ਪਿੱਛੋਂ ਪਾਣੀ ਉਸ ਵੇਲੇ ਦਿੱਤਾ ਜਾਂਦਾ ਹੈ ਜਦੋਂ ਖੇਤ ਵਿੱਚੋਂ ਪਾਣੀ ਜਜ਼ਬ ਹੋਏ ਨੂੰ ਦੋ ਦਿਨ ਹੋ ਗਏ ਹੋਣ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਜ਼ਮੀਨ ਵਿੱਚ ਤ੍ਰੇੜਾਂ ਨਾ ਪੈਣ। ਇਸ ਤਰ੍ਹਾਂ ਸਿੰਚਾਈ ਵਾਲੇ ਪਾਣੀ ਦੀ ਕਾਫੀ ਬੱਚਤ ਹੋ ਜਾਂਦੀ ਹੈ ਅਤੇ ਫਸਲ ਦੇ ਝਾੜ ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ। ਦੋ ਸਿੰਚਾਈਆਂ ਵਿਚਲਾ ਵਕਫਾ ਜ਼ਮੀਨ ਦੀ ਕਿਸਮ ਤੇ ਨਿਰਭਰ ਕਰਦਾ ਹੈ। ਖੇਤਾਂ ਵਿੱਚ ਪਾਣੀ 10 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। ਫਸਲ ਪੱਕਣ ਤੋਂ ਦੋ ਹਫਤੇ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਓ ਤਾਂ ਕਿ ਕਟਾਈ ਸੌਖੀ ਹੋ ਸਕੇ। ਲਗਾਤਾਰ ਪਾਣੀ ਖੇਤ ਵਿੱਚ ਖੜ੍ਹਾ ਰੱਖਣ ਦੇ ਮੁਕਾਬਲੇ ਇਹ ਤਕਨੀਕ ਅਪਨਾਉਣ ਨਾਲ 25% ਪਾਣੀ ਦੀ ਬੱਚਤ ਹੁੰਦੀ ਹੈ।

5. ਝੋਨੇ ਦੀ ਸਿੱਧੀ ਬਿਜਾਈ :- ਝੋਨੇ ਦੀ ਸਿੱਧੀ ਬਿਜਾਈ ਨਾਲ ਮਜ਼ਦੂਰੀ ਅਤੇ ਊਰਜਾ ਘੱਟ ਲੱਗਦੀ ਹੈ ਅਤੇ ਕੱਦੂ ਕੀਤੇ ਝੋਨੇ ਦੇ ਮੁਕਾਬਲੇ 10-15 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਸੁੱਕੇ ਖੇਤ ਵਿੱਚ ਕੀਤੀ ਗਈ ਸਿੱਧੀ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜੀ ਸਿੰਚਾਈ 4-5 ਦਿਨਾਂ ਬਾਅਦ ਕਰੋ। ਜੇਕਰ ਬਿਜਾਈ ਰੌਣੀ ਕੀਤੇ ਖੇਤ ਵਿੱਚ ਕੀਤੀ ਗਈ ਹੈ ਤਾਂ ਪਹਿਲੀ ਸਿੰਚਾਈ ਬਿਜਾਈ ਤੋਂ 5-7 ਦਿਨਾਂ ਬਾਅਦ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਜ਼ਮੀਨ ਦੀ ਕਿਸਮ ਅਤੇ ਮੀਂਹ ਦੇ ਪਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ 5-10 ਦਿਨਾਂ ਦੇ ਵਕਫੇ ਤੇ ਪਾਣੀ ਦੇਣਾ ਚਾਹੀਦਾ ਹੈ।

6.ਵੱਟਾਂ ਦੀ ਢੁੱਕਵੀ ਉਚਾਈ:- ਝੋਨੇ ਦੇ ਖੇਤਾਂ ਵਿੱਚ ਵੱਟਾਂ ਬਣਾ ਕੇ ਖੇਤ ਨੂੰ ਅਲੱਗ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਅਤੇ ਮੀਂਹ ਦਾ ਪਾਣੀ ਇਹਨਾਂ ਵੱਟਾਂ ਦੀ ਸਹਾਇਤਾ ਨਾਲ ਰੋਕਿਆ ਜਾਂਦਾ ਹੈ। ਇਹ ਦੇਖਿਆ ਗਿਆ ਹੈ ਕਿ ਇੱਕ ਏਕੜ ਖੇਤ ਵਿੱਚ 1 ਸੈਂਟੀਮੀਟਰ ਵੱਟ ਦੀ ਉਚਾਈ ਲਗਭਗ 40,000 ਲੀਟਰ ਪਾਣੀ ਦੀ ਬੱਚਤ ਕਰਦੀ ਹੈ। ਵੱਟਾਂ ਦੀ ਸਹੀ ਉਚਾਈ ਰੱਖਣ ਨਾਲ ਕਿਸਾਨ ਬਿਨਾਂ ਕਿਸੇ ਵਾਧੂ ਕੰਮ ਕੀਤੇ ਹੀ ਮੀਂਹ ਦੇ ਮੌਸਮ ਵਿੱਚ ਵਾਧੂ ਪਾਣੀ ਨੂੰ ਆਪਣੇ ਖੇਤ ਵਿੱਚ ਇੱਕਠਾ ਕਰਕੇ ਰੱਖ ਸਕਦਾ ਹੈ ਅਤੇ ਇਸ ਪਾਣੀ ਨੂੰ ਗੈਰ ਬਰਸਾਤੀ ਮੌਸਮ ਵਿੱਚ ਸਿੰਚਾਈ ਲਈ ਵਰਤ ਸਕਦੇ ਹਾਂ। ਇਸ ਵਿਧੀ ਨਾਲ ਖੇਤਾਂ ਦੇ ਵਿੱਚ ਭੋਂ-ਖੁਰਨ ਅਤੇ ਪੌਸ਼ਕ ਤੱਤਾਂ ਦਾ ਨੁਕਸਾਨ ਘੱਟ ਹੋਵੇਗਾ ਅਤੇ ਉਚਿਤ ਨਮੀ ਅਤੇ ਪੌਸ਼ਕ ਤੱਤ ਪ੍ਰਬੰਧਨ ਦੇ ਵਿੱਚ ਸਹਾਇਤਾ ਹੋਵੇਗੀ। ਮਿੱਟੀ ਦੀ ਕਿਸਮਾਂ ਦੇ ਅਨੁਸਾਰ ਵੱਟਾਂ ਦੀ ਉਚਾਈ ਹੇਠ ਲਿਖੇ ਅਨੁਸਾਰ ਹੈ:-

ਮਿੱਟੀ ਦੀ ਕਿਸਮ ਵੱਟਾਂ ਦੀ ਉਚਾਈ (ਸੈਂਟੀਮੀਟਰ), ਰੇਤਲੀ ਮਿੱਟੀ 17.5, ਦਰਮਿਆਨੀ ਮਿੱਟੀ 22.5, ਭਾਰੀ ਮਿੱਟੀ 25.0
7. ਤੁਪਕਾ ਸਿੰਚਾਈ ਪ੍ਰਣਾਲੀ:- ਤੁਪਕਾ ਸਿੰਚਾਈ ਇੱਕ ਨਿਯੰਤਰਿਤ ਸਿੰਚਾਈ ਪ੍ਰਣਾਲੀ ਹੈ ਇਸ ਤਕਨੀਕ ਦੀ ਵਰਤੋਂ ਫਸਲ ਨੂੰ ਨਿਸ਼ਚਿਤ ਮਾਤਰਾ ਵਿੱਚ ਤੁਪਕਾ-ਤੁਪਕਾ ਪਾਣੀ ਦੇ ਨਾਲ ਸਿੰਚਾਈ ਦਿੱਤੀ ਜਾਂਦੀ ਹੈ। ਸਿੰਚਾਈ ਪਾਣੀ ਨੂੰ ਉਚਿਤ ਸਮੇਂ ਤੇ ਸਹੀ ਮਾਤਰਾ ਅਨੁਸਾਰ ਲਗਾਉਣ ਲਈ ਕੀਤਾ ਜਾਂਦਾ ਹੈ। ਇਹ ਪ੍ਰਣਾਲੀ ਵਾਸ਼ਪੀਕਰਨ, ਰਿਸਾਓ ਅਤੇ ਲੋੜ ਤੋਂ ਵੱਧ ਪਾਣੀ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਦੀ ਹੈ ਅਤੇ ਪਾਣੀ ਦੀ ਸਹੀ ਵਰਤੋਂ ਵਿੱਚ ਮਦਦ ਕਰਦੀ ਹੈ। ਰਵਾਇਤੀ ਸਿੰਚਾਈ ਪ੍ਰਣਾਲੀ ਦੀ ਤੁਲਨਾ ਵਿੱਚ ਤੁਪਕਾ ਸਿੰਚਾਈ ਨਾਲ ਲੱਗਭੱਗ 40-70% ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਇਸ ਪ੍ਰਣਾਲੀ ਰਾਹੀਂ ਪਾਣੀ ਨੂੰ ਮੋਟਰ ਤੋਂ ਖੇਤ ਤਕ ਲਿਜਾਣ ਲਈ ਪਲਾਸਟਿਕ ਪਾਈਪਾਂ ਦੀ ਵਰਤੋਂ ਹੁੰਦੀ ਹੈ ਜਿਸ ਕਰਕੇ ਰਿਸਾਅ ਨਾਲ ਹੋਣ ਵਾਲਾ ਨੁਕਸਾਨ ਨਾ ਦੇ ਬਰਾਬਰ ਹੈ। ਤੁਪਕਾ ਪ੍ਰਣਾਲੀ ਵਿਧੀ ਵਿੱਚ ਫਲਾਂ ਅਤੇ ਸ਼ਬਜੀਆਂ ਦੀ ਫਸਲਾਂ ਦੀ ਉਪਜ ਵਿੱਚ ਰਵਾਇਤੀ ਵਿਧੀ ਦੀ ਤੁਲਨਾ ਵਿੱਚ 30 ਤੋਂ 100% ਦਾ ਵਾਧਾ ਹੁੰਦਾ ਹੈ। ਫਸਲ ਦੀ ਗੁਣਵੱਤਾ ਵਿਚ ਵੀ ਸੁਧਾਰ ਹੁੰਦਾ ਹੈ ਅਤੇ 20% ਖਾਦ ਦੀ ਬੱਚਤ ਹੁੰਦੀ ਹੈ। ਇਸ ਵਿਧੀ ਨਾਲ ਪਾਣੀ ਦੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ। ਉਚੀਆਂ – ਨੀਵੀਆਂ ਜ਼ਮੀਨਾਂ ਨੂੰ ਵੀ ਤੁਪਕਾ ਪ੍ਰਣਾਲੀ ਰਾਹੀਂ ਕੁਸ਼ਲਤਾ ਨਾਲ ਸਿੰਚਾਈ ਕੀਤੀ ਜਾ ਸਕਦੀ ਹੈ।

8. ਫਸਲੀ ਵਿਭਿੰਨਤਾ:- ਫਸਲੀ ਵਿਭਿੰਨਤਾ ਤੋਂ ਭਾਵ ਝੋਨੇ ਅਤੇ ਕਣਕ ਦੀ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਆ ਕੇ ਹੋਰ ਫਸਲਾਂ ਦੇ ਅਤੇ ਹੋਰ ਨਵੀਆਂ ਫਸਲਾਂ ਨੂੰ ਸ਼ਾਮਿਲ ਕਰਨਾ ਹੈ। ਰੇਤਲੀ ਜ਼ਮੀਨ ਵਿੱਚ ਕਿਸਾਨਾਂ ਨੂੰ ਝੋਨੇ ਦੀ ਖੇਤੀ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਮਿੱਟੀ ਵਿੱਚ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਮਾਤਰਾ ਕਾਫੀ ਘੱਟ ਹੁੰਦੀ ਹੈ। ਉਹਨਾਂ ਨੂੰ ਮੱਕੀ ਦੀ ਖੇਤੀ ਦਾ ਵਿਕਲਪ ਚੁਣਨਾ ਚਾਹੀਦਾ ਹੈ। ਸ਼ਹਿਰੀ ਖੇਤਰ ਦੇ ਨੇੜੇ ਰਹਿਣ ਵਾਲੇ ਕਿਸਾਨਾਂ ਆਪਣੀ ਕਮਾਈ ਵਿੱਚ ਵਾਧਾ ਕਰਨ ਲਈ ਸ਼ਬਜੀਆਂ ਉਗਾ ਸਕਦੇ ਹਨ। ਪੰਜਾਬ ਦੇ ਕੁੱਝ ਖੇਤਰ ਅਜਿਹੇ ਵੀ ਹਨ ਜੋ ਫਸਲਾਂ ਜਿਵੇਂ ਕਿ ਬਾਸਮਤੀ, ਮੂੰਗਫਲੀ ਉਗਾਉਣ ਦੇ ਲਈ ਢੁਕਵੇਂ ਹਨ ਅਤੇ ਖੇਤਰੀ ਜੜ੍ਹੀਆਂ-ਬੂਟੀਆਂ ਜਿਵੇਂ ਕਿ ਆਂਵਲਾ, ਹਲਦੀ ਅਤੇ ਕੁਝ ਹੋਰ ਫਲਦਾਰ ਬੂਟੇ ਜਿਵੇਂ ਕਿ ਕਿੰਨੂ, ਅਮਰੂਦ ਅਤੇ ਨਾਸ਼ਪਤੀ ਆਦਿ ਉਗਾਉਣ ਲਈ ਢੁਕਵੇਂ ਹਨ। ਇਸ ਲਈ ਜਲਵਾਯੂ ਸਥਿਤੀਆਂ ਦੇ ਆਧਾਰ ਤੇ ਕਿਸਾਨਾਂ ਨੂੰ ਹੋਰ ਲਾਭਦਾਇਕ ਫਸਲਾਂ ਦੀ ਚੋਣ ਕਰਨੀ ਚਾਹੀਦੀ ਹੈ। ਇਸ ਦੇ ਇਲਾਵਾ ਇੱਕ ਖੇਤ ਵਿੱਚ ਇਕ ਤਰ੍ਹਾਂ ਦੀ ਫਸਲ ਨੂੰ ਲਗਾਤਾਰ ਉਗਾਉਣ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਫਸਲੀ ਵਿਭਿੰਨਤਾ ਇਹ ਨਿਸ਼ਚਿਤ ਕਰਦਾ ਹੈ ਕਿ ਸਾਡੀ ਮਿੱਟੀ ਆਉਣ ਵਾਲੇ ਸਮੇਂ ਵਿੱਚ ਵੀ ਉਪਜਾਊ ਬਣੀ ਰਹੇ। ਫਸਲ ਦੀ ਉਪਜ/ਅਰਥ-ਸ਼ਾਸਤਰ ਦੇ ਸੰਦਰਭ ਵਿੱਚ ਕਿਸਾਨਾਂ ਦੇ ਲਈ ਲਾਭਦਾਇਕ ਹੈ।

9. ਟਿਊਬਵੈੱਲ ਅਤੇ ਊਰਜਾ ਕੁਸ਼ਲ ਪੀਪਿੰਗ ਸੈਟ ਦੁਆਰਾ ਊਰਜਾ ਸੰਭਾਲ ਕਰਨਾ:- ਨਵੇਂ ਟਿਊਬਵੈਲ ਲਗਾਉਣ ਲਈ, ਦੋ ਖੂਹਾਂ ਦੇ ਵਿੱਚ ਦੀ ਦੂਰੀ, ਘੱਟ ਡੂੰਘੇ ਖੂਹਾਂ ਲਈ 2-3 ਏਕੜ ਅਤੇ ਡੂੰਘੇ ਖੂਹਾਂ ਲਈ 8-10 ਏਕੜ ਰੱਖੀ ਜਾਣੀ ਚਾਹੀਦੀ ਹੈ। ਪੰਪ ਦੀ ਚੋਣ ਜ਼ਮੀਨ ਦੇ ਵਾਧੇ ਅਤੇ ਪਾਣੀ ਪੱਧਰ ਵਿਚਕਾਰ ਅੰਦਰ ਅਤੇ ਪੰਪ ਨਾਲ ਹੋਣ ਵਾਲੇ ਡਿਸਚਾਰਜ ਨੂੰ ਵੇਖਦੇ ਹੋਏ ਕਰਨਾ ਚਾਹੀਦਾ ਹੈ। ਵੱਖ ਵੱਖ ਨਿਰਮਾਤਾਵਾਂ ਦੁਆਰਾ ਬਣਾਏ ਗਏ ਪੰਪ ਕੀਮਤ, ਅਨੁਕੂਲਤਾ ਅਤੇ ਕੁਸ਼ਲਤਾ ਵਿੱਚ ਬਹੁਤ ਵੱਖਰੇ ਹੋ ਸਕਦੇ ਹਨ। ਪੰਪ ਦੀ ਸਮਰੱਥਾ 50 ਤੋਂ 70% ਤੱਕ ਹੁੰਦੀ ਹੈ, ਇਸ ਲਈ ਵੱਧ ਕੁਸ਼ਲਤਾ ਵਾਲੇ ਪੰਪਾਂ ਦੀ ਚੋਣ ਕਰਨੀ ਚਾਹੀਦੀ ਹੈ। ਪੰਪ ਦੀ ਕੁਸ਼ਲਤਾ ਨੂੰ ਪਾਈਪ ਦੇ ਡਿਲਵਰੀ ਵਾਲੇ ਪਾਸੇ ਲੰਬੇ ਮੋੜ ਦੀ ਵਰਤੋਂ ਕਰਕੇ ਵਧਾਇਆ ਜਾ ਸਕਦਾ ਹੈ, ਕਿਉਂਕਿ ਇਹ ਪਾਣੀ ਦੇ ਵਹਾਅ ਵਿੱਚ ਹੋਣ ਵਾਲੇ ਰਗੜ ਨੂੰ ਘੱਟ ਕਰਦਾ ਹੈ। ਡਿਲਵਰੀ ਪਾਈਪ ਦੀ ਉਚਾਈ ਵੱਧ ਤੋਂ ਵੱਧ (2-3 ਫੁੱਟ) ਰੱਖਣੀ ਚਾਹੀਦੀ ਹੈ ਤਾਂ ਜੋ ਪੰਪ ਦੀ ਸਮਰੱਥਾ ਵਿੱਚ ਵਾਧਾ ਹੋ ਸਕੇ। ਪਾਣੀ ਪਹੁੰਚਾਉਣ ਲਈ ਕਿਸਾਨ ਆਮ ਤੌਰ ਤੇ ਗੈਲਵੇਨਾਈਜਡ ਆਇਰਨ ਪਾਈਪਾਂ ਦੀ ਵਰਤੋਂ ਕਰਦੇ ਹਨ। ਪਰ ਸਾਨੂੰ ਪੀ.ਵੀ.ਸੀ ਪਾਈਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਰਗੜ ਨਾਲ ਨੁਕਸਾਨ ਘੱਟ ਹੁੰਦਾ ਹੈ।

Share this Article
Leave a comment