ਪਹਿਲਾਂ ਪੜ੍ਹੀਏ ਫੇਰ ਕੁੱਟ ਖਾਈਏ, ਸਾਡਾ ਕੀ ਕਸੂਰ ਹਾਕਮਾ !

TeamGlobalPunjab
7 Min Read

-ਸੁਬੇਗ ਸਿੰਘ;

ਸਿਆਣੇ ਕਹਿੰਦੇ ਹਨ, ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਕੋਈ ਇਹ ਗੱਲ ਕਹਿੰਦਾ ਹੈ ਕਿ ਵਿੱਦਿਆ ਇੱਕ ਅਜਿਹਾ ਧਨ ਹੈ, ਜਿਸਨੂੰ ਨਾ ਕੋਈ ਚੋਰ ਚੁਰਾ ਸਕਦਾ ਹੈ ਅਤੇ ਨਾ ਹੀ ਇਸ ਧਨ ਨੂੰ ਵੰਡਿਆਂ ਤੋਂ ਇਹ ਧਨ ਘੱਟਦਾ ਹੈ, ਸਗੋਂ ਹੋਰ ਵੱਧਦਾ ਹੈ। ਕੋਈ ਕਹਿੰਦਾ ਹੈ ਕਿ ਵਿਦਿਆ ਪ੍ਰਾਪਤ ਕਰਨ ਨਾਲ ਮਨੁੱਖ ਨੂੰ ਸੋਝੀ ਆ ਜਾਂਦੀ ਹੈ।ਕਿਉਂਕਿ ਵਿਦਿਆ ਤੋਂ ਬਿਨਾਂ ਮਨੁੱਖ ਪਸ਼ੂ ਦੇ ਸਮਾਨ ਹੁੰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਹਰ ਕੋਈ ਵਿੱਦਿਆ ਦੇ ਹੱਕ ਚ ਬੋਲਦਾ ਹੈ। ਅਸਲ ਵਿੱਚ ਵਿਦਿਆ ਬੜੀ ਮਹਾਨ ਚੀਜ ਹੈ। ਇਸ ਲਈ ਹਰ ਕੋਈ ਇਸ ਨੂੰ ਹਾਸਲ ਕਰਨ ਲਈ ਤਰਲੋਮੱਛੀ ਹੋਇਆ ਰਹਿੰਦਾ ਹੈ।

ਵਿਦਿਆ ਦੀ ਐਨੀ ਮਹਾਨਤਾ ਨੂੰ ਵੇਖਦਿਆਂ ਹੀ, ਹਰ ਕੋਈ ਇਹ ਚਾਹੁੰਦਾ ਹੈ ਕਿ ਉਹ ਵਿਦਿਆ ਪ੍ਰਾਪਤ ਕਰੇ। ਇਸ ਵਿਦਿਆ ਦੇ ਸਿਰ ‘ਤੇ ਕੋਈ ਨਾ ਕੋਈ ਰੁਜਗਾਰ ਪ੍ਰਾਪਤ ਕਰ ਸਕੇ ਅਤੇ ਆਪਣੇ ਜੀਵਨ ਨੂੰ ਸੁਧਾਰ ਸਕੇ। ਇਹੋ ਕਾਰਨ ਹੈ ਕਿ ਹਰ ਗਰੀਬ ਤੋਂ ਗਰੀਬ ਮਾਂ ਬਾਪ ਵੀ ਔਖੇ ਸੌਖੇ ਹੋ ਕੇ ਅਤੇ ਤੰਗੀਆਂ ਤੁਰਸ਼ੀਆਂ ਕੱਟ ਕੇ ਹਰ ਹੀਲੇ ਆਪਣੇ ਬੱਚਿਆਂ ਨੂੰ ਆਪਣੇ ਵਿੱਤ ਤੋਂ ਵੱਧ ਖਰਚ ਕਰਕੇ ਮਹਿੰਗੇ ਸਕੂਲਾਂ ਚ ਉਦੋਂ ਤੱਕ ਪੜਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਤੱਕ ਉਹ ਕਿਸੇ ਰੁਜਗਾਰ ਦੇ ਕਾਬਲ ਨਾ ਹੋ ਜਾਵੇ ਜਾਂ ਫਿਰ ਆਪ ਭੁੱਖੇ ਤਿਹਾਏ ਰਹਿਕੇ ਉਨ੍ਹਾਂ ਦੀ ਜੇਬ ਖਰਚ ਕਰਨ ਤੋਂ ਜੁਆਬ ਨਾ ਦੇ ਜਾਵੇ। ਕਿਉਂਕਿ ਹਰ ਮਾਂ ਬਾਪ ਖਾਸ ਕਰਕੇ ਇੱਕ ਗਰੀਬ ਮਾਂ ਬਾਪ ਦਾ ਇੱਹ ਸੁਪਨਾ ਹੁੰਦਾ ਹੈ,ਕਿ ਉਨ੍ਹਾਂ ਦੀ ਔਲਾਦ, ਜਿੰਦਗੀ ਵਿੱਚ ਉਨ੍ਹਾਂ ਵਾਂਗ ਦੁਸ਼ਵਾਰੀਆਂ ਨਾ ਝੱਲੇ ਅਤੇ ਅਰਾਮ ਦੀ ਜਿੰਦਗੀ ਜਿਉਂ ਸਕੇ।ਪਰ ਅਫਸੋਸ ਤਾਂ ਉਸ ਵਕਤ ਹੁੰਦਾ ਹੈ,ਜਦੋਂ ਉਨ੍ਹਾਂ ਦੀ ਔਲਾਦ ਦਾ ਹਾਲ ਧੋਬੀ ਦੇ ਕੁੱਤੇ ਵਾਲਾ ਹੋ ਜਾਂਦਾ ਹੈ। ਜਿਸ ਤਰ੍ਹਾਂ ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ ਰਹਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਦੀ ਹਾਲਤ,ਪੜ੍ਹ ਲਿਖ ਕੇ ਕਿਸੇ ਬੇਰੁਜਗਾਰ ਨੌਜਵਾਨ ਦੀ ਹੋ ਜਾਂਦੀ ਹੈ। ਜਿਸਨੂੰ ਨਾ ਹੀ ਕੋਈ ਰੁਜਗਾਰ ਮਿਲਦਾ ਹੈ ਅਤੇ ਨਾ ਹੀ ਉਹ ਐਨਾ ਪੜ੍ਹ ਲਿਖਕੇ ਕੋਈ ਹੋਰ ਕੰਮ ਹੀ ਕਰ ਸਕਦਾ ਹੈ।

ਭਾਵੇਂ ਕੋਈ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ।ਪਰ ਭਾਰਤ ਜਿਹੇ ਗਰੀਬ ਦੇਸ਼ ਚ ਵਿਦਿਆ ਨੂੰ ਰੁਜਗਾਰ ਦਾ ਮੁੱਖ ਸਾਧਨ ਹੀ ਮੰਨਿਆ ਗਿਆ ਹੈ। ਕੋਈ ਵੀ ਵਿਅਕਤੀ ਭਾਵੇਂ ਉਹ ਅਮੀਰ ਹੋਵੇ ਜਾਂ ਫਿਰ ਗਰੀਬ ਹੋਵੇ,ਹਰ ਕੋਈ ਇਹੋ ਚਾਹੁੰਦਾ ਹੈ ਕਿ ਉਹ ਪੜ੍ਹ ਲਿਖ ਕੇ ਉੱਚੇ ਅਹੁਦੇ ‘ਤੇ ਪਹੁੰਚੇ ਅਤੇ ਆਪਣੀ ਜਿੰਦਗੀ ਆਰਾਮ ਨਾਲ ਬਿਤਾਏ। ਪਰ ਭਾਰਤ ਵਿੱਚ ਤਾਂ ਹਰ ਗੱਲ ਬੰਦੇ ਦੇ ਨਸੀਬਾਂ ਤੇ ਨਿਰਭਰ ਕਰਦੀ ਹੈ। ਕਿਉਂਕਿ ਜਿੱਥੇ ਅਨਪੜ੍ਹ ਬੰਦਾ ਵੀ ਜਿੰਦਗੀ ਦੀ ਹਰ ਸੁੱਖ ਸਹੂਲਤ ਦਾ ਅਨੰਦ ਮਾਣਦਾ ਹੈ ਅਤੇ ਕੋਈ ਉੱਚਕੋਟੀ ਦੀ ਸਿੱਖਿਆ ਪ੍ਰਾਪਤ ਕਰਕੇ ਵੀ ਖੇਤਾਂ ਚ ਮਜਦੂਰੀ ਜਾਂ ਫਿਰ ਸ਼ਹਿਰਾਂ ‘ਚ ਦਿਹਾੜੀ ਕਰਦਾ ਹੈ। ਪੇਟ ਦੀ ਭੁੱਖ ਇਕੱਲੀਆਂ ਡਿਗਰੀਆਂ ਨਾਲ ਨਹੀਂ ਲਹਿੰਦੀ। ਪੇਟ ਦੀ ਭੁੱਖ ਨੂੰ ਮਿਟਾਉਣ ਲਈ ਤਾਂ ਰੋਟੀ ਦੀ ਹੀ ਲੋੜ ਪੈਂਦੀ ਹੈ। ਰੋਟੀ ਦੀ ਲੋੜ ਨੂੰ ਪੂਰਾ ਕਰਨ ਲਈ ਪੜ੍ਹੇ ਲਿਖੇ ਬੰਦੇ ਨੂੰ ਵੀ ਕੋਈ ਨਾ ਕੋਈ ਹੀਲਾ ਵਸੀਲਾ ਤਾਂ ਕਰਨਾ ਹੀ ਪੈਣਾ ਹੈ। ਫਿਰ ਚਾਹੇ ਉਹ ਨੌਕਰੀ ਹੋਵੇ ਜਾਂ ਫਿਰ ਕੋਈ ਹੱਥੀਂ ਕੰਮ ਹੀ ਕਿਉਂ ਨਾ ਕਰਨਾ ਪਵੇ। ਪਰ ਕੰਮ ਤਾਂ ਕੋਈ ਨਾ ਕੋਈ ਹਰ ਹਾਲਤ ਵਿੱਚ ਕਰਨਾ ਹੀ ਪੈਣਾ। ਵਿਹਲੇ ਬੈਠ ਕੇ ਨਾ ਹੀ ਭੁੱਖ ਮਿਟਣੀ ਹੈ ਅਤੇ ਨਾ ਹੀ ਜਿੰਦਗੀ ਹੀ ਲੰਘਣੀ ਹੈ।

- Advertisement -

ਦੇਸ਼ ਦੇ ਕਿਸੇ ਵੀ ਕੋਨੇ ‘ਚ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੇ ਲਈ ਘੱਟ ਘੱਟ ਯੋਗਤਾ ਤਾਂ ਹੋਣੀ ਹੀ ਚਾਹੀਦੀ ਹੈ ਅਤੇ ਇਹਦੇ ਨਾਲ ਉਮਰ ਦੀ ਵੱਧ ਤੋਂ ਵੱਧ ਸੀਮਾ ਵੀ ਨਿਸਚਿਤ ਕੀਤੀ ਗਈ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਹਰ ਤਰ੍ਹਾਂ ਦੀ ਨੌਕਰੀ ਲਈ ਵੱਖੋ ਵੱਖ ਤਰ੍ਹਾਂ ਦੀ ਵਿਦਿਅਕ ਯੋਗਤਾ ਅਤੇ ਕੁੱਝ ਖਾਸ ਤਰ੍ਹਾਂ ਦੇ ਟੈਸਟ ਪਾਸ ਕਰਨਾ ਵੀ ਜਰੂਰੀ ਕੀਤਾ ਹੋਇਆ ਹੈ। ਪਰ ਅਫਸੋਸ ਤਾਂ ਉਸ ਵਕਤ ਹੁੰਦਾ ਹੈ, ਜਦੋਂ ਕਿਸੇ ਖਾਸ ਤਰ੍ਹਾਂ ਦੀ ਨੌਕਰੀ ਲਈ ਹਰ ਤਰ੍ਹਾਂ ਦੀ ਸ਼ਰਤ ਪੂਰੀ ਕਰਨ ਦੇ ਬਾਵਜੂਦ ਉਨ੍ਹਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਉਹ ਨੌਕਰੀ ਨਹੀਂ ਦਿੱਤੀ ਜਾਂਦੀ।

 

ਜਦੋਂ ਪੜ੍ਹੇ ਲਿਖੇ ਨੌਜਵਾਨ ਸਮੇਂ ਦੀਆਂ ਸਰਕਾਰਾਂ ਤੋਂ ਰੁਜਗਾਰ ਦੀ ਮੰਗ ਕਰਦੇ ਹਨ, ਤਾਂ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਰੁਜ਼ਗਾਰ ਦੇਣ ਦੀ ਬਜਾਏ ਬੜੀ ਬੇਦਰਦੀ ਨਾਲ ਸਮੇਂ ਦੀਆਂ ਸਰਕਾਰਾਂ ਵੱਲੋਂ ਸ਼ਰੇਆਮ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ। ਸੜਕਾਂ ‘ਤੇ ਘੜੀਸਿਆ ਜਾਂਦਾ ਹੈ ਅਤੇ ਜੇਲ੍ਹਾਂ ‘ਚ ਤੁੰਨਿਆ ਜਾਂਦਾ ਹੈ।ਕਈ ਵਿਚਾਰੇ ਬੇਰੁਜ਼ਗਾਰਾਂ ਨੂੰ ਰੁਜਗਾਰ ਦੇਣ ਦੀ ਬਜਾਏ ਪੁਲਸ ਵੱਲੋਂ ਉਨ੍ਹਾਂ ਦੇ ਹੱਡ ਗੋਡੇ ਤੋੜ ਕੇ ਅਪਾਹਜ ਬਣਾ ਦਿੱਤਾ ਜਾਂਦਾ ਹੈ। ਇਹਦੇ ਵਿੱਚ ਸਮੇਂ ਦੀਆਂ ਸਰਕਾਰਾਂ, ਬੇਰੁਜ਼ਗਾਰ ਧੀਆਂ ਭੈਣਾਂ ਨੂੰ ਵੀ ਨਹੀਂ ਬਖਸ਼ਦੀਆਂ। ਇਨ੍ਹਾਂ ਧੀਆਂ ਭੈਣਾਂ ਨੂੰ ਸ਼ਰੇਆਮ ਜਲੀਲ ਕੀਤਾ ਜਾਂਦਾ ਹੈ ਅਤੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਜਾਂਦੀ ਹੈ। ਉਹ ਵੀ ਉੱਥੇ, ਜਿੱਥੇ ਔਰਤ ਜਾਤੀ ਨੂੰ ਸਾਡੇ ਗੁਰੂਆਂ ਪੀਰਾਂ ਨੇ ਜੱਗ ਜਣਨੀ ਕਹਿ ਕੇ ਪੁਕਾਰਿਆ ਹੋਵੇ ਅਤੇ ਜਿਸਨੂੰ ਗੁਰੂ ਸਾਹਿਬ ਨੇ ਵੀ ਗੁਰਬਾਣੀ ਵਿੱਚ ਇਹ ਕਹਿਕੇ ਵਡਿਆਇਆ ਹੋਵੇ,ਕਿ

ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ।

- Advertisement -

 

ਪਰ ਅਫਸੋਸ, ਕਿ ਸਮੇਂ ਦੇ ਹਾਕਮਾਂ ਦੇ ਇਹ ਗੱਲ ਭੋਰਾ ਵੀ ਪੱਲੇ ਨਹੀਂ ਪੈਂਦੀ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ,ਕਿ ਅਗਰ ਸਰਕਾਰਾਂ ਨੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਰੁਜਗਾਰ ਹੀ ਨਹੀਂ ਦੇਣਾ, ਤਾਂ ਸਰਕਾਰਾਂ ਨੂੰ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।ਅਜਿਹਾ ਕਰਨ ਨਾਲ ਨੌਜਵਾਨ ਬੱਚੇ ਵਿੱਦਿਆ ਪ੍ਰਾਪਤ ਕਰਨ ਲਈ ਆਪਣੀ ਜਿੰਦਗੀ ਦੇ ਐਨੇ ਸਾਲ ਬਰਬਾਦ ਤਾਂ ਨਹੀਂ ਕਰਨਗੇ। ਜਦੋਂ ਤੱਕ ਉਹ ਨੌਜਵਾਨ ਹੋਣਗੇ, ਉਦੋਂ ਤੱਕ ਆਪਣਾ ਪੇਟ ਪਾਲਣ ਲਈ ਕੋਈ ਨਾ ਕੋਈ ਰੁਜਗਾਰ ਦਾ ਹੋਰ ਸਾਧਨ ਲੱਭ ਲੈਣਗੇ। ਦੂਸਰਾ ਅਜਿਹੀ ਨਿਕੰਮੀ ਵਿਦਿਆ ਪ੍ਰਣਾਲੀ ਦੇ ਨਾਲ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਥਾਂ ਡਾਂਗਾਂ ਸੋਟਿਆਂ ਨਾਲ ਨਿਵਾਜਿਆ ਜਾਂਦਾ ਹੋਵੇ। ਉਸ ਪੜਾਈ ‘ਤੇ ਉਨ੍ਹਾਂ ਦੇ ਮਾਪਿਆਂ ਦੇ ਗਾੜ੍ਹੇ ਖੂਨ ਪਸੀਨੇ ਦੀ ਕਮਾਈ ਖਰਚ ਹੋਣ ਤੋਂ ਵੀ ਬਚ ਜਾਵੇਗੀ। ਪਰ ਦੂਸਰੇ ਦੇ ਦਰਦ ਨੂੰ ਸਮੇਂ ਦਾ ਹਾਕਮ ਕਿਉਂ ਸਮਝੇਗਾ? ਭਾਵੇਂ ਦੇਸ਼ ਦਾ ਪੜ੍ਹਿਆ ਲਿਖਿਆ ਨੌਜਵਾਨ ਵਰਗ ਆਪਣੀ ਯੋਗਤਾ ਦੇ ਅਨੁਸਾਰ, ਆਪਣਾ ਹੱਕ ਮੰਗਦਾ ਹੈ ਅਤੇ ਇਹ ਮੰਗਣਾ ਵੀ ਚਾਹੀਦਾ ਹੈ। ਪਰ ਰੁਜਗਾਰ ਦੀ ਥਾਂ ਨਸੀਬਾਂ ‘ਚ ਤਾਂ ਕੁੱਝ ਹੋਰ ਹੀ ਲਿਖਿਆ ਹੈ। ਅਜਿਹੇ ਹਾਲਾਤ ਦੇਖ ਕੇ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਅਸੀਂ ਸਾਰੇ ਉਸ ਮਹਾਨ ਦੇਸ਼ ਦੇ ਵਾਸੀ ਹਾ, ਜਿੱਥੇ ਪੜ੍ਹੇ ਲਿਖਿਆ ਨੂੰ ਬਿਨਾਂ ਕਸੂਰ ਤੋਂ ਹੀ ਸ਼ਜਾ ਮਿਲਦੀ ਹੋਵੇ। ਇਸ ਤੋਂ ਇਲਾਵਾ ਹੋਰ ਕੋਈ ਕਸੂਰ ਤਾਂ ਨਜ਼ਰ ਵੀ ਨਹੀਂ ਆ ਰਿਹਾ। ਸਗੋਂ ਪੜ੍ਹਨਾ ਲਿਖਣਾ ਹੀ ਇਨ੍ਹਾਂ ਨੌਜਵਾਨਾਂ ਦਾ ਗੁਨਾਹ ਬਣ ਗਿਆ ਹੈ, ਜਿਸਦੇ ਬਦਲੇ ਉਨ੍ਹਾਂ ਨੂੰ ਅਜਿਹੀ ਸ਼ਜਾ ਮਿਲ ਰਹੀ ਹੈ।

Share this Article
Leave a comment