ਨਵੀਂ ਦਿੱਲੀ : ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਨਿਰਭਿਆ ਦੇ ਚਾਰਾਂ ਦੋਸ਼ੀਆਂ ਦੀ ਫਾਂਸੀ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਆਉਂਦੀ ਕੱਲ੍ਹ ਸਵੇਰ 6 ਵਜੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣੀ ਸੀ। ਪਰ ਹੁਣ ਅਦਾਲਤ ਦੇ ਅਗਲੇ ਹੁਕਮਾਂ ਤੱਕ ਇਸ ਨੂੰ ਮੁਲਤਵੀ ਕੀਤਾ ਗਿਆ ਹੈ।
ਦੱਸਣਯੋਗ ਇਹ ਵੀ ਹੈ ਕਿ ਪ੍ਰਸ਼ਾਸਨ ਵੱਲੋਂ ਫਾਂਸੀ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ। ਇੱਥੇ ਹੀ ਬੱਸ ਨਹੀਂ ਫਾਂਸੀ ਲਈ ਡਮੀ ਰਿਹਸਲ ਵੀ ਕੀਤੀ ਜਾ ਚੁਕੀ ਹੈ। ਯਾਦ ਰਹੇ ਕਿ ਦੱਖਣੀ ਦਿੱਲੀ ਵਿੱਚ 16 ਦਸੰਬਰ 2012 ਨੂੰ ਇੱਕ 23 ਸਾਲਾ ਵਿਦਿਆਰਥਣ ‘ਨਿਰਭਯਾ’ ਨਾਲ ਚਲਦੀ ਬੱਸ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਨਿਰਭਯਾ ਦੀ ਉਸੇ ਸਾਲ 29 ਦਸੰਬਰ ਨੂੰ ਸਿੰਗਾਪੁਰ ਦੇ ਮਾਉਂਟ ਐਲਿਜ਼ਾਬੈਥ ਹਸਪਤਾਲ ਵਿਖੇ ਮੌਤ ਹੋ ਗਈ ਸੀ। ਮੁਕੇਸ਼ ਸਿੰਘ, ਵਿਨੈ ਸ਼ਰਮਾ, ਅਕਸ਼ੈ ਕੁਮਾਰ ਸਿੰਘ, ਪਵਨ ਗੁਪਤਾ, ਰਾਮ ਸਿੰਘ ਅਤੇ ਇੱਕ ਨਾਬਾਲਗ ਨੂੰ ਇਸ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਰਾਸ਼ਟਰਪਤੀ ਨੇ ਮੁਕੇਸ਼, ਵਿਨੈ ਅਤੇ ਅਕਸ਼ੇ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।